ਸਕੂਲ ਲੈਕਚਰਾਰਾਂ ਦੀ ਭਰਤੀ ਲਈ 5158 ਉਮੀਦਵਾਰਾਂ ਨੇ ਦਿੱਤੀ ਪ੍ਰੀਖਿਆ

Sorry, this news is not available in your requested language. Please see here.

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕੀਤਾ ਪ੍ਰੀਖਿਆ ਕੇਂਦਰਾਂ ਦਾ ਨਿਰੀਖਣ
ਪਟਿਆਲਾ 11 ਜੁਲਾਈ 2021
ਸਕੂਲ ਸਿੱਖਿਆ ਦੇ ਖੇਤਰ ‘ਚ ਅੱਵਲ ਨੰਬਰ ਸੂਬੇ ਦਾ ਖਿਤਾਬ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਯਤਨਾਂ ਤਹਿਤ ਅੱਜ ਰਾਜ ਦੇ ਸਰਕਾਰੀ ਸਕੂਲਾਂ ਲਈ ਭਰਤੀ ਕੀਤੇ ਜਾਣ ਵਾਲੇ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਅਸਾਮੀਆਂ ਲਈ 5158 ਉਮੀਦਵਾਰਾਂ ਨੇ ਰਾਜ ਦੇ ਵੱਖ-ਵੱਖ ਜਿਲ੍ਹਿਆਂ ‘ਚ ਪ੍ਰੀਖਿਆ ਦਿੱਤੀ। ਇਸ ਦੌਰਾਨ ਪ੍ਰੀਖਿਆ ਕੇਂਦਰਾਂ ਦਾ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਦੌਰਾ ਕੀਤਾ ਅਤੇ ਪ੍ਰਬੰਧਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।
ਪੰਜਾਬ ਦੇ ਚਾਰ ਜਿਲ੍ਹਾ ਹੈਡਕੁਆਰਟਜ਼ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਤੇ ਪਟਿਆਲਾ ਵਿਖੇ ਸਵੇਰ ਦੇ ਸੈਸ਼ਨ ‘ਚ ਕਾਮਰਸ, ਬਾਇਓਲੋਜੀ, ਭੂਗੋਲ, ਭੌਤਿਕ ਵਿਗਿਆਨ ਤੇ ਪੰਜਾਬੀ ਲੈਕਚਰਾਰਾਂ ਲਈ ਪ੍ਰੀਖਿਆ ਹੋਈ। ਜਿਸ ਵਿੱਚ ਰਾਜ ਭਰ 3542 ‘ਚੋਂ 2807 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ। ਇਸ ਤਰ੍ਹਾਂ 76.25 ਫ਼ੀਸਦੀ ਉਮੀਦਵਾਰ ਪ੍ਰੀਖਿਆ ‘ਚ ਹਾਜ਼ਰ ਹੋਏ। ਇਸੇ ਤਰ੍ਹਾਂ ਸ਼ਾਮ ਦੇ ਸੈਸ਼ਨ ‘ਚ ਅਰਥ ਸ਼ਾਸਤਰ, ਰਸਾਇਣ ਵਿਗਿਆਨ ਤੇ ਅੰਗਰੇਜ਼ੀ ਵਿਸ਼ਿਆਂ ਦੇ ਲੈਕਚਰਾਰਾਂ ਲਈ ਪ੍ਰੀਖਿਆ ਹੋਈ। ਜਿਸ ਵਿੱਚ 2998 ‘ਚੋਂ 2344 ਉਮੀਦਵਾਰਾਂ ਪ੍ਰੀਖਿਆ ‘ਚ ਬੈਠੇ। ਇਸ ਤਰ੍ਹਾਂ ਸ਼ਾਮ ਦੇ ਸੈਸ਼ਨ ‘ਚ 78.16 ਫ਼ੀਸਦੀ ਹਾਜ਼ਰੀ ਰਹੀ।
ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਪਟਿਆਲਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਤੇ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਪਹਿਲਾ ਦੀ ਤਰ੍ਹਾਂ ਹਰ ਕਿਸਮ ਦੀ ਭਰਤੀ ਲਈ ਕੀਤੀ ਜਾਣ ਵਾਲੀ ਪ੍ਰੀਖਿਆ ਪੂਰੇ ਪਾਰਦਰਸ਼ੀ ਤਰੀਕੇ ਨਾਲ ਲਈ ਜਾਂਦੀ ਹੈ। ਜਿਸ ਲਈ ਹਮੇਸ਼ਾ ਪੁਖ਼ਤਾ ਪ੍ਰਬੰਧ ਕੀਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਟੀਚਾ ਸਰਕਾਰੀ ਸਕੂਲਾਂ ‘ਚ ਸਿੱਖਿਆ ਨੂੰ ਹੋਰ ਮਿਆਰੀ ਬਣਾਉਣ ਲਈ ਲੋੜ ਅਨੁਸਾਰ ਸਮੇਂ-ਸਮੇਂ ਸਿਰ ਭਰਤੀ ਕੀਤੀ ਜਾਂਦੀ ਹੈ। ਜਿਸ ਤਹਿਤ ਅੱਜ ਲਈ ਗਈ ਪ੍ਰੀਖਿਆ, ਲੈਕਚਰਾਰਾਂ ਦੀ ਭਰਤੀ ਲਈ ਰੱਖੀ ਗਈ ਸੀ ਤੇ ਭਲਕੇ ਵੀ ਹੋਰਨਾਂ ਵਿਸ਼ਿਆਂ ਦੇ ਲੈਕਚਰਾਰਾਂ ਦੀ ਭਰਤੀ ਲਈ ਪ੍ਰੀਖਿਆ ਲਈ ਜਾਵੇਗੀ।
ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਪਟਿਆਲਾ ਹਰਿੰਦਰ ਕੌਰ ਅਨੁਸਾਰ ਇਸ ਪ੍ਰੀਖਿਆ ਦੌਰਾਨ ਸਵੇਰ ਦੇ ਸੈਸ਼ਨ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਪਟਿਆਲਾ ਵਿਖੇ 2 ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਨਿਊ ਪਾਵਰ ਹਾਊਸ ਕਲੋਨੀ-1 ਪਟਿਆਲਾ ਵਿਖੇ 1 ਵਿਅਕਤੀ ਕਿਸੇ ਹੋਰ ਦੀ ਥਾਂ ਪ੍ਰੀਖਿਆ ਦਿੰਦਾ ਫੜਿਆ ਗਿਆ।ਜਿਨ੍ਹਾਂ ਨੂੰ ਪ੍ਰੀਖਿਆ ਕੇਂਦਰ ਦੇ ਸਟਾਫ਼ ਨੇ ਮੌਕੇ ‘ਤੇ ਕਾਬੂ ਕਰ ਲਿਆ ਅਤੇ ਸਬੰਧਤ ਥਾਣਿਆਂ (ਸਿਵਲ ਲਾਈਨਜ਼ ਨੂੰ 2 ਤੇ ਲਾਹੌਰੀ ਗੇਟ ਨੂੰ 1) ਦੇ ਸਪੁਰਦ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਾਰੇ ਵਿਅਕਤੀ ਹਰਿਆਣਾ ਦੇ ਸ਼ਹਿਰ ਕੈਥਲ ਨਾਲ ਸਬੰਧਤ ਸਨ। ਵਿਭਾਗੀ ਕਾਰਵਾਈ ਸਬੰਧੀ ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾ ਸਬੰਧਤ ਉਮੀਦਵਾਰਾਂ ਦੀ ਭਰਤੀ ਲਈ ਦਾਅਵੇਦਾਰੀ ਰੱਦ ਕੀਤੀ ਜਾਵੇਗੀ ਤੇ ਫਿਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਤਸਵੀਰ:- ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਵਿਖੇ ਭਰਤੀ ਪ੍ਰੀਖਿਆ ਕੇਂਦਰ ਦਾ ਦੌਰਾ ਕਰਦੇ ਹੋਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ, ਨਾਲ ਹਨ ਪ੍ਰਿੰ. ਤੋਤਾ ਸਿੰਘ ਚਹਿਲ।