ਬਰਨਾਲਾ,8 ਜੂਨ 2021
ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਹਤਰ ਪੜ੍ਹਾਈ ਵਿਵਸਥਾ ਉਪਲਬਧ ਕਰਵਾਉਣ ਦੇ ਨਾਲ ਨਾਲ ਕਿੱਤਾ ਮੁਖੀ ਅਗਵਾਈ ਦੇਣ ਲਈ ਵੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਸਿੱਖਿਆ ਵਿਭਾਗ ਵੱਲੋਂ ਇਸ ਮਨੋਰਥ ਲਈ ਸਰਕਾਰੀ ਸਕੂਲਾਂ ‘ਚ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਗਾਈਡੈਂਸ ਕਾਰਨਰ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।
ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ/ਐਲੀਮੈਂਟਰੀ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਨੋਵਿਗਿਆਨਕ ਅਤੇ ਕਿੱਤਾ ਮੁਖੀ ਅਗਵਾਈ ਦੇਣ ਲਈ ਜਿਲ੍ਹੇ ਦੇ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਚ ਇੱਕ ਇੱਕ ਅਧਿਆਪਕ ਨੂੰ ਗਾਈਡੈਂਸ ਕਾਊਂਸਲਰ ਦੀ ਜਿੰਮੇਵਾਰੀ ਦਿੱਤੀ ਗਈ ਹੈ।ਇਹਨਾਂ ਸਕੂਲ ਪੱਧਰ ਦੇ ਗਾਈਡੈਂਸ ਕਾਊਂਸਲਰਾਂ ਨੂੰ ਮੁੱਖ ਦਫ਼ਤਰ ਵੱਲੋਂ ਵਿਦਿਆਰਥੀਆਂ ਦੀਆਂ ਮਨੋਵਿਗਿਆਨਕ ਸਮੱਸਿਆਵਾਂਹੱਲ ਕਰਨ ਅਤੇ ਕਿੱਤਿਆਂ ਸੰਬੰਧੀ ਅਗਵਾਈ ਦੇਣ ਹਿੱਤ ਸਮੇਂ-ਸਮੇਂ ‘ਤੇ ਸਿਖਲਾਈ ਦਿੱਤੀ ਜਾਂਦੀ ਹੈ।ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਹੁਣ ਸਮੂਹ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਗਾਈਡੈਂਸ ਕਾਰਨਰ ਸਥਾਪਿਤ ਕੀਤੇ ਜਾਣਗੇ।ਇਹਨਾਂ ਕਾਰਨਰਾਂ ਜਰੀਏ ਵਿਦਿਆਰਥੀਆਂ ਨੂੰ ਸਰਕਾਰੀ ਅਤੇ ਗੈਰ ਸਰਕਾਰੀ ਖੇਤਰ ਵਿੱਚ ਰੋਜ਼ਗਾਰ ਪ੍ਰਾਪਤੀ ਲਈ ਯੋਗਤਾਵਾਂ ਅਤੇ ਸਵੈ-ਰੋਜ਼ਗਾਰ ਸਥਾਪਤੀ ਬਾਬਤ ਜਾਣਕਾਰੀ ਦੇਣ ਦੇ ਬਹੁਪੱਖੀ ਉਪਰਾਲੇ ਕੀਤੇ ਜਾਣਗੇ।
ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਗਾਈਡੈਂਸ ਕਾਰਨਰਾਂ ਦੀ ਸਥਾਪਨਾ ਬਾਰੇ ਦੱਸਦਿਆਂ ਕਿਹਾ ਕਿ ਕਾਰਨਰ ਵਿੱਚ ਲਗਾਏ ਜਾਣ ਵਾਲੇ ਨੋਟਿਸ ਬੋਰਡ ‘ਤੇ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵੱਖ ਵੱਖ ਕਿੱਤਿਆਂ ਦੀ ਜਾਣਕਾਰੀ ਪ੍ਰਦਰਸ਼ਿਤ ਕੀਤੀ ਜਾਵੇਗੀ।ਕਿੱਤਾ ਮੁਖੀ ਕੋਰਸਾਂ ਦੀ ਵਿਸਥਾਰਤ ਜਾਣਕਾਰੀ ਦਿੰਦੇ ਬਰਾਊਸ਼ਰਜ ਵੀ ਕਾਰਨਰ ਵਿੱਚ ਉਪਲਬਧ ਕਰਵਾਏ ਜਾਣਗੇ।ਵਿਦਿਆਰਥੀਆਂ ਦੀ ਪ੍ਰੇਰਨਾ ਲਈ ਸੰਘਰਸ਼ ਕਰਦਿਆਂ ਉੱਚ ਮੁਕਾਮ ਹਾਸਿਲ ਕਰਨ ਵਾਲੀਆਂ ਸਖਸ਼ੀਅਤਾਂ ਦੀਆਂ ਤਸਵੀਰਾਂ ਅਤੇ ਸੰਖੇਪ ਜੀਵਨ ਬਿਊਰਾ ਵੀ ਕਾਰਨਰ ਵਿੱਚ ਮੁਹੱਈਆ ਕਰਵਾਇਆ ਜਾਵੇਗਾ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਕਾਰਨਰ ਵਿੱਚ ਰੋਜ਼ਗਾਰ ਸਮਾਚਾਰ ਪੱਤਰ ਵੀ ਵਿਦਿਆਰਥੀਆਂ ਲਈ ਰੱਖੇ ਜਾਣਗੇ ਅਤੇ ਕਾਰਨਰ ਨੂੰ ਕਿੱਤਾ ਮੁਖੀ ਸਲੋਗਨ ਲਿਖਕੇ ਸੁੰਦਰ ਦਿੱਖ ਦਿੱਤੀ ਜਾਵੇਗੀ।ਸਿੱਖਿਆ ਅਧਿਕਾਰੀਆਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਵੱਖ ਵੱਖ ਖੇਤਰਾਂ ਵਿੱਚ ਨੌਕਰੀਆਂ ਦੇ ਅਵਸਰਾਂ ਦੀ ਜਾਣਕਾਰੀ ਦੇਣ ਤੋਂ ਲੈ ਕੇ ਵਿਦਿਆਰਥੀਆਂ ਨੂੰ ਮਾਨਸਿਕ ਤੌਰ ‘ਤੇ ਮਜਬੂਤ ਬਣਾਉਣ ਅਤੇ ਸਾਕਾਰਤਮਕ ਸੋਚ ਦੇ ਧਾਰਨੀ ਬਣਾਉਣ ਵਿੱਚ ਇਹਨਾਂ ਗਾਈਡੈਂਸ ਕਾਰਨਰਾਂ ਦੀ ਭੂਮਿਕਾ ਅਹਿਮ ਹੋਵੇਗੀ।

हिंदी





