ਸਹਿਕਾਰੀ ਸਭਾਵਾਂ ਨੇ ਪਰਾਲੀ ਦੇ ਸਹੀ ਨਿਪਟਾਰੇ ਲਈ ਚਲਾਈ ਜਾਗਰੂਕਤਾ ਮੁਹਿੰਮ

Jassomajra society

Sorry, this news is not available in your requested language. Please see here.

-ਕਿਸਾਨਾਂ ਨੂੰ ਨਵੀਆਂ ਤਕਨੀਕਾਂ ਅਪਣਾਉਣ ਲਈ ਕੀਤਾ ਪ੍ਰੇਰਿਤ
ਪਟਿਆਲਾ, 22 ਅਕਤੂਬਰ:
ਸਹਿਕਾਰੀ ਸਭਾਵਾਂ ਵੱਲੋਂ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਸਬੰਧੀ ਜਾਣਕਾਰੀ ਦੇਣ ਅਤੇ ਪਰਾਲੀ ਨੂੰ ਅੱਗ ਲਗਾਉਣ ਨਾਲ ਜਮੀਨ ਨੂੰ ਹੋਣ ਵਾਲੇ ਨੁਕਸਾਨ ਪ੍ਰਤੀ ਸੁਚੇਤ ਕਰਨ ਦੇ ਮਕਸਦ ਨਾਲ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਤਹਿਤ ਅੱਜ ਸਹਿਕਾਰੀ ਸਭਾ ਜੱਸੋਮਾਜਰਾ, ਸਮਪੂਰਨਗੜ੍ਹ, ਭਸਮੜਾਂ ਅਤੇ ਸ਼ੁਤਰਾਣਾ ਵਿਖੇ ਕੈਂਪ ਲਗਾਕੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ।
ਜਾਗਰੂਕਤਾ ਕੈਂਪਾਂ ਬਾਰੇ ਜਾਣਕਾਰੀ ਦਿੰਦਿਆ ਸਹਿਕਾਰੀ ਸਭਾਵਾਂ ਦੇ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸ. ਸਰਬੇਸ਼ਵਰ ਸਿੰਘ ਮੋਹੀ ਨੇ ਦੱਸਿਆ ਕਿ ਕੈਂਪਾਂ ‘ਚ ਕਿਸਾਨਾਂ ਨੂੰ ਸਰਕਾਰ ਵੱਲੋਂ ਮਸ਼ੀਨਰੀ ‘ਤੇ ਦਿੱਤੀ ਜਾਂਦੀ ਸਬਸਿਡੀ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਨਵੀਂ ਮਸ਼ੀਨਰੀ ਸਬੰਧੀ ਖੇਤੀਬਾੜੀ ਵਿਭਾਗ ਦੇ ਨੁਮਾਇੰਦਿਆਂ ਵੱਲੋਂ ਤਕਨੀਕੀ ਜਾਣਕਾਰੀ ਦੇਣ ਸਮੇਤ ਪਰਾਲੀ ਨਾਲ ਹੁੰਦੇ ਜਮੀਨ ਤੇ ਵਾਤਾਵਰਣ ਦੇ ਨੁਕਸਾਨ ਸਬੰਧੀ ਵੀ ਜਾਗਰੂਕ ਕੀਤਾ ਜਾ ਰਿਹਾ ਹੈ।
ਉਨ੍ਹਾਂ ਇਸ ਮੌਕੇ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਪਰਾਲੀ ਨੂੰ ਅੱਗ ਲਗਾਉਣ ਦੀ ਬਿਜਾਏ ਮਾਹਰਾਂ ਵੱਲੋਂ ਇਸ ਦੇ ਨਿਪਟਾਰੇ ਲਈ ਦਿੱਤੇ ਗਏ ਸੁਝਾਅ ਮਨ ਕੇ ਆਪਣੀ ਜਮੀਨ ਤੇ ਵਾਤਾਵਰਣ ਨੂੰ ਬਚਾਉਣ ਲਈ ਹੰਭਲਾ ਮਾਰਨ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਹਮੇਸ਼ਾ ਕਿਸਾਨਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਯਤਨਸ਼ੀਲ ਹਨ।