ਸ਼ਹਿਦ ਮੱਖੀ ਪਾਲਣ ਸਬੰਧੀ ਬਾਗਬਾਨੀ ਵਿਭਾਗ ਰੂਪਨਗਰ ਵਲੋਂ ਆਯੋਜਿਤ ਕੀਤਾ ਗਿਆ ਦੋ ਦਿਨਾਂ ਜ਼ਿਲ੍ਹਾ ਪੱਧਰੀ ਸੈਮੀਨਾਰ

Sorry, this news is not available in your requested language. Please see here.

ਰੂਪਨਗਰ, 17 ਜੂਨ 2025
ਬਾਗਬਾਨੀ ਵਿਭਾਗ ਰੂਪਨਗਰ ਵੱਲੋਂ ਡਾਇਰੈਕਟਰ ਬਾਗਬਾਨੀ ਪੰਜਾਬ ਸ਼੍ਰੀਮਤੀ ਸ਼ੈਲਿੰਦਰ ਕੌਰ ਆਈ.ਐਫ.ਐਸ. ਦੇ ਨਿਰਦੇਸ਼ਾਂ ਅਨੁਸਾਰ ਸ਼ਹਿਦ ਮੱਖੀ ਪਾਲਣ ਵਿਸ਼ੇ ਤੇ ਇੱਕ ਜ਼ਿਲ੍ਹਾ ਪੱਧਰੀ ਸੈਮੀਨਾਰ ਆਯੋਜਿਤ ਕੀਤਾ ਗਿਆ।
ਵਿਭਾਗ ਵਲੋਂ ਸੈਮੀਨਾਰ ਦੇ ਪਹਿਲੇ ਦਿਨ ਕਿਸਾਨਾਂ ਲਈ ਜੀ.ਐਸ. ਅਸਟੇਟ ਰੂਪਨਗਰ ਵਿਖੇ ਇੱਕ ਤਕਨੀਕੀ ਸ਼ੈਸ਼ਨ ਕਰਵਾਇਆ ਗਿਆ ਜਿਸ ਵਿਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਮੱਖੀ ਪਾਲਕਾਂ ਸਮੇਤ 200 ਤੋਂ ਵੱਧ ਕਿਸਾਨਾਂ ਅਤੇ ਪੇਂਡੂ ਵਿਕਾਸ ਵਿਭਾਗ ਵਲੋਂ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸੈਲਫ਼ ਹੈਲਪ ਗਰੁੱਪ ਦੀਆਂ ਮਹਿਲਾਵਾਂ ਨੇ ਭਾਗ ਲਿਆ।
ਇਸ ਸਮਾਰੋਹ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਐਸ. ਡੀ. ਐਮ. ਰੂਪਨਗਰ ਡਾ. ਸੰਜੀਵ ਕੁਮਾਰ ਨੇ ਸ਼ਿਰਕਤ ਕੀਤੀ ਅਤੇ ਆਏ ਕਿਸਾਨਾਂ ਨੂੰ ਪ੍ਰੇਰਿਤ ਕਰਦੇ ਕਿਹਾ ਕਿ ਨੀਮ ਪਹਾੜੀ ਇਲਾਕਾ ਹੋਣ ਕਰ ਕੇ ਰੂਪਨਗਰ ਜ਼ਿਲ੍ਹੇ ਵਿੱਚ ਇਸ ਕਿੱਤੇ ਨੂੰ ਪ੍ਰਫੁੱਲਤ ਕਰਨ ਦੀ ਬਹੁਤ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਜ਼ਿਲ੍ਹੇ ਵਿੱਚ ਦੂਜੇ ਜ਼ਿਲ੍ਹਿਆਂ ਅਤੇ ਰਾਜਾਂ ਤੋਂ ਮੱਖੀ ਪਾਲਕ ਆਪਣੇ ਬਕਸੇ ਇਥੇ ਲਿਆ ਕੇ ਰੱਖਦੇ ਹਨ ਪ੍ਰੰਤੂ ਜ਼ਿਲ੍ਹੇ ਵਿੱਚ ਆਪਣੇ ਮੱਖੀ ਪਾਲਕਾਂ ਦੀ ਬਹੁਤ ਘਾਟ ਹੈ। ਇਸ ਲਈ ਜ਼ਰੂਰੀ ਹੈ ਖੇਤੀਬਾੜੀ ਦੇ ਨਾਲ ਨਾਲ ਇਸ ਕਿੱਤੇ ਨੂੰ ਵੱਧ ਤੋਂ ਵੱਧ ਅਪਣਾ ਕੇ ਮੁਨਾਫ਼ੇ ਵਿੱਚ ਵਾਧਾ ਕੀਤਾ ਜਾ ਸਕੇ। ਕਿਸਾਨਾਂ ਦੀ ਹੌਂਸਲਾ ਅਫਜ਼ਾਈ ਲਈ ਉਨ੍ਹਾਂ ਵਲੋਂ ਜ਼ਿਲ੍ਹੇ ਦੇ ਮੱਖੀ ਪਾਲਕਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਤੋਂ ਪਹਿਲਾਂ ਸੈਮੀਨਾਰ ਦੀ ਸ਼ੁਰੂਆਤ ਕਰਦਿਆਂ ਡਾ. ਚਤੁਰਜੀਤ ਸਿੰਘ ਰਤਨ ਨੇ ਦੱਸਿਆ ਜ਼ਿਲ੍ਹਾ ਰੂਪਨਗਰ ਵਿੱਚ ਸ਼ਹਿਦ ਮੱਖੀ ਪਾਲਣ ਕਿੱਤੇ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ ਨੈਸ਼ਨਲ ਬੀ-ਕੀਪਿੰਗ ਐਂਡ ਹਨੀ ਮਿਸ਼ਨ (ਐਨ.ਬੀ.ਐਚ.ਐਮ.) ਸਕੀਮ ਤਹਿਤ ਵਿਭਾਗ ਵਲੋਂ ਇਹ ਸੈਮੀਨਾਰ ਆਯੋਜਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਆਧਾਰਿਤ ਹੋਰ ਸਹਾਇਕ ਧੰਦਿਆਂ ਨਾਲੋਂ ਸ਼ਹਿਦ ਮੱਖੀ ਪਾਲਣ ਦਾ ਧੰਦਾ ਜਿਆਦਾ ਮਹੱਤਵਪੂਰਨ ਅਤੇ ਫਾਇਦੇਮੰਦ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਕਿਸਾਨ, ਬੇ-ਜ਼ਮੀਨਾ ਵਿਅਕਤੀ, ਬੇ-ਰੁਜ਼ਗਾਰ ਨੌਜਵਾਨ, ਔਰਤ ਕਿਸਾਨ, ਘਰੇਲੂ ਔਰਤਾਂ ਇਸ ਕਿੱਤੇ ਨੂੰ ਅਪਣਾ ਸਕਦੀਆਂ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਇਹ ਕਿੱਤਾ ਸ਼ੁਰੂ ਕਰਨ ਲਈ 50 ਬਕਸਿਆਂ ਤੇ ਆਉਣ ਵਾਲੇ ਕੁੱਲ 2 ਲੱਖ ਰੁਪਏ ਦੇ ਖਰਚੇ ਦੇ ਵਿਰੁੱਧ 40 ਫ਼ੀਸਦ ਦੇ ਹਿਸਾਬ ਨਾਲ 80000 ਰੁਪਏ ਦੀ ਵਿੱਤੀ ਸਹਾਇਤਾ ਇਸ ਵਿਭਾਗ ਵਲੋਂ ਮੁੱਹਈਆ ਕਰਵਾਈ ਜਾਂਦੀ ਹੈ।
ਇਸ ਉਪਰੰਤ ਕ੍ਰਿਸ਼ੀ ਵਿਗਿਆਨ ਕੇਂਦਰ ਰੂਪਨਗਰ ਤੋਂ ਆਏ ਸਹਾਇਕ ਪ੍ਰੋਫੈਸਰ ਕੀਟ ਵਿਗਿਆਨ ਡਾ. ਉਰਵੀ ਸ਼ਰਮਾ ਨੇ ਆਪਣੇ ਭਾਸ਼ਣ ਵਿੱਚ ਸ਼ਹਿਦ ਮੱਖੀ ਪਾਲਣ ਦਾ ਕਿੱਤਾ ਸ਼ੁਰੂ ਕਰਨ ਲਈ ਜ਼ਰੂਰੀ ਨੁਕਤੇ ਸਾਂਝੇ ਕਰਦੇ ਹੋਏ ਦੱਸਿਆ ਕਿ ਇਸ ਕਿੱਤੇ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਜਾਂ ਜ਼ਿਲ੍ਹਿਆਂ ਵਿੱਚ ਬਣੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਟ੍ਰੇਨਿੰਗ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਰ੍ਹੋਂ, ਤੋਰੀਆ, ਰਾਇਆ, ਗੋਭੀ ਸਰ੍ਹੋਂ, ਸਫ਼ੈਦਾ, ਬਰਸੀਮ, ਸੂਰਜਮੁਖੀ, ਲੀਚੀ, ਅਰਹਰ, ਟਾਹਲੀ, ਖੈਰ ਨਰਮਾ ਆਦਿ ਫ਼ਸਲਾਂ ਵਾਲੇ ਇਲਾਕਿਆਂ ਵਿੱਚ ਇਸ ਕਿੱਤੇ ਨੂੰ ਬਹੁਤ ਕਾਮਯਾਬੀ ਨਾਲ ਅਪਣਾਇਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਡਾ. ਰਾਕੇਸ਼ ਸ਼ਰਮਾ ਮੁੱਖ ਖੇਤੀਬਾੜੀ ਅਫ਼ਸਰ ਰੂਪਨਗਰ, ਡਾ. ਹਰਪ੍ਰੀਤ ਕੌਰ ਸਹਾਇਕ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਸ਼੍ਰੀ ਰਵੀਪਾਲ ਸਿੰਘ ਬਾਗਬਾਨੀ ਵਿਕਾਸ ਅਫਸਰ, ਮੈਡਮ ਅਮਰਦੀਪ ਕੌਰ ਸੀਨੀਅਰ ਮੱਛੀ ਅਫ਼ਸਰ, ਮੱਛੀ ਵਿਭਾਗ, ਡਾ. ਜਸਵੀਰ ਸਿੰਘ, ਰੋਜ਼ਗਾਰ ਕਾਉਂਸਲਰ, ਰੋਜ਼ਗਾਰ ਵਿਭਾਗ, ਸ਼੍ਰੀ ਗੁਰਵਿੰਦਰ ਸਿੰਘ, ਯੂਕੋ ਆਰ ਸੇਤੀ, ਸ਼੍ਰੀ ਸਤਵਿੰਦਰ ਸਿੰਘ, ਸੁਪਰਵਾਈਜ਼ਰ, ਪੰਜਾਬ ਐਗਰੋ, ਸ਼੍ਰੀ ਯੁਵਰਾਜ, ਕੰਨਸਲਟੈਂਟ, ਏ. ਆਈ. ਐੱਫ., ਵਲੋਂ ਆਪਣੇ-ਆਪਣੇ ਵਿਭਾਗ ਨਾਲ ਸਬੰਧਤ ਗਤੀਵਿਧੀਆਂ ਅਤੇ ਸਕੀਮਾਂ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੌਕੇ ਜ਼ਿਲ੍ਹੇ ਦੇ ਅਗਾਂਹਵਧੂ ਮੱਖੀ ਪਾਲਕ ਸ਼੍ਰੀ ਰਜਿੰਦਰ ਸਿੰਘ, ਪਿੰਡ ਫਿਰੋਜ਼ਪੁਰ, ਸ਼੍ਰੀ ਚਮਕੌਰ ਸਾਹਿਬ ਵਲੋਂ ਸ਼ਹਿਦ ਦੀ ਗੁਣਵੱਤਾ ਅਤੇ ਮੰਡੀਕਰਨ ਸਬੰਧੀ ਧਿਆਨ ਰੱਖਣ ਯੋਗ ਜਰੂਰੀ ਗੱਲਾਂ ਸਾਂਝੀਆਂ ਕੀਤੀਆਂ ਗਈਆਂ।
ਇਸ ਸਮਾਰੋਹ ਵਿੱਚ ਜ਼ਿਲ੍ਹਾ ਰੂਪਨਗਰ ਦੇ ਸ਼ਹਿਦ ਉਤਪਾਦਕਾਂ ਵਲੋਂ ਕਿੱਤੇ ਨੂੰ ਦਰਸਾਉਂਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ।
ਅੰਤ ਵਿੱਚ ਡਾ. ਵਿਜੈ ਪ੍ਰਤਾਪ, ਸਹਾਇਕ ਡਾਇਰੈਕਟਰ ਬਾਗਬਾਨੀ, ਬਾਗਬਾਨੀ ਵਿਭਾਗ ਵਲੋਂ ਸਮਾਰੋਹ ਵਿੱਚ ਆਏ ਅਧਿਕਾਰੀਆਂ, ਮੱਖੀ ਪਾਲਕਾਂ ਅਤੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਵਿਭਾਗ ਵਲੋਂ ਉਲੀਕੇ ਗਏ ਇਸ ਸੈਮੀਨਾਰ ਨੂੰ ਮੱਖੀ ਪਾਲਕਾਂ ਅਤੇ ਕਿਸਾਨਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ ਜਿਸ ਕਰਕੇ ਅੱਜ ਇਹ ਸਾਰੇ ਵੱਡੀ ਗਿਣਤੀ ਵਿੱਚ ਇਥੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਆਸ ਹੈ ਕਿ ਇਸ ਸੈਮੀਨਾਰ ਵਿੱਚ ਸਾਂਝੀ ਕੀਤੀ ਗਈ ਜਾਣਕਾਰੀ ਤੋਂ ਪ੍ਰਭਾਵਿਤ ਹੋ ਕੇ ਬਹੁਤ ਸਾਰੇ ਕਿਸਾਨ ਇਸ ਕਿੱਤੇ ਨੂੰ ਅਪਨਾਉਣਗੇ।
ਅਖੀਰ ਵਿੱਚ ਸਮਾਰੋਹ ਵਿੱਚ ਆਏ ਸਾਰੇ ਕਿਸਾਨਾਂ ਨੂੰ ਬਾਗਬਾਨੀ ਵਿਭਾਗ, ਰੂਪਨਗਰ ਵੱਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਬੂਟੇ ਵੀ ਵੰਡੇ ਗਏ।
ਸੈਮੀਨਾਰ ਦੂਜੇ ਦਿਨ ਬਾਗਬਾਨੀ ਵਿਭਾਗ ਵਲੋਂ ਕਿਸਾਨਾਂ ਦਾ ਸ਼ੁਕਲਾ ਹਨੀ ਬੀ-ਫਾਰਮ, ਪਿੰਡ ਜਾਂਦਲਾ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪ੍ਰੋਸੈਸਿੰਗ ਯੂਨਿਟ ਦਾ ਦੌਰਾ ਕਰਵਾਇਆ ਗਿਆ ਜਿੱਥੇ ਓਹਨਾਂ ਨੂੰ ਅਗਾਂਹਵਧੂ ਮੱਖੀ ਪਾਲਕ ਸ਼੍ਰੀ ਅਸ਼ਵਨੀ ਕੁਮਾਰ ਸ਼ੁਕਲਾ ਵਲੋਂ ਮੱਖੀਆਂ ਦੇ ਬਕਸਿਆਂ ਦੀ ਦੇਖ ਰੇਖ ਅਤੇ ਸ਼ਹਿਦ ਦੀ ਪ੍ਰੋਸੈਸਿੰਗ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਾਗਬਾਨੀ ਵਿਭਾਗ ਦੇ ਅਧਿਕਾਰੀ ਸ਼੍ਰੀ ਭਾਰਤ ਭੂਸ਼ਣ ਅਤੇ ਸ਼੍ਰੀ ਯੁਵਰਾਜ ਭਾਰਦਵਾਜ ਸਮੇਤ ਦਫਤਰੀ ਸਟਾਫ ਵੀ ਹਾਜ਼ਰ ਸੀ।