ਸਿਹਤਮੰਦ ਜੀਵਨ ਲਈ ਵਧ ਰਹੀ ਆਬਾਦੀ ਨੂੰ ਰੋਕਣਾ ਬਹੁਤ ਜ਼ਰੂਰੀ : ਡਾ. ਗੀਤਾਂਜਲੀ ਸਿੰਘ

Sorry, this news is not available in your requested language. Please see here.

ਕਮਿਊਨਿਟੀ ਹੈਲਥ ਸੈਂਟਰ ਰਾਹੋਂ ਵਿਖੇ ਮਨਾਇਆ ਗਿਆ ਵਿਸ਼ਵ ਆਬਾਦੀ ਦਿਵਸ
ਨਵਾਂਸ਼ਹਿਰ, 11 ਜੁਲਾਈ 2021  ਦੇਸ਼ ਵਿੱਚ ਬੇਕਾਬੂ ਆਬਾਦੀ ਨੂੰ ਸਥਿਰ ਕਰਨ ਦੇ ਉਪਰਾਲਿਆਂ ਦੇ ਤੌਰ ਉੱਤੇ ਸੀਨੀਅਰ ਮੈਡੀਕਲ ਅਫ਼ਸਰ ਡਾ ਗੀਤਾਂਜਲੀ ਸਿੰਘ ਅਤੇ ਡਾ ਊਸ਼ਾ ਕਿਰਨ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਰਾਹੋਂ ਵਿਖੇ ਅੱਜ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। ਇਸ ਦੌਰਾਨ ਪੀਐੱਚਸੀ ਮੁਜ਼ੱਫਰਪੁਰ ਦੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਰਾਜ ਪੱਧਰ ਉੱਤੇ ਵਿਸ਼ਵ ਆਬਾਦੀ ਦਿਵਸ ਸਬੰਧੀ ਕਰਵਾਏ ਗਏ ਸਮਾਗਮ ਵਿੱਚ ਆਨਲਾਈਨ ਮਾਧਿਅਮ ਰਾਹੀਂ ਸ਼ਮੂਲੀਅਤ ਵੀ ਕੀਤੀ।
ਇਸ ਮੌਕੇ ਪੀ.ਐੱਚ.ਸੀ. ਮੁਜ਼ੱਫਰਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ ਗੀਤਾਂਜਲੀ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿਨੋਂ-ਦਿਨ ਵਧ ਰਹੀ ਆਬਾਦੀ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਜਿਸ ਵਿਚ ਭੋਜਨ ਅਤੇ ਪਾਣੀ ਦੀ ਕਮੀ ਵੀ ਆਵੇਗੀ। ਅਨਪੜ੍ਹਤਾ, ਬੇਰੁਜ਼ਗਾਰੀ ਖਤਮ ਕਰਨ ਲਈ ਤੇ ਸਿਹਤਮੰਦ ਜੀਵਨ ਲਈ ਵਧ ਰਹੀ ਆਬਾਦੀ ਨੂੰ ਰੋਕਣਾ ਬਹੁਤ ਜ਼ਰੂਰੀ ਹੈ।
ਡਾ ਗੀਤਾਂਜਲੀ ਸਿੰਘ ਨੇ ਕਿਹਾ ਕਿ ਵਿਸ਼ਵ ਆਬਾਦੀ ਦਿਵਸ ਨੂੰ ਸਮਰਪਿਤ ਵਿਸ਼ਵ ਆਬਾਦੀ ਪੰਦਰਵਾੜਾ 11 ਤੋਂ 24 ਜੁਲਾਈ ਤੱਕ ਮਨਾਇਆ ਜਾ ਰਿਹਾ ਹੈ, ਜਿਸ ਵਿਚ ਨਲਬੰਦੀ ਤੇ ਨਸਬੰਦੀ ਦੇ ਆਪ੍ਰਰੇਸ਼ਨ ਕੀਤੇ ਜਾਣਗੇ। ਉਨ੍ਹਾਂ ਨੇ ਸਮੂਹ ਫੀਲਡ ਸਟਾਰ ਨੂੰ ਹਦਾਇਤ ਕੀਤੀ ਕਿ ਯੋਗ ਜੋੜਿਆਂ ਨੂੰ ਗਰੁੱਪ ਮੀਟਿੰਗਾਂ ਰਾਹੀਂ ਛੋਟਾ ਪਰਿਵਾਰ ਸੁੱਖੀ ਪਰਿਵਾਰ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਪਰਿਵਾਰ ਭਲਾਈ ਦੇ ਕੱਚੇ ਤੇ ਪੱਕੇ ਸਾਧਨਾਂ ਨੂੰ ਅਪਣਾਉਣ ਸਬੰਧੀ ਪ੍ਰੇਰਿਤ ਕੀਤਾ ਜਾਵੇ।
“ਆਫਤ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ, ਸਮਰਥ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ” ਥੀਮ ਤਹਿਤ ਮਨਾਏ ਗਏ ਵਿਸ਼ਵ ਆਬਾਦੀ ਦਿਵਸ ਦਾ ਮੁੱਖ ਮਕਸਦ ਆਮ ਲੋਕਾਂ ਖਾਸ ਕਰਕੇ ਯੋਗ ਜੋੜਿਆਂ ਨੂੰ ਪਰਿਵਾਰ ਨਿਯੋਜਨ ਦੇ ਗਰਭ ਰੋਕੂ ਸਾਧਨ ਅਪਣਾਉਣ ਲਈ ਪ੍ਰੇਰਿਤ ਕਰਨਾ ਹੈ।
ਇਸ ਮੌਕੇ ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ ਨੇ ਪਰਿਵਾਰ ਨਿਯੋਜਨ ਦੇ ਨਵੇਂ ਸਾਧਨਾਂ ਸਮੇਤ ਸਥਾਈ ਅਤੇ ਅਸਥਾਈ ਸਾਧਨਾਂ ਜਿਵੇਂ ਕਿ ਕੰਡੋਮ, ਓਰਲ ਪਿੱਲਸ, ਕਾਪਰ-ਟੀ, ਪੀ.ਪੀ.ਆਈ.ਯੂ.ਸੀ.ਡੀ, ਛਾਇਆ ਗਰਭ ਨਿਰੋਧਕ ਗੋਲੀ, ਅੰਤਰਾ ਗਰਭ ਨਿਰੋਧਕ ਇੰਜੈਕਸ਼ਨ, ਨਲਬੰਦੀ ਅਤੇ ਨਸਬੰਦੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਲੋੜਵੰਦ ਪਰਿਵਾਰ ਨੂੰ ਇਹ ਸਾਧਨ ਜ਼ਰੂਰ ਅਪਣਾਉਣੇ ਚਾਹੀਦੇ ਹਨ।
ਡਾ. ਗੀਤਾਂਜਲੀ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਦੋ ਬੱਚਿਆਂ ਵਿੱਚ ਅੰਤਰ ਰੱਖਣ ਲਈ ਅੰਤਰਾ ਟੀਕਾ ਲਾਇਆ ਜਾਂਦਾ ਹੈ ਜੋ ਕਿ ਜਣੇਪੇ ਤੋਂ ਛੇ ਹਫਤੇ ਬਾਅਦ ਹਰ 3 ਮਹੀਨੇ ਦੇ ਅੰਤਰ ‘ਤੇ ਲੱਗਦਾ ਹੈ। ਇਹ ਟੀਕਾ ਸਾਧਾਰਨ ਮਾਹਵਾਰੀ ਦੇ ਪਹਿਲੇ 7 ਦਿਨਾਂ ਦੌਰਾਨ ਲਾਇਆ ਜਾ ਸਕਦਾ ਹੈ ਜੋ ਔਰਤ ਨੂੰ 3 ਮਹੀਨੇ ਤੱਕ ਗਰਭਵਤੀ ਹੋਣ ਤੋਂ ਰੋਕੇਗਾ। ਔਰਤਾਂ ਗਰਭਧਾਰਨ ਤੋਂ ਬਚਣ ਲਈ ਹਰ ਤਿੰਨ ਮਹੀਨੇ ਬਾਅਦ ਇਸਦੀ ਵਰਤੋਂ ਕਰ ਸਕਦੀਆਂ ਹਨ।
ਡਾ. ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਗਰਭਰੋਕੂ ਗੋਲੀ ਛਾਇਆ ਦੀ ਵੀ ਸ਼ੁਰੂਆਤ ਕੀਤੀ ਗਈ ਸੀ, ਜੋ ਦੁੱਧ ਪਿਲਾਉਣ ਵਾਲੀਆਂ ਮਾਵਾਂ ਲਈ ਵੀ ਬਹੁਤ ਸੁਰੱਖਿਅਤ ਹੈ। ਇਸ ਗੋਲੀ ਦਾ ਮਹਿਲਾਵਾਂ ਦੀ ਸਿਹਤ ‘ਤੇ ਕੋਈ ਸਾਈਡ ਇਫੈਕਟ ਨਹੀਂ ਪੈਂਦਾ ਹੈ, ਕਿਉਂਕਿ ਇਹ ਕੋਈ ਹਾਰਮੋਨਲ ਗੋਲੀ ਨਹੀਂ ਹੈ। ਇਹ ਨਵੇਂ ਸਾਧਨ ਵਧੇਰੇ ਪ੍ਰਭਾਵੀ, ਸੁਵਿਧਾਜਨਕ ਅਤੇ ਪਰਖੇ ਹੋਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਐਜੂਕੇਟਰ ਮਨਿੰਦਰ ਸਿੰਘ, ਹੈਲਥ ਇੰਸਪੈਕਟਰ ਰਵੀਇੰਦਰ ਸਿੰਘ, ਸੁਲਿੰਦਰ ਬਾਂਸਲ, ਐੱਲ ਐੱਚ ਵੀਜ ਸਮੇਤ ਹੋਰ ਸਟਾਫ ਹਾਜਰ ਸੀ।