ਸਿਹਤ ਵਿਭਾਗ ਵੱਲੋਂ ਕੰਜਕ ਪੂਜਨ ਮੌਕੇ ਜਾਗਰੂਕਤਾ  ਸਮਾਰੋਹ ਆਯੋਜਿਤ

Sorry, this news is not available in your requested language. Please see here.

ਸਿਹਤ ਵਿਭਾਗ ਵੱਲੋਂ ਕੰਜਕ ਪੂਜਨ ਮੌਕੇ ਜਾਗਰੂਕਤਾ  ਸਮਾਰੋਹ ਆਯੋਜਿਤ

——ਬੇਟੀ ਬਚਾਓ, ਬੇਟੀ ਪੜ੍ਹਾਓ, ਬੇਟੀ ਵਧਾਓ ਦਾ ਦਿੱਤਾ ਸੰਦੇਸ਼

ਫ਼ਿਰੋਜ਼ਪੁਰ, 3 ਅਕਤੂਬਰ:

        ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ. ਰਾਜਿੰਦਰਪਾਲ ਦੀ ਅਗਵਾਈ ਹੇਠ ਵੱਖ-ਵੱਖ ਪ੍ਰਕਾਰ ਦੀਆਂ ਸਿਹਤ ਗਤੀਵਿਧੀਆਂ ਨਿਰੰਤਰ ਜਾਰੀ ਹਨ।ਇਸੇ ਸਿਲਸਿਲੇ ਵਿਚ ਕੰਜਕ ਪੂਜਨ ਮੌਕੇ ਗਰਲ ਚਾਈਲਡ ਪ੍ਰੋਤਸਾਹਨ ਹਿੱਤ ਇੱਕ ਜਾਗਰੂਕਤਾ ਸਮਾਰੋਹ ਜ਼ਿਲ੍ਹਾ ਹਸਪਤਾਲ ਫ਼ਿਰੋਜ਼ਪੁਰ ਵਿਖੇ ਆਯੋਜਿਤ ਕੀਤਾ ਗਿਆ। ਇਸ ਮੌਕੇ ਸੰਸਥਾ ਵਿਖੇ ਹਾਲ ਹੀ ਵਿੱਚ ਪੈਦਾ ਹੋਈਆਂ ਨਵ-ਜੰਮੀਆਂ ਬੱਚੀਆਂ ਦਾ ਅਭਿਨੰਦਨ ਕੀਤਾ ਗਿਆ।

        ਇਸ ਦੌਰਾਨ ਸੰਖੇਪ ਜਾਗਰੂਕਤਾ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ. ਰਾਜਿੰਦਰਪਾਲ ਨੇ ਕਿਹਾ ਕਿ ਵਿਭਾਗ ਵੱਲੋਂ ਅੱਜ ਦਾ ਇਹ ਕੰਜਕ ਪੂਜਨ ਸਮਾਰੋਹ ਸਮਾਜ ਅੰਦਰ ਇਹ ਸੰਦੇਸ਼ ਦੇਣ ਲਈ ਕੀਤਾ ਗਿਆ ਹੈ ਕਿ  ਬੇਟੀਆਂ ਕਿਸੇ ਪੱਖੋਂ ਵੀ ਲੜਕਿਆਂ ਨਾਲੋਂ ਘੱਟ ਨਹੀਂ, ਸਗੋਂ ਲੜਕੀਆਂ ਮਾਂ ਬਾਪ ਪ੍ਰਤੀ ਹਮੇਸ਼ਾਂ ਹੀ ਸੁਹਿਰਦ ਹੁੰਦੀਆਂ ਹਨ ਅਤੇ ਉਨ੍ਹਾਂ ਦਾ ਨਾਮ ਰੋਸ਼ਨ ਕਰਦੀਆਂ ਹਨ। ਉਨ੍ਹਾਂ ਇਸ ਸਭਾ ਦੇ ਮੰਚ ਤੋਂ ਬੇਟੀ ਬਚਾਓ, ਬੇਟੀ ਪੜ੍ਹਾਓ ਅਤੇ ਬੇਟੀ ਵਧਾਓ ਦਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸਾਨੂੰ ਬੇਟੀਆਂ ਨੂੰ ਅੱਗੇ ਵਧਣ ਵਿੱਚ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਹਨ ਤਾਂ ਹੀ ਇੱਕ ਪਰਿਵਾਰ, ਸਮਾਜ ਅਤੇ ਦੇਸ਼ ਵਿਕਾਸ ਦੇ ਰਸਤੇ ‘ਤੇ ਅੱਗੇ ਵੱਧ ਸਕਦਾ ਹੈ। ਸਿਵਲ ਸਰਜਨ ਡਾ. ਰਾਜਿੰਦਰਪਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੀ.ਸੀ.ਪੀ.ਐੱਨ.ਡੀ.ਟੀ. ਐਕਟ ਦੇ ਤਹਿਤ ਗਰਭ ਵਿਚ ਬੱਚੇ ਦਾ ਲਿੰਗ ਨਿਰਧਾਰਨ ਟੈਸਟ ਕਾਨੂੰਨੀ ਅਪਰਾਧ ਹੈ ਅਤੇ ਸਰਕਾਰ ਵੱਲੋਂ ਇਸ ਸਬੰਧੀ ਬਹੁਤ ਸਖ਼ਤ ਕਾਨੂੰਨ ਬਣਾਇਆ ਹੋਇਆ ਹੈ।

        ਇਸ ਮੌਕੇ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਕਾਰਜਕਾਰੀ ਐੱਸ.ਐੱਮ.ਓ. ਡਾ. ਗੁਰਮੇਜ ਗੁਰਾਇਆ ਅਤੇ ਮਾਸ ਮੀਡੀਆ ਅਫਸਰ ਰੰਜੀਵ ਨੇ ਵੀ ਵਿਸ਼ੇ ਬਾਰੇ ਆਪਣੇ ਵਿਚਾਰ ਰੱਖੇ। ਇਸ ਮੌਕੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ.ਸਮਿੰਦਰ ਕੌਰ, ਡਾ.ਯੁਵਰਾਜ ਨਾਰੰਗ ਅਤੇ ਸੰਸਥਾ ਦਾ ਸਟਾਫ ਹਾਜ਼ਰ ਸੀ। ਪ੍ਰੋਗਰਾਮ ਦੀ ਸਫਲਤਾ ਵਿਚ ਜ਼ਿਲ੍ਹਾ ਬੀਸੀਸੀ ਕੁਆਰਡੀਨੇਟਰ ਰਜਨੀਕ ਕੌਰ ਸਟਾਫ ਗੀਤਾ ਰਾਣੀ ਅਤੇ ਅਸ਼ੀਸ਼ ਭੰਡਾਰੀ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ।