1 ਤੋਂ 19 ਸਾਲ ਦੇ ਬੱਚਿਆਂ ਨੂੰ ਅਲਬੈਂਡਾਜੋਲ ਦੀ ਗੋਲੀ ਜ਼ਰੂਰ ਖਵਾਓ : ਡਾ. ਔਲਖ
ਬਰਨਾਲਾ, 25 ਅਗਸਤ 2021
ਸਿਹਤ ਵਿਭਾਗ ਬਰਨਾਲਾ ਵੱਲੋਂ ਸਿੱਖਿਆ ਵਿਭਾਗ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਡੀ-ਵਰਮਿੰਗ ਦਿਵਸ ਮਨਾਇਆ ਗਿਆ।
ਇਸ ਦੀ ਸ਼ੁਰੂਆਤ ਡਾ. ਜਸਬੀਰ ਸਿੰਘ ਔਲਖ, ਸਿਵਲ ਸਰਜਨ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਵਿਖੇ ਬੱਚਿਆਂ ਨੂੰ ਅਲਬੈਂਡਾਜੋਲ ਦੀ ਖ਼ੁਰਾਕ ਖਵਾ ਕੇ ਕੀਤੀ ਗਈ।ਇਸ ਸਬੰਧੀ ਡਾ. ਔਲਖ ਨੇ ਦੱਸਿਆ ਕਿ “ਰਾਸ਼ਟਰੀ ਪੇਟ ਦੇ ਕੀੜਿਆਂ ਤੋਂ ਮੁਕਤੀ ਦਿਵਸ” ਮੌਕੇ 1 ਤੋਂ 19 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਤੇ ਆਂਗਣਵਾੜਪ ਸੈਂਟਰਾਂ ਵਿੱਚ ਐਲਸੈਂਡਾਜੋਲ ਦੀ ਗੋਲੀ ਖਵਾਈ ਗਈ ਅਤੇ ਜੋ ਬੱਚੇ ਰਹਿ ਗਏ ਉਨ੍ਹਾਂ ਨੂੰ ਮੋਪ ਅੱਪ ਦਿਵਸ ਵਜੋਂ 1 ਸਤੰਬਰ ਨੂੰ ਇਹ ਗੋਲੀ ਖਵਾਈ ਜਾਵੇਗੀ।
ਇਸ ਮੌਕੇ ਡਾ. ਔਲਖ ਵੱਲੋਂ ਬੱਚਿਆਂ ਨੂੰ ਆਪਣੇ ਖਾਣ-ਪੀਣ ਅਤੇ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਤੇ ਪੇਟ ਦੇ ਕੀੜਿਆਂ ਤੋਂ ਜਾਣੂੰ ਕਰਵਾਇਆ ਅਤੇ ਅਲਬੈਂਡਾਜੋਲ ਦੀ ਗੋਲੀ ਜੋ ਪੇਟ ਦੇ ਕੀੜਿਆਂ ਨੂੰ ਮੁਕਤ ਕਰਦੀ ਹੈ, ਉਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਬੱਚਿਆਂ ਨੂੰ ਦਿੱਤੀ।
ਇਸ ਮੌਕੇ ਸਾਰੇ ਜ਼ਿਲ੍ਹੇ ਵਿੱਚ ਵੱਖ-ਵੱਖ ਟੀਮਾਂ ਵੱਲੋਂ ਇਹ ਗੋਲੀ ਖਵਾਈ ਗਈ, ਜਿਸ ਵਿੱਚ ਡਾ. ਰਜਿੰਦਰ ਸਿੰਗਲਾ ਜ਼ਿਲ੍ਹਾ ਟੀਕਾਕਰਨ ਅਫ਼ਸਰ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਨੌਲਾ (ਲੜਕੇ) ਵਿਖੇ ਬੱਚਿਆਂ ਨੂੰ ਅਲਬੈਂਡਾਜੋਲ ਗੋਲੀ ਖਵਾਈ ਗਈ।
ਡੀ-ਵਾਰਮਿੰਗ ਦਿਵਸ ਮੌਕੇ ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਤੇ ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਵੱਲੋਂ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ ਕਿ ਅਲਬੈਂਡਾਜੋਲ ਗੋਲੀ ਖਾਣ ਨਾਲ ਅਨੀਮੀਆ ਤੋਂ ਬਚਿਆ ਜਾ ਸਕਦਾ ਹੈ ਅਤੇ ਬੱਚੇ ਦਾ ਸਰੀਰਕ ਤੇ ਮਾਨਸਿਕ ਵਿਕਾਸ ਹੁੰਦਾ ਹੈ ਅਤੇ ਇੱਕ ਤੰਦਰੁਸਤ ਬੱਚਾ ਹੀ ਆਪਣੀ ਪੜ੍ਹਾਈ ਨੂੰ ਸਫ਼ਲਤਾ ਨਾਲ ਪੂਰਾ ਕਰਦਾ ਹੈ।
ਇਸ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਦੇ ਪ੍ਰਿੰਸੀਪਲ ਡਾ. ਰਵਿੰਦਰਪਾਲ ਸਿੰਘ, ਡਾ. ਪੂਨਮ, ਆਰ.ਬੀ.ਐਸ.ਕੇ. ਸਕੂਲ ਸਟਾਫ਼ ਅਤੇ ਬੱਚੇ ਆਦਿ ਹਾਜ਼ਰ ਸਨ।

हिंदी





