ਸੀਐਮ ਦੀ ਯੋਗਸ਼ਾਲਾ ਤਹਿਤ ਫਾਜ਼ਿਲਕਾ ਦੇ ਸ਼ਹੀਦ ਭਗਤ ਸਿੰਘ ਬਹੂਮੰਤਵੀ ਸਟੇਡੀਅਮ ਵਿੱਚ ਮਨਾਇਆ ਗਿਆਰਵਾਂ ਕੌਮਾਂਤਰੀ ਯੋਗਾ ਦਿਵਸ

Sorry, this news is not available in your requested language. Please see here.

ਪੰਜਾਬ ਸਰਕਾਰ ਯੋਗ ਦੇ ਪ੍ਰਸਾਰ ਲਈ ਕਰ ਰਹੀ ਹੈ ਵੱਡੇ ਉਪਰਾਲੇ -ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ
ਫਾਜ਼ਿਲਕਾ, 21 ਜੂਨ
11ਵਾਂ ਕੋਮਾਂਤਰੀ ਯੋਗਾ ਦਿਵਸ ਅੱਜ ਇੱਥੇ ਸ਼ਹੀਦ ਭਗਤ ਸਿੰਘ ਬਹੂਮੰਤਵੀ ਸਟੇਡੀਅਮ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿਚ ਸੀਐਮ ਦੀ ਯੋਗਸ਼ਾਲਾ ਅਤੇ ਆਯੁਰਵੇਦ ਵਿਭਾਗ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਹਲਕਾ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ, ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ, ਖੁਸਬੂ ਸਾਵਨਸੁੱਖਾ ਸਵਨਾ ਸਮੇਤ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਵਾਸੀਆਂ ਨੇ ਇਸ ਯੋਗ ਦਿਵਸ ਸਮਾਗਮ ਵਿੱਚ ਉਤਸਾਹ ਨਾਲ ਸ਼ਿਰਕਤ ਕੀਤੀ ।
ਇਸ ਵਿਸ਼ੇਸ਼ ਸਮਾਗਮ ਦਾ ਉਦੇਸ਼ ਨਾਗਰਿਕਾਂ ਵਿੱਚ ਯੋਗ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨਾ ਸੀ। ਵੱਖ-ਵੱਖ ਉਮਰ ਸਮੂਹਾਂ ਦੇ ਭਾਗੀਦਾਰਾਂ – ਬੱਚਿਆਂ, ਨੌਜਵਾਨਾਂ, ਸੀਨੀਅਰ ਨਾਗਰਿਕਾਂ ਅਤੇ ਸਰਕਾਰੀ ਅਧਿਕਾਰੀਆਂ – ਨੇ ਇਸ ਸਮਾਗਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਇਕੱਠੇ ਯੋਗਾ ਦਾ ਅਭਿਆਸ ਕੀਤਾ।
ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ  ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਯੋਗ ਦੇ ਪ੍ਰਸਾਰ ਲਈ ਵੱਡੇ ਉਪਰਾਲੇ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਸੀਐਮ ਦੀ ਯੋਗ ਸ਼ਾਲਾ ਪ੍ਰੋਗਰਾਮ ਦੇ ਤਹਿਤ ਰਾਜ ਭਰ ਵਿੱਚ 4709 ਕਲਾਸਾਂ ਲੱਗ ਰਹੀਆਂ ਹਨ ਜਦਕਿ ਫਾਜ਼ਿਲਕਾ ਜ਼ਿਲ੍ਹੇ ਵਿੱਚ ਅਜਿਹੀਆਂ 78 ਕਲਾਸਾਂ ਰੋਜ਼ਾਨਾ ਲੱਗਦੀਆਂ ਹਨ। ਉਹਨਾਂ ਨੇ ਕਿਹਾ ਕਿ ਇਹਨਾਂ ਯੋਗ ਕਲਾਸਾਂ ਵਿੱਚ ਹਰ ਰੋਜ਼ 2,15,000 ਲੋਕ ਭਾਗ ਲੈਂਦੇ ਹਨ ਅਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ 8445 ਲੋਕ ਹਰ ਰੋਜ਼ ਇਹਨਾਂ ਕਲਾਸਾਂ ਵਿੱਚ ਸ਼ਿਰਕਤ ਕਰਦੇ ਹਨ।
ਵਿਧਾਇਕ ਨੇ ਕਿਹਾ ਕਿ ਯੋਗ ਭਾਰਤ ਦੀ ਵਿਰਾਸਤ ਹੈ ਅਤੇ ਇਸ ਮਨੁੱਖ ਨੂੰ ਸ਼ਰੀਰਕ ਅਤੇ ਮਾਨਸਿਕ ਤੌਰ ਤੇ ਸਿਹਤਮੰਦ ਰੱਖਦਾ ਹੈ। ਉਨ੍ਹਾਂ ਨੇ ਕਿਹਾ ਕਿ ਯੋਗ ਨੂੰ ਹਰ ਰੋਜ ਦੀ ਜੀਵਨਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਸੀਐਮ ਦੀ ਯੋਗਸ਼ਾਲਾ ਪ੍ਰੋਗਰਾਮ ਦੇ ਤਹਿਤ ਜੇਕਰ ਲੋਕ ਯੋਗ ਸਿੱਖਣਾ ਚਾਹੁਣ ਤਾਂ ਫੋਨ ਨੰਬਰ 76694-00500 ਤੇ ਮਿਸ ਕਾਲ ਕਰ ਸਕਦੇ ਹਨ। ਵਿਭਾਗ ਵੱਲੋਂ ਸਬੰਧਤ ਇਲਾਕੇ ਵਿੱਚ ਇੰਸਟਰਕਟਰ ਭੇਜ ਕੇ ਲੋਕਾਂ ਨੂੰ ਯੋਗ ਸਿਖਾਉਣ ਦੀ ਵਿਵਸਥਾ ਕੀਤੀ ਜਾਵੇਗੀ।
ਇਸ ਮੌਕੇ ਐਸਪੀ ਸ੍ਰੀ ਮੁਖਤਿਆਰ ਰਾਏ, ਐਸ ਡੀ ਐਮ ਵੀਰ ਪਾਲ ਕੌਰ, ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ ਤੋਂ ਇਲਾਵਾ ਸੀਐਮ ਦੀ ਯੋਗਸ਼ਾਲਾ ਪ੍ਰੋਗਰਾਮ ਦੇ ਸਟੇਟ ਕੰਸਲਟੈਂਟ ਕਮਲੇਸ਼ ਮਿਸ਼ਰਾ, ਜਿਲਾ ਕੋਆਰਡੀਨੇਟਰ ਰਾਧੇ ਸ਼ਾਮ ਡਾ ਸਤਪਾਲ ਤੋਂ ਇਲਾਵਾ ਸੀਐਮ ਦੀ ਯੋਗਸ਼ਾਲਾ ਪ੍ਰੋਗਰਾਮ ਦੀ ਪੂਰੀ ਟੀਮ ਹਾਜ਼ਰ ਸੀ।
ਪ੍ਰੋਗਰਾਮ ਦੌਰਾਨ, ਭਾਗੀਦਾਰਾਂ ਨੇ ਸੂਰਜ ਨਮਸਕਾਰ, ਪ੍ਰਾਣਾਯਾਮ, ਤਾਡਾਸਨ, ਤ੍ਰਿਕੋਣਾਸਨ, ਭੁਜੰਗਾਸਨ ਸਮੇਤ ਵੱਖ-ਵੱਖ ਯੋਗ ਆਸਣਾਂ ਦਾ ਅਭਿਆਸ ਕੀਤਾ। ਸਥਾਨ ‘ਤੇ ਛਬੀਲ (ਮਿੱਠੇ ਠੰਡੇ ਪਾਣੀ ਦੀ ਸੇਵਾ) ਅਤੇ ਰਿਫਰੈਸ਼ਮੈਂਟ ਲਈ ਵੀ ਸ਼ਾਨਦਾਰ ਪ੍ਰਬੰਧ ਕੀਤੇ ਗਏ ਸਨ।