ਸੈਟੇਲਾਇਟ ਤੋਂ ਮਿਲੀ ਪਰਾਲੀ ਸਾੜਨ ਦੀ ਰਿਪੋਰਟ ਦੀ ਪੁਸ਼ਟੀ ਲਈ ਡਿਪਟੀ ਕਮਿਸ਼ਨਰ ਨੇ ਰਾਤ ਨੂੰ ਭੇਜ਼ੇ ਖੇਤਾਂ ਵਿਚ ਅਫ਼ਸਰ

Sorry, this news is not available in your requested language. Please see here.

—ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ

ਅਬੋਹਰ (ਫਾਜ਼ਿਲਕਾ), 9 ਅਕਤੂਬਰ:

ਐਤਵਾਰ ਨੂੰ ਰਿਮੋਟ ਸੈਂਸਿੰਗ ਸਟੇਸ਼ਨ ਦੀ ਰਿਪੋਰਟ ਅਨੁਸਾਰ ਅਬੋਹਰ ਦੇ ਪਿੰਡ ਭਾਗੂ ਵਿਚ ਖੇਤਾਂ ਵਿਚ ਅੱਗ ਲੱਗਣ ਦੀ ਘਟਨਾ ਰਿਪੋਰਟ ਹੋਈ ਸੀ। ਜਿਸਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਛੂੱਟੀ ਵਾਲੇ ਦਿਨ ਹੀ ਰਾਤ ਨੂੰ ਮੌਕੇ ਤੇ ਅਫ਼ਸਰਾਂ ਦੀ ਟੀਮ ਭੇਜੀ।

ਇਸ ਟੀਮ ਵਿਚ ਖੇਤੀਬਾੜੀ ਵਿਭਾਗ ਦੇ ਕਲੱਸਟਰ ਅਫ਼ਸਰ, ਸਬੰਧਤ ਪਿੰਡ ਦੇ ਨੋਡਲ ਅਫ਼ਸਰ ਤੇ ਪਟਵਾਰੀ ਸ਼ਾਮਿਲ ਸਨ। ਟੀਮ ਨੇ ਮੌਕੇ ਤੇ ਜਾ ਕੇ ਪੜਤਾਲ ਕੀਤੀ ਤਾਂ ਪਾਇਆ ਗਿਆ ਕਿ ਇੱਥੇ ਕਿਤੇ ਨੇੜੇ ਝੋਨੇ ਦੀ ਕਾਸਤ ਨਹੀਂ ਕੀਤੀ ਗਈ ਸਗੋਂ ਬਾਜਰੇ ਦੀ ਕਾਸਤ ਕੀਤੀ ਹੋਈ ਸੀ ਅਤੇ ਉਸਦੇ ਨੇੜੇ ਹੀ ਖੇਤ ਦੇ ਕਿਨਾਰਿਆਂ ਤੇ ਘਾਹ ਫੂਸ ਨੂੰ ਅੱਗ ਲਗਾਈ ਗਈ ਸੀ।
ਜਿਕਰਯੋਗ ਹੈ ਕਿ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਤੇ ਸਰਕਾਰ ਦੀ ਤਿੱਖੀ ਨਜ਼ਰ ਹੈ ਅਤੇ ਪਰਾਲੀ ਸਾੜਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਸਤੋਂ ਪਹਿਲਾਂ ਜਿ਼ਲ੍ਹੇ ਵਿਚ ਇਕ ਘਟਨਾ ਪਿੰਡ ਰਾਣਾ ਵਿਚ ਅੱਗ ਲੱਗਣ ਦੀ ਵਾਪਰੀ ਸੀ ਜਿਸ ਕੇਸ ਵਿਚ ਪਰਾਲੀ ਸਾੜਨ ਵਾਲੇ ਨੂੰ 2500 ਰੁਪਏ ਦੇ ਜ਼ੁਰਮਾਨੇ ਤੋਂ ਇਲਾਵਾ ਸਦਰ ਥਾਣਾ ਫਾਜਿ਼ਲਕਾ ਵਿਚ ਐਫਆਈਆਰ ਵੀ ਦਰਜ ਕਰਵਾਈ ਗਈ।

ਦੂਜ਼ੇ ਪਾਸੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਇਕ ਵਾਰ ਜਿ਼ਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਾਲੀ ਨੂੰ ਸਾੜਨ ਨਾ ਸਗੋਂ ਇਸਨੂੰ ਖੇਤ ਵਿਚ ਹੀ ਮਿਲਾ ਕੇ ਕਣਕ ਦੀ ਬਿਜਾਈ ਕਰਨ। ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕਾਂ ਪਿੱਛੇ ਲੱਗ ਕੇ ਕੁਦਰਤੀ ਪੋਸ਼ਕ ਤੱਤਾਂ ਨਾਲ ਭਰਪੂਰ ਪਰਾਲੀ ਨੂੰ ਸਮੱਸਿਆ ਸਮਝ ਬੈਠੇ ਹਾਂ ਜਦ ਕਿ ਇਹ ਤਾਂ ਕਿਸਾਨ ਦਾ ਸ਼ਰਮਾਇਆ ਹੈ। ਇਸਨੂੰ ਖੇਤ ਵਿਚ ਹੀ ਮਿਲਾ ਕੇ ਜ਼ੇਕਰ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ ਤਾਂ ਇਸ ਨਾਲ ਕਿਸਾਨ ਦੀ ਜਮੀਨ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਮਲਚਿੰਗ ਵਾਲੀ ਤਕਨੀਕ ਨਾਲ ਤਾਂ ਪਰਾਲੀ ਦੇ ਵਿਚੇ ਹੀ ਕਣਕ ਬੀਜਣ ਲਈ ਕਿਸੇ ਵੱਡੀਆਂ ਮਸ਼ੀਨਾਂ ਦੀ ਵੀ ਜਰੂਰਤ ਨਹੀਂ ਹੈ।ਇਸ ਲਈ ਕਿਸਾਨ ਵੀਰ ਕਿਸੇ ਕਿਸਮ ਦੀ ਵੀ ਸਹਾਇਤਾਂ ਲਈ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਨ ਅਤੇ ਪਰਾਲੀ ਨੂੰ ਸਾੜਨ ਤੋਂ ਗੁਰੇਜ਼ ਕਰਨ।