ਹਥਿਆਰਬੰਦ ਸੈਨਾ ਝੰਡਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਜਾਗਰੂਕਤਾ ਸਾਈਕਲ ਰੈਲੀ ਆਯੋਜਿਤ

Sorry, this news is not available in your requested language. Please see here.

– ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਵਲੋਂ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਮੋਗਾ ਲਈ ਕੀਤਾ ਰਵਾਨਾ

ਲੁਧਿਆਣਾ, 21 ਨਵੰਬਰ:

ਹਥਿਆਰਬੰਦ ਸੈਨਾ ਝੰਡਾ ਦਿਵਸ ਨੂੰ ਸਮਰਪਿਤ ਰਾਜ ਪੱਧਰੀ ਜਾਗਰੂਕਤਾ ਸਾਈਕਲ ਰੈਲੀ ਨੂੰ, ਵਧੀਕ ਡਿਪਟੀ ਕਮਿਸ਼ਨਰ ਜਗਰਾਉਂ ਮੇਜ਼ਰ ਅਮਿਤ ਸਰੀਨ ਵਲੋਂ ਹਰੀ ਝੰਡੀ ਦਿਖਾ ਕੇ ਮੋਗਾ ਲਈ ਰਵਾਨਾ ਕੀਤਾ ਗਿਆ।
ਇਹ ਹਥਿਆਰਬੰਦ ਸੈਨਾ ਝੰਡਾ ਦਿਵਸ ਜਾਗਰੁਕਤਾ ਸਾਈਕਲ ਰੈਲੀ ਬੀਤੇ ਕੱਲ੍ਹ 20 ਨਵੰਬਰ, 2023 ਨੂੰ ਜ਼ਿਲ੍ਹਾ ਜਲੰਧਰ ਤੋਂ ਲੁਧਿਆਣਾ ਵਿਖੇ ਪਹੁੰਚੀ ਸੀ ਜਿੱਥੇ ਟੀਮ ਦਾ ਭਰਵਾਂ ਸਵਾਗਤ ਕੀਤਾ ਗਿਆ।

ਇਸ ਰੈਲੀ ਨੂੰ ਅੱਜ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ, ਲੁਧਿਆਣਾ ਤੋਂ ਸਵੇਰੇ 8 ਵਜੇ ਵਧੀਕ ਡਿਪਟੀ ਕਮਿਸ਼ਨਰ, ਜਗਰਾਉਂ ਅਮਿਤ ਸਰੀਨ, ਪੀ.ਸੀ.ਐਸ. ਵੱਲੋਂ ਹਰੀ ਝੰਡੀ ਵਿਖਾ ਕੇ ਜ਼ਿਲ੍ਹਾ ਮੋਗਾ ਲਈ ਰਵਾਨਾ ਕੀਤਾ। ਇਸ ਸਮਾਰੋਹ ਮੌਕੇ ਵਧੀਕ ਡਿਪਟੀ ਕਮਿਸ਼ਨਰ ਵੱਲੋਂ ਝੰਡਾ ਦਿਵਸ ਫੰਡ ਵਿੱਚੋਂ 23 ਲੋੜਵੰਦ ਨਾਨ-ਪੈਨਸ਼ਨਰ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਮਾਲੀ ਸਹਾਇਤਾ ਦੇ ਤੌਰ ਤੇ 1,15,000/- ਰੁਪਏ ਦੀ ਰਾਸ਼ੀ ਦੇ ਚੈੱਕ ਵੀ ਤਕਸੀਮ ਕੀਤੇ ਗਏ।

ਕਮਾਂਡਰ ਬਲਜਿੰਦਰ ਵਿਰਕ (ਸੇਵਾ ਮੁਕਤ), ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਲੁਧਿਆਣਾ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹਥਿਆਰਬੰਦ ਸੈਨਾ ਝੰਡਾ ਦਿਵਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਿਤੀ 07 ਦਸੰਬਰ, 2023 ਨੂੰ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ਮਨਾਇਆ ਜਾ ਰਿਹਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਭਾਰਤੀ ਫੌਜ਼ ਦੀਆਂ ਸੇਨਾਵਾਂ (ਆਰਮੀ, ਨੇਵੀ ਤੇ ਏਅਰ ਫੋਰਸ) ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕਰਨ ਅਤੇ ਝੰਡਾ ਦਿਵਸ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੂੰ ਵੱਧ ਤੋਂ ਵੱਧ ਯੋਗਦਾਨ ਦੇਣ ਲਈ ਉਤਸ਼ਾਹਿਤ ਅਤੇ ਜਾਗਰੂਕ ਕਰਨ ਲਈ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ। ਇਹ ਸਾਈਕਲ ਰੈਲੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਹੁੰਦੀ ਹੋਈ 07 ਦਸੰਬਰ, 2023 ਨੂੰ ਹਥਿਆਰਬੰਦ ਸੈਨਾ ਝੰਡਾ ਦਿਵਸ ਮੌਕੇ ਚੰਡੀਗੜ੍ਹ ਵਿਖੇ ਸਮਾਪਤ ਹੋਵੇਗੀ।

ਇਸ ਮੌਕੇ ਗਰੁੱਪ ਕੈਪਟਨ ਗੁਰਪ੍ਰੀਤ ਸਿੰਘ ਮਾਂਗਟ (ਸੇਵਾ ਮੁਕਤ) ਉਪ-ਪ੍ਰਧਾਨ ਜ਼ਿਲ੍ਹਾ ਸੈਨਿਕ ਬੋਰਡ, ਲੈਫਟੀਨੈਂਟ ਕਰਨਲ ਐਚ.ਐਸ. ਕਾਹਲੋਂ (ਸੇਵਾ ਮੁਕਤ) ਵੀਰ ਚੱਕਰ, ਇੰਡੀਅਨ ਐਕਸ-ਸਰਵਿਸ ਲੀਗ, ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਕਰਨਲ ਮੁਖਤਿਆਰ ਸਿੰਘ (ਸੇਵਾ ਮੁਕਤ), ਸ਼੍ਰੀ ਜਤਿੰਦਰ ਕੁਮਾਰ, ਸੁਪਰਡੰਟ ਅਤੇ ਸਮੂਹ ਸਟਾਫ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਲੁਧਿਆਣਾ ਵੀ ਹਾਜ਼ਰ ਸਨ।