ਹਾਈ ਰਿਸਕ ਮਰੀਜ਼ ਕਰੋਨਾ ਤੋਂ ਬਚਾਅ ਲਈ ਪੂਰੀ ਸਾਵਧਾਨੀ ਵਰਤਣ: ਡਾ. ਮਨਪ੍ਰੀਤ ਸਿੱਧੂ

Sorry, this news is not available in your requested language. Please see here.

*ਜ਼ਿਲ੍ਹਾ ਬਰਨਾਲਾ ਵਿਚ ਲੈਵਲ-2 ਆਈਸੋਲੇਸ਼ਨ ਫੈਸਿਲਟੀ ਚਾਲੂ
*ਕੋਈ ਵੀ ਲੱਛਣ ਮਹਿਸੂਸ ਹੋਣ ’ਤੇ ਫੌਰੀ ਸਿਹਤ ਵਿਭਾਗ ਨਾਲ ਕੀਤਾ ਜਾਵੇ ਸੰਪਰਕ
ਬਰਨਾਲਾ, 26 ਨਵੰਬਰ
ਦੇਸ਼ ਦੇ ਕੁਝ ਸੂਬਿਆਂ ਅਤੇ ਰਾਜਧਾਨੀ ਦਿੱਲੀ ਵਿਚ ਕਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਸਿਹਤ ਵਿਭਾਗ ਪੰਜਾਬ ਵੱਲੋਂ ਸਮੇਂ ਸਮੇਂ ’ਤੇ ਜਾਰੀ ਕੀਤੀ ਜਾਂਦੀ ਸਲਾਹਕਾਰੀ ਅਤੇ ਕਰੋਨਾ ਇਹਤਿਆਤਾਂ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਅਸੀਂ ਮੁੜ ਕਰੋਨਾ ਦੀ ਗ੍ਰਿਫਤ ਵਿਚ ਨਾ ਆਈਏ।
ਇਹ ਪ੍ਰਗਟਾਵਾ ਸਿਵਲ ਹਸਪਤਾਲ ਬਰਨਾਲਾ ਵਿਖੇ ਤਾਇਨਾਤ ਡਾ. ਮਨਪ੍ਰੀਤ ਸਿੰਘ ਐਮਡੀ ਮੈਡੀਸਨ ਵੱਲੋਂ ਹਫਤਾਵਰੀ ਫੇਸਬੁਕ ਲਾਈਵ ਸੈਸ਼ਨ ਦੌੌਰਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿਚ ਕਰੋਨਾ ਦੇ ਕੇਸ ਬਿਲਕੁਲ ਘਟ ਗਏ ਸਨ, ਪਰ ਹੁਣ ਮੌਸਮ ਬਦਲਣ ਦੇ ਮੱਦੇਨਜ਼ਰ ਕਰੋਨਾ ਦਾ ਖ਼ਤਰਾ ਮੁੜ ਵਧ ਰਿਹਾ ਹੈ। ਇਸ ਲਈ ਖੰਘ, ਬੁਖਾਰ, ਜੁਕਾਮ ਜਿਹੇ ਕੋਈ ਵੀ ਲੱਛਣ ਮਹਿਸੂਸ ਹੋਣ ’ਤੇ ਫੌਰੀ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ ਅਤੇ ਕਿਸੇ ਵੀ ਤਰ੍ਹਾਂ ਦੀ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਹਾਈ ਰਿਸਕ ਮਰੀਜ਼ਾਂ ਨੂੰ ਜ਼ਿਆਦਾ ਸਾਵਧਾਨੀ ਵਰਤਣ ਦੀ ਲੋੜ ਹੈ, ਕਿਉਂਕਿ ਗਰਭਵਤੀ ਔਰਤਾਂ, ਬਜ਼ੁਰਗਾਂ ਜਾਂ ਦਿਲ, ਗੁਰਦਿਆਂ ਆਦਿ ਦੀ ਬਿਮਾਰੀ ਤੋਂ ਪੀੜਤ ਮਰੀਜ਼ਾਂ ਨੂੰ ਕਰੋਨਾ ਦਾ ਖਤਰਾ ਵਧ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿਚ ਲੈਵਲ-2 ਆਈਸੋਲੇਸ਼ਨ ਫੈਸਲਿਟੀ ਚਾਲੂ ਹੈ। ਜੇਕਰ ਕਿਸੇ ਮਰੀਜ਼ ਨੂੰ ਘਰੇਲੂ ਇਕਾਂਤਵਾਸ ਦੌਰਾਨ ਕੋਈ ਦਿੱਕਤ ਮਹਿਸੂਸ ਹੁੰਦੀ ਹੈ ਤਾਂ ਉਹ ਸਿਹਤ ਵਿਭਾਗ ਨਾਲ ਸੰਪਰਕ ਕਰ ਕੇ ਸਰਕਾਰੀ ਆਈਸੋਲੇਸ਼ਨ ਫੈਸਿਲਟੀ ਵਿਚ ਦਾਖਲ ਹੋ ਸਕਦਾ ਹੈ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਕੋਵਿਡ 19 ਤੋਂ ਬਚਾਅ ਲਈ ਹੱਥ ਵਾਰ ਵਾਰ ਸਾਫ ਕੀਤੇ ਜਾਣ, ਮਾਸਕ ਦੀ ਵਰਤੋਂ ਕੀਤੀ ਜਾਵੇ, ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਕੋਈ ਵੀ ਲੱਛਣ ਮਹਿਸੂਸ ਹੋਣ ’ਤੇ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ।