ਜ਼ਿਲੇ ਦੇ ਸਮੂਹ ਪੋਲਿੰਗ ਬੂਥਾਂ ’ਤੇ 05 ਅਤੇ 06 ਦਸੰਬਰ ਨੂੰ ਲੱਗਣਗੇ ਵਿਸ਼ੇਸ਼ ਕੈਂਪ

Sorry, this news is not available in your requested language. Please see here.

ਬੂਥ ਲੈਵਲ ਅਫ਼ਸਰ ਯੋਗ ਵਿਅਕਤੀਆਂ ਪਾਸੋਂ ਪ੍ਰਾਪਤ ਕਰਨਗੇ ਦਾਅਵੇ ਤੇ ਇਤਰਾਜ਼
ਵੋਟ ਬਣਾਉਣ, ਕਟਾਉਣ, ਦਰੁਸਤ ਕਰਾਉਣ ਅਤੇ ਰਿਹਾਇਸ਼ ਦੀ ਬਦਲੀ ਆਦਿ ਸਬੰਧੀ ਭਰੇ ਜਾਣਗੇ ਫਾਰਮ
ਤਰਨ ਤਾਰਨ, 04 ਦਸੰਬਰ : 
ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2021 ਦੇ ਆਧਾਰ ’ਤੇ ਜ਼ਿਲੇ ਦੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿਚ 16 ਨਵੰਬਰ ਤੋਂ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਦਾ ਕੰਮ ਚੱਲ ਰਿਹਾ ਹੈ, ਜੋ ਕਿ 15 ਦਸੰਬਰ ਤੱਕ ਚੱਲੇਗਾ।
ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਇਸ ਤਹਿਤ 05 ਅਤੇ 06 ਦਸੰਬਰ ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ’ਤੇ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ, ਜਿਸ ਦੌਰਾਨ ਬੂਥ ਲੈਵਲ ਅਫ਼ਸਰ ਆਪਣੇ-ਆਪਣੇ ਪੋਲਿੰਗ ਬੂਥ ’ਤੇ ਬੈਠ ਕੇ ਯੋਗ ਵਿਅਕਤੀਆਂ ਪਾਸੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕਰਨਗੇ।
  ਉਨਾਂ ਦੱਸਿਆ ਕਿ ਇਸ ਦੌਰਾਨ ਨਵੀਂ ਵੋਟ ਬਣਾਉਣ ਲਈ ਫਾਰਮ ਨੰਬਰ 6, ਪਹਿਲਾਂ ਦਰਜ ਕਿਸੇ ਵੋਟ ਨੂੰ ਕਟਾਉਣ ਲਈ ਫਾਰਮ ਨੰਬਰ 7 ਅਤੇ ਵੋਟਰ ਸੂਚੀ ਵਿਚ ਦਰਜ ਇੰਦਰਾਜ ਜਿਵੇਂ ਕਿ ਵੋਟਰ ਦਾ ਨਾਂ, ਪਿਤਾ ਜਾਂ ਪਤੀ ਦਾ ਨਾਂ, ਉਮਰ ਆਦਿ ਵਿਚ ਦਰੁਸਤੀ ਕਰਾਉਣ ਲਈ ਫਾਰਮ ਨੰਬਰ 8 ਅਤੇ ਵਿਧਾਨ ਸਭਾ ਚੋਣ ਹਲਕੇ ਵਿੱਚ ਹੀ ਰਿਹਾਇਸ਼ ਬਦਲੇ ਜਾਣ ਲਈ ਫਾਰਮ ਨੰਬਰ 8ਏ ਭਰਿਆ ਜਾ ਸਕਦਾ ਹੈ।
ਉਨਾਂ ਦੱਸਿਆ ਕਿ ਜਿਹੜੇ ਭਾਰਤੀ ਨਾਗਰਿਕ ਕਿਸੇ ਕੰਮ ਜਾਂ ਪੜਾਈ ਸਬੰਧੀ ਵਿਦੇਸ਼ ਗਏ ਹੋਏ ਹਨ ਅਤੇ ਉਨਾਂ ਪਾਸ ਭਾਰਤੀ ਪਾਸਪੋਰਟ ਹੈ, ਦੀ ਵੋਟ ਫਾਰਮ ਨੰਬਰ 6ਏ ਰਾਹੀਂ ਬਤੌਰ ਓਵਰਸੀਜ਼ ਵੋਟਰ ਵਜੋਂ ਦਰਜ ਕਰਵਾਈ ਜਾ ਸਕਦੀ ਹੈ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਲਈ ਤਿਆਰ ਕੀਤੀ ਜਾਣ ਵਾਲੀ ਇਸ ਵੋਟਰ ਸੂਚੀ ਵਿਚ ਆਪਣਾ ਨਾਂ ਦਰਜ ਕਰਾਉਣ ਲਈ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਜ਼ਿਲ੍ਹਾ ਚੋਣ ਅਫ਼ਸਰ ਨੇ ਸਮੂਹ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਇਸ ਸੁਧਾਈ ਦੌਰਾਨ ਨੌਜਵਾਨਾਂ, ਮਾਈਗਰੈਂਟ ਵਰਕਰਾਂ, ਪੀ. ਡਬਲਿਊ. ਡੀਜ਼, ਐਨ. ਆਰ. ਆਈਜ਼ ਅਤੇ ਟਰਾਂਸਜੈਂਡਰ ਕਮਿਊਨਿਟੀ ਵਰਗਾਂ ਵੱਲ ਵਿਸ਼ੇਸ਼ ਧਿਆਨ ਦਿੰਦੇ ਹੋਏ ਇਹਨਾਂ ਦੀ ਵੋਟ ਵੋਟਰ ਸੂਚੀ ਵਿੱਚ ਐਨਰੋਲਮੈਂਟ ਨੂੰ ਯਕੀਨੀ ਬਣਾਇਆ ਜਾਵੇ।