ਜ਼ਿਲੇ ਵਿੱਚ 18 ਤੋਂ 44 ਸਾਲ ਤੱਕ ਦੇ ਵਿਅਕਤੀਆਂ ਦਾ ਕੋਵਿਡ ਟੀਕਾਕਰਨ ਜਾਰੀ-ਸਿਵਲ ਸਰਜਨ

Sorry, this news is not available in your requested language. Please see here.

ਟੀਕਾਕਰਨ ਲਈ ਜ਼ਿਲ੍ਹੇ ਅੰਦਰ ਕੁੱਲ 8 ਟੀਕਾਕਰਨ ਕੇਂਦਰ ਕੀਤੇ ਗਏ ਹਨ ਸਥਾਪਿਤ
ਫਿਰੋਜ਼ਪੁਰ 20 ਮਈ,2021 ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ 16 ਜਨਵਰੀ ਤੋਂ ਸ਼ੁਰੂ ਕੀਤੀ ਗਈ ਕੋਵਿਡ ਵੈਕਸੀਨੇਸ਼ਨ ਮੁਹਿੰਮ ਜ਼ਿਲੇ ਵਿੱਚ ਲਗਾਤਾਰ ਜਾਰੀ ਹੈ। ਇਸੇ ਲੜੀ ਵਿੱਚ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਜ਼ਿਲੇ ਵਿੱਚ ਤੀਜੇ ਪੜਾਅ ਦੀ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਜਿਸ ਵਿੱਚ 18 ਤੋਂ 44 ਸਾਲ ਦੇ ਉਸਾਰੀ ਕਿਰਤੀਆਂ, ਸਹਿ ਬੀਮਾਰੀਆਂ ਤੋਂ ਪੀੜਿਤ ਵਿਅਕਤੀਆਂ ਅਤੇ ਸਿਹਤ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਫਿਰੋਜ਼ਪੁਰ ਦੇ ਸਿਵਲ ਸਰਜਨ ਡਾ:ਰਾਜਿੰਦਰ ਰਾਜ ਨੇ ਜ਼ਿਲਾ ਨਿਵਾਸੀਆਂ ਦੇ ਨਾਮ ਇੱਕ ਸੰਦੇਸ਼ ਵਿੱਚ ਦਿੱਤੀ।
ਉਨ੍ਹਾਂ ਨੇ ਮੁਹਿੰਮ ਦੇ ਇਸ ਪੜਾਅ ਬਾਰੇ ਜਾਣਕਾਰੀ ਦਿੰਦਆਂ ਕਿਹਾ ਕਿ ਸਰਕਾਰ ਵੱਲੋਂ ਪ੍ਰਾਪਤ ਹਿਦਾਇਤਾਂ ਅਨੁਸਾਰ ਕੋਵਿਡ ਵੈਕਸੀਨੇਸ਼ਨ ਕੇਂਦਰਾਂ ਨੁੰ ਸਿਹਤ ਸੰਸਥਾਵਾਂ ਵਿੱਚੋਂ ਤਬਦੀਲ ਕਰਕੇ ਵਿਦਿਅਕ ਜਾਂ ਹੋਰ ਸੰਸਥਾਵਾਂ ਵਿਖੇ ਲਿਜਾਇਆ ਗਿਆ ਹੈ ਤਾਂ ਕਿ ਟੀਕਾਕਰਨ ਕਰਵਾਉਣ ਲਈ ਆਉਣ ਵਾਲੇ ਵਿਅਕਤੀਆਂ ਨੂੰ ਖੁੱਲੀ ਜਗਾ ਉਪਲੱਬਧ ਕਰਵਾਈ ਜਾ ਸਕੇ ਅਤੇ ਕਰੋਨਾ ਦੇ ਫੈਲਾਅ ਨੂੰ ਰੋਕਿਆ ਜਾ ਸਕੇ। ਉਨ੍ਹਾਂ ਅੱਗੇ ਦੱਸ਼ਿਆ ਕਿ ਇਸ ਮੰਤਵ ਲਈ ਜ਼ਿਲੇ ਅੰਦਰ ਕੁੱਲ 08 ਟੀਕਾ ਕਰਨ ਕੇਂਦਰ ਸਥਾਪਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਸ਼ਹਿਰ ਦਾ ਹੋਸਟਲ ਬਲਾਕ, ਫਿਰੋਜ਼ਪੁਰ ਸ਼ਹਿਰ ਦਾ ਪਰਮਾਰਥ ਭਵਨ, ਫਿਰੋਜ਼ਪੁਰ ਕੈਂਟ ਦਾ ਸਕਿਲ ਡਿਵੈਲਪਮੈਂਟ ਸੈਂਟਰ, ਸਵਾਮੀ ਸਾਵਲੇ ਪ੍ਰਕਾਸ਼ ਵਿਦਿਆ ਮੰਦਿਰ ਜੀਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਮਦੋਟ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਖੂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਗੁਰੂਹਰਸਹਾਏ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਫਿਰੋਜ਼ਸ਼ਾਹ ਸ਼ਾਮਿਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਪੜਾਅ ਵਿੱਚ 18 ਤੋਂ 44 ਸਾਲ ਦੇ ਉਸਾਰੀ ਕਾਮਿਆਂ ਦੇ ਟੀਕਾਕਰਨ ਲਈ ਜ਼ਿਲੇ ਵਿੱਚ ਉਦਯੋਗਿਕ ਸੰਸਥਾਵਾਂ ਵਿਖੇ ਵਿਸ਼ੇਸ਼ ਕੈਂਪ ਲਗਾ ਕੇ ਕਿਰਤ ਵਿਭਾਗ ਪਾਸ ਦਰਜ ਕਾਮਿਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।
ਸਿਵਲ ਸਰਜਨ ਡਾ:ਰਾਜਿੰਦਰ ਰਾਜ ਨੇ ਜ਼ਿਲਾ ਨਿਵਾਸੀਆਂ ਦੇ ਨਾਮ ਇੱਕ ਅਪੀਲ ਵਿੱਚ ਕਿਹਾ ਕਿ ਸਾਰੇ ਯੋਗ ਵਿਅਕਤੀ ਕੋਵਿਡ ਟੀਕਾਕਰਨ ਲਈ ਅੱਗੇ ਆਉਣ ਅਤੇ ਕੋਵਿਡ ਪ੍ਰੋਟੋਕਾਲ ਦਾ ਪਾਲਣਾ ਯਕੀਨੀ ਬਣਾਉਣ ਜਿਸ ਵਿੱਚ ਸਮਾਜਿਕ ਦੂਰ ਕਇਮ ਰੱਖੀ ਜਾਵੇ, ਸਹੀ ਤਰੀਕੇ ਨਾਲ ਮਾਸਕ ਪਾਇਆ ਜਾਵੇ ਅਤੇ ਹੱਥਾਂ ਨੂੰ ਸਮੇ ਸਮੇ ਸਾਬਨ ਨਾਲ ਧੋਇਆ ਜਾਵੇ। ਉਨ੍ਹਾਂ ਆਪਣੀ ਅਪੀਲ ਨੂੰ ਜਾਰੀ ਰੱਖਦਿਆਂ ਕਿਹਾ ਕਿ ਕੋਵਿਡ ਦੇ ਲੱਛਣਾਂ ਵਾਲੇ ਮਰੀਜ਼ਾਂ ਨੂੰ ਸ਼ੁਰੂਆਤ ਵਿੱਚ ਹੀ ਆਪਣਾ ਕਰੋਨਾ ਟੈਸਟ ਕਰਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ।ਇਹ ਟੈਸਟ ਸਰਕਾਰੀ ਸਿਹਤ ਸੰਸਥਾਵਾਂ ਵਿਖੇ ਮੁਫਤ ਉਪਲੱਬਧ ਹਨ।