*ਬਰਨਾਲਾ ਵਾਸੀਆਂ ਨੂੰ ਕਰੋਨਾ ਦਾ ਸਮੇਂ ਸਿਰ ਟੈਸਟ ਕਰਾਉਣ ਦੀ ਅਪੀਲ
*ਡਿਪਟੀ ਕਮਿਸ਼ਨਰ ਤੇ ਸਿਵਲ ਸਰਜਨ ਨੇ ਫੇਸਬੁੱਕ ਲਾਈਵ ਦੌਰਾਨ ਸਵਾਲਾਂ ਦੇ ਦਿੱਤੇ ਜਵਾਬ
ਬਰਨਾਲਾ, 27 ਅਗਸਤ
ਆਮ ਲੋਕਾਂ ਵਿਚ ਕਰੋਨਾ ਵਾਇਰਸ ਦੀ ਟੈਸਟਿੰਗ ਕਰਾਉਣ ਸਬੰਧੀ ਗਲਤ ਧਾਰਨਾ ਬਣੀ ਹੋਈ ਹੈ ਕਿ ਇਹ ਟੈਸਟਿੰਗ ਪ੍ਰਕਿਰਿਆ ਤਕਲੀਫਦੇਹ ਹੈ, ਜਦੋਂਕਿ ਅਜਿਹਾ ਨਹੀਂ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਫੇਸਬੁਕ ਲਾਈਵ ਸੈਸ਼ਨ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਨੇ ਆਖਿਆ ਕਿ ਸਿਹਤ ਵਿÎਭਾਗ ਦੀਆਂ ਜੋ ਟੀਮਾਂ ਲੋਕਾਂ ਦੀ ਸਕਰੀਨਿੰਗ ਜਾਂ ਟੈਸਟਿੰਗ ਲਈ ਜਾਂਦੀਆਂ ਹਨ, ਉਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ ਜਾਵੇ, ਕਿਉਂਕਿ ਇਹ ਸਿਹਤ ਵਿਭਾਗ ਜ਼ਿਲ੍ਹਾ ਵਾਸੀਆਂ ਦੀ ਭਲਾਈ ਲਈ ਹੀ ਡਟਿਆ ਹੋਇਆ ਹੈ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਨੇ ਜ਼ਿਲ੍ਹਾ ਵਾਸੀਆਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਆਖਿਆ ਕਿ ਜੇਕਰ ਹਰ ਵਿਅਕਤੀ ਆਪਣੀ ਨੈਤਿਕ ਜ਼ਿੰਮੇਵਾਰ ਸਮਝਦੇ ਹੋਏ ਮਾਸਕ ਪਾਉਣ, ਹੱਥ ਧੋਣ ਅਤੇ ਸਮਾਜਿਕ ਦੂਰੀ ਬਣਾਉਣ ਦਾ ਖਿਆਲ ਰੱਖੇਗਾ ਤਾਂ ਹੀ ਅਸੀਂ ਕਰੋਨਾ ਤੋਂ ਬਚ ਸਕਦੇ ਹਾਂ। ਰੇਹੜੀਆਂ ਵਾਲਿਆਂ ਵੱਲੋਂ ਮਾਸਕ ਨਾ ਪਾਉਣ ਦੇ ਇਕ ਸਵਾਲ ਦੇ ਜਵਾਬ ਵਿਚ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਮਾਸਕ ਪਾਉਣ ਸਬੰਧੀ ਲੋਕਾਂ ਨੂੰ ਲਗਾਤਾਰ ਪ੍ਰੇਰਿਤ ਕੀਤਾ ਜਾ ਰਿਹਾ ਹੈ ਤੇ ਮੁਫਤ ਮਾਸਕ ਵੰਡੇ ਜਾ ਰਹੇ ਹਨ।
ਇਸ ਮੌਕੇ ਸਿਵਲ ਸਰਜਨ ਨੇ ਆਖਿਆ ਕਿ ਕਰੋਨਾ ਵਾਇਰਸ ਦਾ ਟੈਸਟ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਫੀਲਡ ਵਿਚ ਸੇਵਾਵਾਂ ਨਿਭਾਉਣ ਵਾਲੇ ਮੁਲਾਜ਼ਮ ਆਪਣੇ ਪਰਿਵਾਰ ਦਾ ਧਿਆਨ ਰੱਖਣ ਲਈ ਤਿੰਨ ਜ਼ਰੂਰੀ ਇਹਤਿਆਤ ਜ਼ਰੂਰ ਵਰਤਣ ਅਤੇ ਘਰ ਪਹੁੰਚ ਕੇ ਚੰਗੀ ਤਰ੍ਹਾਂ ਹੱਥ ਜ਼ਰੂਰ ਧੋਣ। ਉਨ੍ਹਾਂ ਕਿਹਾ ਕਿ ਕਰੋਨਾ ਦੇ ਲੱਛਣ ਬੁਖਾਰ, ਖਾਂਸੀ, ਜੁਕਾਮ ਆਦਿ ਹੈ ਤੇ ਕਰੋਨਾ ਦਾ ਪਤਾ ਕਰਨ ਲਈ ਇਕੋ ਇਕ ਤਰੀਕਾ ਟੈਸਟਿੰਗ ਹੀ ਹੈ। ਉਨ੍ਹਾਂ ਕਿਹਾ ਕਿ ਟੈਸਟ ਸਮੇਂ ਸਿਰ ਕਰਾਇਆ ਜਾਵੇ ਤਾਂ ਜੋ ਸਮੇਂ ’ਤੇ ਇਲਾਜ ਹੋ ਸਕੇ।

हिंदी






