ਜ਼ਿਲ੍ਹਾ ਮੈਜਿਸਟਰੇਟ ਵੱਲੋਂ ਕੰਬਾਇਨਾਂ ਨਾਲ ਝੋਨੇ ਦੀ ਕਟਾਈ ‘ਤੇ ਸ਼ਾਮ 7 ਤੋਂ ਸਵੇਰ 10 ਵਜੇ ਤੱਕ ਪਾਬੰਦੀ

DC Patiala Amit Kumar

Sorry, this news is not available in your requested language. Please see here.

ਪਟਿਆਲਾ, 23 ਸਤੰਬਰ
ਪਟਿਆਲਾ ਦੇ ਜ਼ਿਲ੍ਹਾ ਮੈਜਿਸਟਰੇਟ ਸ਼੍ਰੀ ਕੁਮਾਰ ਅਮਿਤ ਨੇ ਫੌਜਦਾਰੀ ਜਾਬਤਾ ਸੰਘਤਾ 1973 (2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਵਿੱਚ ਸ਼ਾਮ 7.00 ਵਜੇ ਤੋਂ ਸਵੇਰ 10.00 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਾਲ 2019-20 ਦੌਰਾਨ ਝੋਨੇ (ਜ਼ੀਰੀ) ਦੀ ਫਸਲ ਦੀ ਕਟਾਈ ਸ਼ੁਰੂ ਹੋ ਰਹੀ ਹੈ। ਆਮ ਤੌਰ ਤੇ ਵੇਖਣ ਵਿੱਚ ਆਇਆ ਹੈ ਕਿ ਝੋਨਾ ਕੱਟਣ ਲਈ ਕੰਬਾਇਨਾਂ 24 ਘੰਟੇ ਕੰਮ ਕਰਦੀਆਂ ਹਨ। ਇਹ ਕੰਬਾਇਨਾਂ ਰਾਤ ਵੇਲੇ ਹਰਾ ਝੋਨਾ ਜਿਹੜਾ ਕਿ ਚੰਗੀ ਤਰ੍ਹਾਂ ਪੱਕਿਆ ਨਹੀਂ ਹੁੰਦਾ, ਭਾਵ ਕੱਚਾ ਦਾਣਾ ਕੱਟ ਦਿੰਦੀਆਂ ਹਨ। ਹਰਾ ਕੱਟਿਆ ਹੋਇਆ ਝੋਨਾ ਸੁੱਕਣ ‘ਤੇ ਕਾਲਾ ਪੈ ਜਾਂਦਾ ਹੈ, ਸਵੇਰੇ ਜਲਦੀ ਕੰਬਾਇਨਾਂ ਚੱਲਣ ਨਾਲ ਨਮੀ ਵਾਲੇ ਝੋਨੇ ਦੀ ਮਿਕਦਾਰ ਬਹੁਤ ਜ਼ਿਆਦਾ ਹੋ ਜਾਂਦੀ ਹੈ। ਜਦੋਂ ਇਹ ਸਿੱਲ੍ਹਾ ਝੋਨਾ ਮੰਡੀਆਂ ਵਿੱਚ ਵਿਕਣ ਲਈ ਲਿਆਂਦਾ ਜਾਂਦਾ ਹੈ ਤਾਂ ਨਮੀ ਦੀ ਪ੍ਰਵਾਨਿਤ ਹੱਦ ਨਾਲੋਂ ਜ਼ਿਆਦਾ ਹੋਣ ਕਾਰਨ ਖਰੀਦ ਏਜੰਸੀਆਂ ਖਰੀਦ ਕਰਨ ਤੋਂ ਇਨਕਾਰ ਕਰ ਦਿੰਦੀਆਂ ਹਨ। ਸਿੱਟੇ ਵਜੋਂ ਮੰਡੀਆਂ ਵਿੱਚ ਅਣਵਿਕੇ ਝੋਨੇ ਦੇ ਅੰਬਾਰ ਜਮ੍ਹਾਂ ਹੋ ਜਾਂਦੇ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਪੁਰਾਣੀਆਂ ਹੋ ਚੁੱਕੀਆਂ ਕੰਬਾਇਨਾਂ ਵੀ ਕਟਾਈ ਕਰਦੀਆਂ ਹਨ, ਜੋ ਝੋਨੇ ਦੀ ਕੁਆਲਿਟੀ ਨੂੰ ਪ੍ਰਭਾਵਿਤ ਕਰਦੀਆਂ ਹਨ। ਜਿਸ ਕਰਕੇ ਖਰੀਦ ਏਜੰਸੀਆਂ ਇਸ ਦੀ ਖਰੀਦ ਕਰਨ ਤੋਂ ਹਿਚਕਿਚਾਉਂਦੀਆਂ ਹਨ। ਝੋਨਾ ਸਮੇਂ ਸਿਰ ਨਾ ਵਿਕਣ ਕਾਰਨ ਕਿਸਾਨਾਂ ਵਿੱਚ ਰੋਸ ਪੈਦਾ ਹੁੰਦਾ ਹੈ। ਜਿਸ ਨਾਲ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਰਾ ਪੈਦਾ ਹੁੰਦਾ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਪਟਿਆਲਾ ਅੰਦਰ ਝੋਨੇ ਦੀ ਕਟਾਈ ਕਰਨ ਵਾਲੀਆਂ ਕੰਬਾਇਨਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਹਾਰਵੈਸਟਰ ਕੰਬਾਈਨਜ਼ ਦੀ ਖੇਤੀਬਾੜੀ ਵਿਭਾਗ ਰਾਹੀਂ ਓਪਰੇਸ਼ਨ ਬਾਰੇ ਇੰਸਪੈਕਸ਼ਨ ਕਰਵਾਈ ਜਾਵੇ। ਮੁੱਖ ਖੇਤੀਬਾੜੀ ਅਫ਼ਸਰ , ਪਟਿਆਲਾ ਨੂੰ ਇਹਨਾਂ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਅਗਲੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ ਗਿਆ ਹੈ। ਇਹ ਹੁਕਮ ਜ਼ਿਲ੍ਹੇ ਵਿੱਚ 22 ਨਵੰਬਰ 2020 ਤੱਕ ਲਾਗੂ ਰਹਿਣਗੇ।