ਜ਼ਿਲ੍ਹਾ ਮੈਜਿਸਰਟਰੇਟ ਵੱਲੋਂ 15 ਅਕਤੂਬਰ ਤੋਂ ਬਾਅਦ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ ਵਿੱਚ ਵਧੇਰੇ ਗਤੀਵਿਧੀਆਂ ਨੂੰ ਇਜਾਜ਼ਤ ਦੇਣ ਦਾ ਫੈਸਲਾ

Sorry, this news is not available in your requested language. Please see here.

15 ਅਕਤੂਬਰ ਤੋਂ ਸਕੂਲ ਅਤੇ ਕੋਚਿੰਗ ਸੰਸਥਾਵਾਂ ਖੋਲਣ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ
ਤਰਨ ਤਾਰਨ, 13 ਅਕਤੂਬਰ:
ਜ਼ਿਲ੍ਹਾ ਮੈਜਿਸਰਟਰੇਟ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਵੱਲੋਂ ਫੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਹੁਕਮ ਜਾਰੀ ਕਰਦਿਆਂ 15 ਅਕਤੂਬਰ, 2020 ਤੋਂ ਬਾਅਦ ਕੰਟੇਨਮੈਂਟ ਜ਼ੋਨਾਂ ਤੋਂ ਬਾਹਰਲੇ ਖੇਤਰਾਂ ਵਿੱਚ ਵਧੇਰੇ ਗਤੀਵਿਧੀਆਂ ਨੂੰ ਇਜਾਜ਼ਤ ਦੇਣ ਦਾ ਫੈਸਲਾ ਕੀਤਾ ਹੈ।
ਜ਼ਿਲ੍ਹਾ ਮੈਜਿਸਰਟਰੇਟ ਨੇ ਦੱਸਿਆ ਕਿ ਕੁਝ ਸ਼ਰਤਾਂ ਜਿਵੇਂ ਆਨ ਲਾਈਨ/ਦੂਰਵਰਤੀ ਸਿੱਖਿਆ ਨੂੰ ਤਰਜੀਹ ਦੇਣ ਅਤੇ ਉਤਸ਼ਾਹਿਤ ਕਰਨ ਤਹਿਤ 15 ਅਕਤੂਬਰ, 2020 ਤੋਂ ਬਾਅਦ ਪੜਾਅਵਾਰ ਢੰਗ ਨਾਲ ਸਕੂਲ ਅਤੇ ਕੋਚਿੰਗ ਸੰਸਥਾਵਾਂ ਖੋਲਣ ਦਾ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ, ਸਿਰਫ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਮਾਤਾ-ਪਿਤਾ ਦੀ ਸਹਿਮਤੀ ਨਾਲ ਸਕੂਲ / ਸੰਸਥਾਵਾਂ ਵਿੱਚ ਜਾਣ ਦੀ ਆਗਿਆ ਦਿੱਤੀ ਗਈ ਹੈ। ਹਾਜ਼ਰੀ ਨੂੰ ਲਾਜ਼ਮੀ ਬਣਾਏ ਬਿਨਾਂ ਇਹ ਪੂਰੀ ਤਰਾਂ ਮਾਪਿਆਂ ਦੀ ਸਹਿਮਤੀ ’ਤੇ ਨਿਰਭਰ ਹੋਵੇਗਾ।
ਉਨਾਂ ਦੱਸਿਆ ਕਿ ਜਿਹੜੇ ਸਕੂਲਾਂ ਨੂੰ 15 ਅਕਤੂਬਰ ਤੋਂ ਬਾਅਦ ਖੋਲਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਉਨਾਂ ਨੂੰ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨਾਲ ਸਲਾਹ ਮਸ਼ਵਰੇ ਜ਼ਰੀਏ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਜਾਣ ਵਾਲੀ ਐਸ. ਓ. ਪੀਜ਼ ਦੀ ਲਾਜ਼ਮੀ ਤੌਰ ’ਤੇ ਪਾਲਣਾ ਕਰਨੀ ਹੋਵੇਗੀ।
ਇਸ ਤੋਂ ਇਲਾਵਾ ਪ੍ਰਯੋਗਸ਼ਾਲਾਵਾਂ/ਪ੍ਰਯੋਗਾਤਮਕ ਕਾਰਜਾਂ ਦੀ ਜ਼ਰੂਰਤ ਅਨੁਸਾਰ ਸਿਰਫ਼ ਖੋਜ ਵਿਦਵਾਨਾਂ (ਪੀ. ਐਚ. ਡੀ) ਅਤੇ ਸਾਇੰਸ ਅਤੇ ਤਕਨਾਲੋਜੀ ਸਟਰੀਮ ਦੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਲਈ ਉੱਚ ਵਿਦਿਅਕ ਸੰਸਥਾਵਾਂ 15 ਅਕਤੂਬਰ, 2020 ਤੋਂ ਬਾਅਦ ਖੋਲਣ ਦੀ ਆਗਿਆ ਦਿੱਤੀ ਗਈ ਹੈ। ਕੇਂਦਰ ਤੋਂ ਫੰਡ ਪ੍ਰਾਪਤ ਉੱਚ ਸਿੱਖਿਆ ਸੰਸਥਾਵਾਂ ਸਬੰਧੀ ਸੰਸਥਾ ਦਾ ਮੁਖੀ ਪ੍ਰਯੋਗਸ਼ਾਲਾਵਾਂ / ਪ੍ਰਯੋਗਾਤਮਕ ਕਾਰਜਾਂ ਦੀ ਲੋੜ ਅਨੁਸਾਰ ਖੋਜ ਵਿਦਵਾਨਾਂ ਅਤੇ ਵਿਗਿਆਨ ਅਤੇ ਤਕਨਾਲੋਜੀ ਸਟਰੀਮ ਦੇ  ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਦੀ ਲੋੜ ਮੁਤਾਬਕ ਫੈਸਲਾ ਲਵੇਗਾ।
ਉਨਾਂ ਕਿਹਾ ਕਿ ਇਸ ਤੋਂ ਇਲਾਵਾ, ਰਾਜ ਦੀਆਂ ਹੋਰ ਉੱਚ ਸਿੱਖਿਆ ਸੰਸਥਾਵਾਂ ਜਿਵੇਂ ਰਾਜ ਦੀਆਂ ਯੂਨੀਵਰਸਿਟੀਆਂ ਅਤੇ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਵੀ 15 ਅਕਤੂਬਰ, 2020 ਤੋਂ ਪ੍ਰਯੋਗਸ਼ਾਲਾਵਾਂ/ਪ੍ਰਯੋਗਾਤਮਕ ਲੋੜਾਂ ਅਨੁਸਾਰ ਕੇਵਲ ਖੋਜ ਵਿਦਵਾਨਾਂ (ਪੀਐਚ.ਡੀ.) ਅਤੇ ਸਾਇੰਸ ਅਤੇ ਤਕਨਾਲੋਜੀ ਸਟਰੀਮ ਦੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਲਈ ਖੋਲਣ ਦੀ ਆਗਿਆ ਦਿੱਤੀ ਗਈ ਹੈ।
ਉਨਾਂ ਦੱਸਿਆ ਕਿ ਖਿਡਾਰੀਆਂ ਲਈ ਵਰਤੇ ਜਾਂਦੇ ਤੈਰਾਕੀ ਪੂਲ ਨੂੰ ਭਾਰਤ ਸਰਕਾਰ ਦੇ ਯੁਵਕ ਮਾਮਲਿਆਂ ਅਤੇ ਖੇਡ ਮੰਤਰਾਲੇ (ਐੱਮ. ਓ. ਆਈ. ਏ. ਐਂਡ ਐੱਸ) ਦੁਆਰਾ ਜਾਰੀ ਕੀਤੇ ਜਾਣ ਵਾਲੇ ਐਸ.ਓ.ਪੀਜ਼ ਅਨੁਸਾਰ 15 ਅਕਤੂਬਰ, 2020 ਤੋਂ ਬਾਅਦ ਖੋਲਣ ਦੀ ਆਗਿਆ ਹੈ।
ਇਸ ਤੋਂ ਇਲਾਵਾ ਭਾਰਤ ਸਰਕਾਰ ਦੇ ਵਣਜ ਮੰਤਰਾਲੇ (ਐਮ. ਓ. ਸੀ.) ਦੁਆਰਾ ਜਾਰੀ ਐੱਸ. ਓ. ਪੀਜ਼ ਅਨੁਸਾਰ 15 ਅਕਤੂਬਰ, 2020 ਤੋਂ ਬਿਜ਼ਨਸ ਟੂ ਬਿਜ਼ਨਸ (ਬੀ-2-ਬੀ) ਪ੍ਰਦਰਸ਼ਨੀਆਂ ਨੂੰ ਖੋਲਣ ਦੀ ਆਗਿਆ ਦਿੱਤੀ ਗਈ ਹੈ।
ਉਨਾਂ ਅੱਗੇ ਦੱਸਿਆ ਕਿ ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਸਮਾਜਿਕ / ਅਕਾਦਮਿਕ / ਖੇਡਾਂ / ਮਨੋਰੰਜਨ / ਸੱਭਿਆਚਾਰਕ / ਧਾਰਮਿਕ / ਰਾਜਨੀਤਿਕ ਸਮਾਗਮ, ਜਿਨਾਂ ਵਿਚ ਵਿਆਹ ਤੇ ਸਸਕਾਰ ਅਤੇ ਹੋਰ ਸਮਾਗਮ ਸ਼ਾਮਲ ਹਨ, ਲਈ ਪਹਿਲਾਂ ਹੀ 100 ਵਿਅਕਤੀਆਂ ਦੀ ਸੀਮਾ ਨਾਲ ਆਗਿਆ ਦਿੱਤੀ ਗਈ ਹੈ। ਕੰਟੇਨਮੈਂਟ ਜ਼ੋਨਾਂ ਤੋਂ ਬਾਹਰ ਇਸ ਤਰਾਂ ਦੇ ਇਕੱਠਾਂ ਲਈ 100 ਵਿਅਕਤੀਆਂ ਦੀ ਨਿਰਧਾਰਤ ਸੀਮਾ ਤੋਂ ਵੱਧ ਇਕੱਠ ਕਰਨ ਦੀ ਆਗਿਆ ਕੁਝ ਸ਼ਰਤਾਂ ਅਧੀਨ 15 ਅਕਤੂਬਰ, 2020 ਤੋਂ ਹੋਵੇਗੀ ਜਿਵੇਂ ਕਿ ਬੰਦ ਥਾਵਾਂ ਵਿੱਚ 200 ਵਿਅਕਤੀਆਂ ਦੀ ਸੀਮਾ ਦੇ ਨਾਲ ਹਾਲ ਦੀ ਵੱਧ ਤੋਂ ਵੱਧ 50% ਸਮਰੱਥਾ ਦੀ ਆਗਿਆ ਹੈ। ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ, ਥਰਮਲ ਸਕੈਨਿੰਗ ਦੀ ਵਿਵਸਥਾ ਅਤੇ ਸੈਨੇਟਾਈਜ਼ਰ ਦੀ ਵਰਤੋਂ ਲਾਜ਼ਮੀ ਹੋਵੇਗੀ।
ਉਨਾਂ ਦੱਸਿਆ ਕਿ ਖੁੱਲੀਆਂ ਥਾਵਾਂ, ਜ਼ਮੀਨ / ਜਗਾ ਦੇ ਅਕਾਰ ਨੂੰ ਧਿਆਨ ਵਿਚ ਰੱਖਦਿਆਂ ਜ਼ਿਲਾ ਮੈਜਿਸਟਰੇਟ ਦੀ ਆਗਿਆ ਅਤੇ ਸਮਾਜਿਕ ਦੂਰੀ ਬਣਾਏ ਰੱਖਣ, ਲਾਜ਼ਮੀ ਮਾਸਕ ਪਾਉਣ, ਥਰਮਲ ਸਕੈਨਿੰਗ ਦੀ ਵਿਵਸਥਾ ਅਤੇ ਸੈਨੇਟਾਈਜ਼ਰ ਦੀ ਵਰਤੋਂ ਦੇ ਨੇਮਾਂ ਦੀ ਸਖ਼ਤੀ ਨਾਲ ਪਾਲਣਾ ਨਾਲ ਇਸ ਤਰਾਂ ਦੇ ਇਕੱਠਾਂ ਦੀ ਆਗਿਆ ਹੋਵੇਗੀ। ਇਸ ਲਈ ਸਿਰਫ ਮਨੋਰੰਜਨ ਦੇ ਸਮਾਗਮਾਂ ਲਈ 100 ਵਿਅਕਤੀਆਂ ਤੋਂ ਵੱਧ ਦੇ ਇਕੱਠ ਦੀ ਇਜ਼ਾਜ਼ਤ ਨਹੀਂ ਹੋਵੇਗੀ।