-ਘਰ-ਘਰ ਜਾ ਕੇ ਅਤਿ ਕੁਪੋਸ਼ਿਤ ਬੱਚਿਆਂ ਦੀ ਪਹਿਚਾਣ ਕਰ ਰਹੀਆਂ ਹਨ ਆਂਗਣਵਾੜੀ ਵਰਕਰ
ਪਟਿਆਲਾ, 15 ਸਤੰਬਰ:
ਕੁਪੋਸ਼ਣ ਨਾਲ ਨਜਿੱਠਣ ਲਈ ਭਾਰਤ ਸਰਕਾਰ ਵੱਲੋਂ ਚਲਾਏ ਜਾ ਰਹੇ ਪੋਸ਼ਣ ਅਭਿਆਨ ਤਹਿਤ ਸਤੰਬਰ ਦੇ ਮਹੀਨੇ ਨੂੰ ਪੋਸ਼ਣ ਮਾਹ ਵਜੋਂ ਮਨਾਇਆ ਜਾ ਰਿਹਾ ਹੈ, ਜਿਸ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਆਂਗਣਵਾੜੀ ਵਰਕਰਾਂ ਵੱਲੋਂ ਕੁਪੋਸ਼ਿਤ ਬੱਚਿਆਂ ਦੀ ਪਹਿਚਾਣ ਕਰਨ ਲਈ ਮੁਹਿੰਮ ਚਲਾਈ ਗਈ ਜਿਸ ਤਹਿਤ ਆਂਗਣਵਾੜੀ ਵਰਕਰਾਂ ਵੱਲੋਂ ਘਰ-ਘਰ ਜਾਕੇ ਗਰੋਥ ਮਾਨੀਟਰਿੰਗ ਮਸ਼ੀਨਾਂ ਨਾਲ ਬੱਚਿਆਂ ਦੇ ਭਾਰ ਅਤੇ ਕੱਦ ਮਾਪੇ ਅਤੇ ਮਾਨਕ ਮਾਪਦੰਡਾਂ ਨਾਲ ਅਤਿ ਗੰਭੀਰ ਕੁਪੋਸ਼ਿਤ ਬੱਚਿਆਂ ਦੀ ਪਹਿਚਾਣ ਕੀਤੀ ਗਈ ਅਤੇ ਇਨ੍ਹਾਂ ਬੱਚਿਆਂ ਨੂੰ ਆਰ.ਬੀ.ਐਸ.ਕੇ. ਟੀਮਾਂ ਨਾਲ ਤਾਲਮੇਲ ਕਰਦੇ ਹੋਏ ਰੈਫ਼ਰ ਕੀਤਾ ਗਿਆ।
ਕੁਪੋਸ਼ਣ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਲੋਂ ਜ਼ਿਲ੍ਹੇ ‘ਚ ਕੁਪੋਸ਼ਿਤ ਬੱਚਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਬੱਚਿਆਂ ਨੂੰ ਠੀਕ ਕਰਨ ਲਈ ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫ਼ਸਰਾਂ ਦੀ ਡਿਊਟੀ ਲਗਾਕੇ ਲੋੜੀਂਦੇ ਕਦਮ ਚੁੱਕਣ ਲਈ ਕਿਹਾ ਗਿਆ ਹੈ।
ਜ਼ਿਕਰਯੋਗ ਹੈ ਕਿ ਪੋਸ਼ਣ ਅਭਿਆਨ ਅਧੀਨ ਸਤੰਬਰ ਦਾ ਮਹੀਨਾ ਪੋਸ਼ਣ ਮਾਹ ਵਜੋ ਮਨਾਇਆ ਜਾ ਰਿਹਾ ਹੈ। ਇਸ ਪੋਸ਼ਣ ਮਾਹ ਦਾ ਮਕਸਦ ਬੱਚਿਆ ਅਤੇ ਔਰਤਾਂ ਨੂੰ ਕੁਪੋਸ਼ਣ ਅਤੇ ਅਨੀਮੀਆ ਮੁਕਤ ਕਰਨ ਲਈ ਲੋਕ ਲਹਿਰ ਪੈਦਾ ਕਰਨਾ ਹੈ। ਇਸ ਵਾਰ ਦੇ ਪੋਸ਼ਣ ਮਾਹ ਦੇ ਮੁੱਖ ਟੀਚਿਆਂ ਵਿੱਚੋਂ ਇੱਕ ਟੀਚਾ ਅਤਿ ਗੰਭੀਰ ਕੁਪੋਸ਼ਿਤ ਬੱਚਿਆ ਨੂੰ ਲਾਲ ਜੋਨ ਤੋ ਗਰੀਨ ਜੋਨ ਵਿੱਚ ਲੈ ਕੇ ਆਉਣਾ ਹੈ ਅਤੇ ਦੂਸਰਾ ਮੁੱਖ ਟੀਚਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਪੋਸ਼ਣ ਬਗੀਚੀਆਂ ਵਿਕਸਿਤ ਕਰਨਾ ਹੈ। ਇਸ ਤੋ ਇਲਾਵਾ ਅੱਜ ਪਟਿਆਲਾ ਜ਼ਿਲ੍ਹੇ ਦੇ ਸਮੂਹ ਸੀ.ਡੀ.ਪੀ.ੳਜ਼, ਸੁਪਰਵਾਈਜ਼ਰਾਂ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਮਿਸ਼ਨ ਫ਼ਤਿਹ ਤਹਿਤ ਘਰ-ਘਰ ਜਾ ਕੇ ਕੋਵਿਡ-19 ਸਬੰਧੀ ਜਾਗਰੂਕ ਕਰਨ ਵਾਲੀਆਂ ਗਤੀਵਿਧੀਆਂ ਕਰਵਾਈਆਂ ਗਈਆਂ।
ਕੈਪਸ਼ਨ : ਆਂਗਣਵਾੜੀ ਵਰਕਰ ਗਰੋਥ ਮਾਨੀਟਰਿੰਗ ਮਸ਼ੀਨਾਂ ਨਾਲ ਬੱਚਿਆਂ ਦਾ ਭਾਰ ਅਤੇ ਕੱਦ ਮਾਪਦੇ ਹੋਏ।

हिंदी






