ਜ਼ਿਲ੍ਹੇ ਵਿਚ 44,229 ਬੱਚਿਆਂ ਨੂੰ ਪਿਲਾਈਆਂ ਪੋਲੀਉ-ਰੋਕੂ ਬੂੰਦਾਂ

Sorry, this news is not available in your requested language. Please see here.

ਸਫ਼ਲਤਾ ਨਾਲ ਨੇਪਰੇ ਚੜ੍ਹੀ ਮੁਹਿੰਮ, ਟੀਚਾ ਪੂਰਾ : ਡਾ. ਆਦਰਸ਼ਪਾਲ ਕੌਰ
ਐਸ.ਏ.ਐਸ ਨਗਰ, 29 ਜੂਨ 2021
ਤਿੰਨ ਰੋਜ਼ਾ ਸਬ-ਨੈਸ਼ਨਲ ਇਮੂਨਾਈਜੇਸ਼ਨ ਡੇਅ (ਐਨ.ਆਈ.ਡੀ.) ਮੁਹਿੰਮ ਤਹਿਤ ਜ਼ਿਲ੍ਹਾ ਮੋਹਾਲੀ ਵਿਚ ਕੁਲ 44,229 ਬੱਚਿਆਂ ਨੂੰ ਪੋਲੀਓ-ਰੋਕੂ ਬੂੰਦਾਂ ਪਿਲਾਈਆਂ ਗਈਆਂ ਹਨ। ਜ਼ਿਲ੍ਹੇ ਵਿਚ 42,120 ਬੱਚਿਆਂ ਨੂੰ ਪੋਲੀਉ-ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਸੀ। ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦਸਿਆ ਕਿ 27 ਜੂਨ ਨੂੰ ਸ਼ੁਰੂ ਹੋਈ ਪਲਸ ਪੋਲੀਉ ਮੁਹਿੰਮ ਤਹਿਤ ਪਹਿਲੇ ਦਿਨ 0 ਤੋਂ 5 ਸਾਲ ਤਕ ਦੀ ਉਮਰ ਦੇ 19,762 ਅਤੇ ਦੂਜੇ ਦਿਨ 16,157 ਅਤੇ ਤੀਜੇ 8310 ਬੱਚਿਆਂ ਨੂੰ ਦਵਾਈ ਪਿਲਾਈ ਗਈ। ਇਸ ਮੁਹਿੰਮ ਤਹਿਤ ਸਿਰਫ਼ ਉੱਚ ਜੋਖਮ ਵਾਲੇ ਖੇਤਰ, ਪਰਵਾਸੀ ਆਬਾਦੀ, ਭੱਠੇ, ਨਿਰਮਾਣ ਸਥਾਨ, ਝੁੱਗੀ-ਬਸਤੀ ਸਮੇਤ ਸਾਰੇ ਖੇਤਰ ਕਵਰ ਕੀਤੇ ਗਏ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੇ ਯਕੀਨੀ ਬਣਾਇਆ ਹੈ ਕਿ ਕੋਈ ਵੀ ਬੱਚਾ ਦਵਾਈ ਪੀਣ ਤੋਂ ਵਾਂਝਾ ਨਾ ਰਹੇ, ਜੇ ਫਿਰ ਵੀ ਕਿਸੇ ਕਾਰਨ ਕੋਈ ਬੱਚਾ ਦਵਾਈ ਨਹੀਂ ਪੀ ਸਕਿਆ ਤਾਂ ਉਸ ਨੂੰ ਨੇੜਲੇ ਸਿਹਤ ਕੇਂਦਰ ਵਿਚ ਲਿਜਾ ਕੇ ਦਵਾਈ ਪਿਲਾਈ ਜਾ ਸਕਦੀ ਹੈ।
ਡਾ. ਆਦਰਸ਼ਪਾਲ ਕੌਰ ਨੇ ਮੁਹਿੰਮ ਦੀ ਸਫ਼ਲਤਾ ਯਕੀਨੀ ਬਣਾਉਣ ਲਈ ਜ਼ਮੀਨੀ ਪੱਧਰ ’ਤੇ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ, ਏਐਨਐਮਜ਼, ਸਿਹਤ ਵਰਕਰਾਂ ਅਤੇ ਡਾਕਟਰਾਂ ਦਾ ਧਨਵਾਦ ਕੀਤਾ ਜਿਨ੍ਹਾਂ ਸਖ਼ਤ ਗਰਮੀ ਵਿਚ ਪੂਰੀ ਮਿਹਨਤ ਅਤੇ ਲਗਨ ਨਾਲ ਜ਼ਿਲ੍ਹੇ ਵਿਚ ਵੱਖ ਵੱਖ ਥਾਵਾਂ ’ਤੇ ਵੀ ਜਾ ਕੇ ਬੱਚਿਆਂ ਨੂੰ ਦਵਾਈ ਪਿਲਾਈ। ਉਨ੍ਹਾਂ ਬੱਚਿਆਂ ਦੇ ਮਾਪਿਆਂ ਦਾ ਵੀ ਧਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਜ਼ਿਲ੍ਹੇ ਵਿਚ ਪੋਲੀਓ ਰੋਕੂ ਮੁਹਿੰਮ ਸਫ਼ਲਤਾ ਨਾਲ ਨੇਪਰੇ ਚੜ੍ਹੀ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਮੁਹਿੰਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਕੁਲ 361 ਟੀਮਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਵਿਚ 312 ਹਾਊਸ ਟੂ ਹਾਊਸ ਟੀਮਾਂ ਸਨ। ਕੁਲ 51 ਸੁਪਰਵਾਇਜ਼ਰ ਇਨ੍ਹਾਂ ਟੀਮਾਂ ’ਤੇ ਨਿਗਰਾਨੀ ਰੱਖ ਰਹੇ ਹਨ। ਮੋਬਾਈਲ ਟੀਮਾਂ ਦੀ ਗਿਣਤੀ 49 ਜਦਕਿ ਵੈਕਸੀਨੇਟਰਾਂ ਦੀ ਗਿਣਤੀ 722 ਸੀ।
ਸਿਵਲ ਸਰਜਨ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅਪਣੇ ਬੱਚਿਆਂ ਨੂੰ ਦਵਾਈ ਜ਼ਰੂਰ ਪਿਲਾਉਣ ਭਾਵੇਂ ਬੱਚੇ ਦਾ ਕੁਝ ਘੰਟੇ ਪਹਿਲਾਂ ਹੀ ਜਨਮ ਕਿਉਂ ਨਾ ਹੋਇਆ ਹੋਵੇ ਜਾਂ ਬੇਸ਼ੱਕ ਬੱਚੇ ਨੂੰ ਖੰਘ, ਜ਼ੁਕਾਮ, ਬੁਖ਼ਾਰ, ਦਸਤ ਜਾਂ ਹੋਰ ਕੋਈ ਬੀਮਾਰੀ ਹੋਵੇ ਕਿਉਂਕਿ ਇਹ ਦਵਾਈ ਪੀਣ ਨਾਲ ਕੋਈ ਮਾੜਾ ਅਸਰ ਨਹੀਂ ਹੁੰਦਾ। ਵੇਖਿਆ ਗਿਆ ਹੈ ਕਿ ਜਿਹੜੇ ਬੱਚੇ ਪੋਲੀਓ ਰੋਕੂ ਦਵਾਈ ਪੀਂਦੇ ਹਨ, ਉਹ ਘੱਟ ਬੀਮਾਰ ਹੁੰਦੇ ਹਨ ਅਤੇ ਉਨ੍ਹਾਂ ਦੇ ਕੁਪੋਸ਼ਣ-ਗ੍ਰਸਤ ਹੋਣ ਦੀ ਸੰਭਾਵਨਾ ਵੀ ਘੱਟ ਹੁੰਦੀ ਹੈ।
ਫ਼ੋਟੋ ਕੈਪਸ਼ਨ : ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਜਾਣਕਾਰੀ ਦਿੰਦੇ ਹੋਏ।