10 ਮਈ ਤੋਂ ਸ਼ੁਰੂ ਹੋਵੇਗੀ 18 ਤੋਂ 44 ਸਾਲ ਦੀ ਉਮਰ ਵਾਲੇ ਉਸਾਰੀ ਕਾਮੇ ਤੇ ਇੰਜੀਨੀਅਰਿੰਗ ਵਿਭਾਗਾਂ ਦੇ ਕਾਮਿਆਂ ਲਈ ਵੈਕਸੀਨੇੇਸ਼ਨ ਮੁਹਿੰਮ

Sorry, this news is not available in your requested language. Please see here.

ਜਿਲ੍ਹੇ ਵਿੱਚ ਵੈਕਸੀਨ ਲਗਾਉਣ ਲਈ ਸਵੇਰੇ 7 ਵਜੇ ਤੋਂ 6 ਸਥਾਨਾਂ ‘ਤੇ ਲਗਾਏ ਜਾਣਗੇ ਵਿਸ਼ੇਸ ਕੈਂਪ
ਤਰਨ ਤਾਰਨ, 09 ਮਈ
ਕੋਵਿਡ ਮਹਾਂਮਾਰੀ ਦੇ ਪ੍ਰਸਾਰ ਨੰੁ ਰੋਕਣ ਲਈ ਪੰਜਾਬ ਸਰਕਾਰ ਵਲੋਂ 18 ਤੋਂ 44 ਸਾਲ ਦੇ ਉਸਾਰੀ ਕਾਮਿਆਂ ਤੇ ਇੰਜੀਨੀਅਰਿੰਗ ਕਾਮਿਆਂ ਲਈ ਵੈਕਸੀਨੇਸ਼ਨ 10 ਮਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ ਜਿਲ੍ਹਾ ਤਰਨ ਤਾਰਨ ਵਿੱਚ ਸਵੇਰੇ 7 ਵਜੇ ਤੋਂ 06 ਥਾਵਾਂ ’ਤੇ ਸਬੰਧਿਤ ਐੱਸ. ਐੱਮ. ਓਜ਼ ਦੀ ਅਗਵਾਈ ਹੇਠ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ  ਦੱਸਿਆ ਕਿ ਪੰਜਾਬ ਸਰਕਾਰ ਵਲੋਂ 10 ਮਈ ਤੋਂ 18 ਤੋਂ 44 ਸਾਲ ਦੇ ਉਮਰ ਵਰਗ ਲਈ ਵੈਕਸੀਨੇਸ਼ਨ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਤਹਿਤ ਪੰਜਾਬ ਕੰਸਟਰਕਸ਼ਨ ਐਂਡ ਅਦਰ ਵਰਕਰਜ਼ ਬੋਰਡ ਵਲੋਂ ਰਜਿਸਟਰਡ ਕਾਮਿਆਂ ਤੇ ਇੰਜੀਨੀਅਰਿੰਗ ਵਿਭਾਗਾਂ ਦੇ ਕਾਮਿਆਂ ( ਜਿਵੇਂ ਕਿ ਲੋਕ ਨਿਰਮਾਣ ਵਿਭਾਗ, ਪੰਚਾਇਤੀ ਰਾਜ, ਸਿੰਚਾਈ ਆਦਿ) ਦੀ ਵੈਕਸੀਨੇਸ਼ਨ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਉਸਾਰੀ ਕਾਮਿਆਂ ਦੀ ਵੈਕਸੀਨੇਸ਼ਨ ਨਾਲ ਕੰਸਟਰਕਸ਼ਨ ਖੇਤਰ ਵਿਚਲੀਆਂ ਗਤੀਵਿਧੀਆਂ ਨੂੰ ਚਾਲੂ ਰੱਖਣ ਵਿਚ ਮਦਦ ਮਿਲੇਗੀ ਜਿਸ ਨਾਲ ਸਮਾਜ ਦੇ ਲੋੜਵੰਦ ਵਰਗ ਦੇ ਰੁਜ਼ਗਾਰ ਉੱਪਰ ਪ੍ਰਭਾਵ ਨਹੀਂ ਪਵੇਗਾ।
ਡਿਪਟੀ ਕਮਿਸ਼ਨਰ ਨੇ ਉਸਾਰੀ ਬੋਰਡ ਤੇ ਹੋਰਨਾਂ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਜਾਰੀ ਕੀਤੇ ਹਨ ਕਿ ਉਹ ਉਸਾਰੀ ਕਾਮਿਆਂ ਨੂੰ ਵੈਕਸੀਨੇਸ਼ਨ ਬਾਰੇ ਜਾਗਰੂਕ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਵੈਕਸੀਨੇਸ਼ਨ ਲਈ ਲੋੜੀਂਦੀ ਅਗਵਾਈ ਵੀ ਪ੍ਰਦਾਨ ਕਰਨ।
ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰ ਕੌਰ ਨੇ ਦੱਸਿਆ ਕਿ ਤਰਨ ਤਾਰਨ ਜਿਲ੍ਹੇ ਵਿੱਚ ਸਿਵਲ ਹਸਪਤਾਲ ਤਰਨ ਤਾਰਨ, ਸਬ ਡਵੀਜ਼ਨਲ ਹਸਪਤਾਲ ਖਡੂਰ ਸਾਹਿਬ, ਪ੍ਰਾਇਮਰੀ ਹੈੱਲਥ ਸੈਂਟਰ ਢੰਡ ਕਸੇਲ, ਪ੍ਰਾਇਮਰੀ ਹੈੱਲਥ ਸੈਂਟਰ ਚੋਹਲਾ ਸਾਹਿਬ, ਪ੍ਰਾਇਮਰੀ ਹੈੱਲਥ ਸੈਂਟਰ ਭਿੱਖੀਵਿੰਡ ਅਤੇ ਕਮਿਊਨਿਟੀ ਹੈੱਲਥ ਸੈਂਟਰ ਖੇਮਕਰਨ ਵਿਖੇ ਵੈਕਸੀਨ ਲਗਾਈ ਜਾਵੇਗੀ।
ਉਹਨਾਂ ਕਿਹਾ ਕਿ ਬੋਰਡ ਕੋਲ ਰਜਿਸਟਰਡ ਕਾਮਿਆਂ ਨੂੰ ਵੈਕਸੀਨੇਸ਼ਨ ਲਈ ਆਪਣਾ ਰਜਿਸਟ੍ਰੇਸ਼ਨ ਕਾਰਡ ਨਾਲ ਲੈ ਕੇ ਜਾਣਾ ਹੋਵੇਗਾ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਅੰਦਰ ਕੰਸਟਰਕਸ਼ਨ ਬੋਰਡ ਕੋਲ ਕੁੱਲ 3573 ਦੇ ਕਰੀਬ ਕਾਮੇ ਰਜਿਸਟਰਡ ਹਨ, ਜਿੰਨ੍ਹਾਂ ਵਿੱਚੋਂ 18 ਤੋਂ 44 ਸਾਲ ਦੇ 2170 ਕਾਮਿਆਂ ਦੀ ਵੈਕਸੀਨੇਸ਼ਨ ਕੀਤੀ ਜਾਣੀ ਹੈ।