ਕਰਮਗੜ੍ਹ ਸਕੂਲ ਦੀ ਵਿਦਿਆਰਥਣ ਨੇ ਕਵਿਤਾ ਉਚਾਰਨ ਮੁਕਾਬਲੇ ਵਿੱਚੋਂ ਸੂਬਾ ਪੱਧਰ ‘ਤੇ ਦੂਜਾ ਸਥਾਨ ਹਾਸਿਲ ਕੀਤਾ
* ਮਿਡਲ ਵਰਗ ਵਿੱਚੋ ਕੀਤਾ ਦੂਜਾ ਸਥਾਨ ਪ੍ਰਾਪਤ।
ਬਰਨਾਲਾ,3 ਸਤੰਬਰ ( )- ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਰਾਜ ਸਿੱਖਿਆ ਖੋਜ਼ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਸਰਕਾਰੀ ਸਕੂਲਾਂ ‘ਚ ਪੜ੍ਹਦੇ ਵਿਦਿਆਰਥੀਆਂ ਦੇ ਵੱਖ ਵੱਖ ਵੰਨਗੀਆਂ ਦੇ ਆਨਲਾਈਨ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰ ਸਰਬਜੀਤ ਸਿੰਘ ਤੂਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਨੇ ਦੱਸਿਆ ਕਿ ਜਿਲ੍ਹੇ ਦੇ ਵਿਦਿਆਰਥੀਆਂ ਵੱਲੋਂ ਸਾਰੇ ਹੀ ਮੁਕਾਬਲਿਆਂ ਵਿੱਚ ਸ਼ਾਨਦਾਰ ਸ਼ਮੂਲੀਅਤ ਅਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਸਕੂਲਾਂ ਦੀ ਤਾਲਾਬੰਦੀ ਦੇ ਚੱਲਦਿਆਂ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਆਨਲਾਈਨ ਅਗਵਾਈ ਦੇ ਕੇ ਮੁਕਾਬਲਿਆਂ ਦੀ ਕਰਵਾਈ ਜਾ ਰਹੀ ਤਿਆਰੀ ਦਾ ਹੀ ਨਤੀਜਾ ਹੈ ਕਿ ਜਿਲ੍ਹੇ ਦੇ ਵਿਦਿਆਰਥੀ ਸੂਬਾ ਪੱਧਰ ‘ਤੇ ਪੁਜੀਸ਼ਨਾਂ ਹਾਸਿਲ ਕਰਨ ਵਿੱਚ ਕਾਮਯਾਬ ਹੋ ਰਹੇ ਹਨ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਕਵਿਤਾ ਉਚਾਰਨ ਮੁਕਾਬਲੇ ਦੇ ਐਲਾਨੇ ਸੂਬਾ ਪੱਧਰੀ ਨਤੀਜਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਗੜ੍ਹ ਦੀ ਅੱਠਵੀਂ ਜਮਾਤ ਦੀ ਵਿਦਿਆਰਥਣ ਜਸਪ੍ਰੀਤ ਕੌਰ ਪੁੱਤਰੀ ਜਗਸੀਰ ਸਿੰਘ ਨੇ ਮਿਡਲ ਵਰਗ ਵਿੱਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਸਕੂਲ, ਮਾਪਿਆਂ ਅਤੇ ਅਧਿਆਪਕਾਂ ਦਾ ਨਾਂ ਰੌਸ਼ਨ ਕੀਤਾ ਹੈ।ਵਿਦਿਆਰਥਣ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਜੇਸ਼ ਕੁਮਾਰ ਨੇ ਕਿਹਾ ਕਿ ਵਿਦਿਆਰਥਣ ਦੀ ਇਸ ਪ੍ਰਾਪਤੀ ਦਾ ਸਿਹਰਾ ਵਿਦਿਆਰਥਣ ਦੀ ਖੁਦ ਦੀ ਮਿਹਨਤ ਦੇ ਨਾਲ ਨਾਲ ਉਸਦੀ ਗਾਈਡ ਅਧਿਆਪਕਾ ਅਤੇ ਸਮੁੱਚੇ ਸਟਾਫ ਨੂੰ ਜਾਂਦਾ ਹੈ।
ਵਿੱਦਿਅਕ ਮੁਕਾਬਲਿਆਂ ਦੇ ਜਿਲ੍ਹਾ ਨੋਡਲ ਅਫਸਰ ਸੈਕੰਡਰੀ ਸ੍ਰ ਕੁਲਦੀਪ ਸਿੰਘ ਨੇ ਦੱਸਿਆ ਕਿ ਮੁਕਾਬਲੇ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨਾਲ ਸੰਬੰਧਿਤ ਹੋਣ ਕਾਰਨ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਭਾਰੀ ਉਤਸ਼ਾਹ ਵਿਖਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਸਾਰੀਆਂ ਹੀ ਵੰਨਗੀਆਂ ਵਿੱਚ ਮੁਕਾਬਲਾ ਬਹੁਤ ਸਖਤ ਚੱਲ ਰਿਹਾ ਹੈ।ਵਿਭਾਗ ਦੇ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਨੇ ਕਿਹਾ ਕਿ ਵਿਦਿਆਰਥਣ ਵੱਲੋਂ ਸੂਬਾ ਪੱਧਰ ‘ਤੇ ਪੁਜੀਸ਼ਨ ਪ੍ਰਾਪਤ ਕਰਨਾ ਆਪਣੇ ਆਪ ਵਿੱਚ ਵੱਡੇ ਮਾਣ ਵਾਲੀ ਗੱਲ ਹੈ।

हिंदी






