6 ਪ੍ਰਕਾਰ ਦੀਆਂ ਮੱਛੀਆਂ ਦਾ ਪੂੰਗ ਹੋਵੇਗਾ ਸਪਲਾਈ

Sorry, this news is not available in your requested language. Please see here.

ਮਿੱਟੀ-ਪਾਣੀ ਦੀ ਪਰਖ ਲਈ ਬਣਾਈ ਜਾ ਰਹੀ ਹੈ ਲੈਬੋਰੇਟਰੀ
ਫਾਜ਼ਿਲਕਾ, 15 ਸਤੰਬਰ 2021

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਰਾਜ ਦੇ ਕਿਸਾਨਾਂ ਦੀ ਆਮਦਨ ਵਾਧੇ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲੜੀ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਿੱਲ੍ਹਿਆਂ ਵਾਲੀ ਵਿਖੇ ਸਰਕਾਰੀ ਮੱਛੀ ਪੂੰਗ ਫਾਰਮ ਤਿਆਰ ਕਰਵਾਇਆ ਜਾ ਰਿਹਾ ਹੈ। 10 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਬਣਨ ਵਾਲੇ ਇਸ ਮੱਛੀ ਪੂੰਗ ਫਾਰਮ ਦਾ ਨਿਰਮਾਣ ਆਖਰੀ ਪੜ੍ਹਾਅ ਵਿੱਚ ਹੈ। ਇਹ ਜਾਣਕਾਰੀ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਪ ਮੰਡਲ ਅਬੋਹਰ ਦੇ ਪਿੰਡ ਕਿੱਲ੍ਹਿਆਂ ਵਾਲੀ ਵਿੱਚ 15 ਏਕੜ ਤੋਂ ਵੱਧ ਥਾਂ ਵਿਚ ਇਹ ਪ੍ਰਾਜੈਕਟ ਬਣ ਰਿਹਾ ਹੈ ਜਿਸ ਵਿੱਚ ਇਕ ਪ੍ਰਬੰਧਕੀ ਬਲਾਕ, ਸਟਾਫ ਲਈ ਰਿਹਾਇਸ਼ ਅਤੇ ਮੱਛੀ ਪਾਲਣ ਦਾ ਪੂੰਗ ਤਿਆਰ ਕਰਨ ਤੇ ਸਪਲਾਈ ਕਰਨ ਲਈ ਕਰੀਬ 38 ਤਲਾਬ ਬਣ ਰਹੇ ਹਨ।

ਮੱਛੀ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਇਥੋਂ ਭਾਰਤੀ ਮੇਜਰ ਕਾਰਪ ਜਿਵੇਂ ਕਤਲਾ, ਰੋਹੂ, ਮੁਰਾਖ ਅਤੇ ਵਿਦੇਸ਼ੀ ਕਾਰਪ ਜਿਵੇਂ ਸਿਲਵਰ ਕਾਰਪ, ਗਰਾਸ ਕਾਰਪ ਤੇ ਕਾਮਨ ਕਾਰਪ ਮੱਛੀਆਂ ਦਾ ਵਧੀਆ ਕੁਆਲਟੀ ਦਾ ਪੂੰਗ ਤਿਆਰ ਕਰਕੇ ਕਿਸਾਨਾਂ ਨੂੰ ਸਪਲਾਈ ਕੀਤਾ ਜਾਵੇਗਾ। ਇਥੋਂ ਮੱਛੀ ਕਾਸ਼ਤਕਾਰਾਂ ਨੂੰ ਰਿਆਇਤੀ ਦਰਾਂ ਤੇ ਚੰਗੀ ਮਿਆਰ ਵਾਲਾ ਮੱਛੀ ਪੂੰਗ ਮਿਲੇਗਾ। ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਜ਼ਿਲਾ ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਸ਼੍ਰੀ ਮਦਨ ਮੋਹਨ ਦੀ ਯੋਗ ਅਗਵਾਈ ਸਦਕਾ ਝੀਂਗਾ ਪਾਲਣ ਚ ਮੋਹਰੀ ਰਹਿਣ ਅਤੇ ਝੀਂਗਾ ਸਮੇਤ ਮੱਛੀ ਪਾਲਣ ਦੀਆਂ ਅਪਾਰ ਸੰਭਾਵਨਾਵਾਂ ਨੂੰ ਵੇਖਦਿਆਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਦੇ ਯਤਨਾਂ ਨਾਲ ਪੰਜਾਬ ਸਰਕਾਰ ਨੇ ਇਹ ਮੱਛੀ ਪੂੰਗ ਫ਼ਾਰਮ ਇਥੇ ਸਥਾਪਿਤ ਕਰਨ ਦਾ ਫੈਸਲਾ ਲਿਆ ਹੈ।

ਇਸ ਵਿੱਚ ਬਰੂਡ ਸਟਾਕ ਲਈ 12 ਟੈਂਕ ਬਣਾਏ ਜਾ ਰਹੇ ਹਨ ਜਿਸ ਵਿੱਚ ਪ੍ਰਜਨਣ ਲਈ ਬਾਲਗ ਨਰ ਅਤੇ ਮਾਦਾ ਮੱਛੀਆਂ ਦਾ ਰੱਖ ਰਖਾਅ ਕੀਤਾ ਜਾਵੇਗਾ। ਇਸ ਤੋਂ ਬਿਨਾਂ ਇਕ ਬਰੀਡਿੰਗ ਪੂਲ ਜਿਸ ਵਿਚ ਨਰ ਅਤੇ ਮਾਦਾ ਮੱਛੀਆਂ ਦੀ ਬਰੀਡਿੰਗ ਕਰਵਾਈ ਜਾਵੇਗਾ। 6 ਹੈਚਰੀਜ਼ ਜਿਥੇ ਅੰਡਿਆਂ ਤੋਂ ਸਪਾਨ ਤਿਆਰ ਕੀਤਾ ਜਾਵੇਗਾ। 16 ਨਰਸਰੀ ਟੈਂਕ ਬਣ ਰਹੇ ਹਨ ਜਿਸ ਵਿਚ ਸਪਾਨ ਦੀ ਸਟਾਕਿੰਗ ਅਤੇ ਸਪਾਨ ਨੂੰ ਫ੍ਰਾਈ ਸਾਈਜ਼ ਤੱਕ ਤਿਆਰ ਕੀਤਾ ਜਾਵੇਗਾ। ਇਸ ਤੋਂ ਬਿਨਾਂ ਏਥੇ 10 ਰੀਅਰਰਿੰਗ ਤਲਾਬ ਬਣਾਏ ਜਾ ਰਹੇ ਹਨ ਜਿਥੇ ਮੱਛੀ ਦੇ ਫਰਾਈ ਸਾਈਜ਼ ਬੱਚੇ ਨੂੰ ਫ਼ਿੰਗਰ ਲਿੰਗ ਸਾਈਜ਼ ਤਕ ਤਿਆਰ ਕੀਤਾ ਜਾਵੇਗਾ।

ਮੱਛੀ ਪਸਾਰ ਅਫਸਰ ਪ੍ਰਭਜੋਤ ਕੌਰ ਅਤੇ ਕੋਕਮ ਕੌਰ ਨੇ ਦੱਸਿਆ ਕਿ ਇਸ ਫਾਰਮ ਵਿਖੇ ਮੱਛੀ ਪਾਲਕਾਂ ਨੂੰ ਸਿਖਲਾਈ ਦੇਣ ਲਈ ਇਕ ਟ੍ਰੇਨਿੰਗ ਹਾਲ, ਮਿੱਟੀ ਪਾਣੀ ਦੇ ਨਮੂਨਿਆਂ ਦੀ ਜਾਂਚ ਕਰਨ ਲਈ ਲੈਬੋਰੇਟਰੀ ਤੇ ਫੀਡ ਸਟੋਰ ਵੀ ਤਿਆਰ ਕੀਤਾ ਜਾ ਰਿਹਾ ਹੈ। ਇਸ ਫਾਰਮ ਦਾ ਨਿਰਮਾਣ ਪੰਚਾਇਤੀ ਰਾਜ ਵਿਭਾਗ ਵਲੋਂ ਕੀਤਾ ਜਾ ਰਿਹਾ ਹੈ ਜਿਸ ਦੇ ਐਸ.ਡੀ.ਓ. ਹਰਮੀਤ ਸਿੰਘ ਅਨੁਸਾਰ ਇਸ ਦਾ ਨਿਰਮਾਣ ਅਕਤੂਬਰ ਦੇ ਅਖੀਰ ਤੱਕ ਮੁਕੰਮਲ ਹੋ ਜਾਵੇਗਾ।