—-ਮੱਛੀ ਪ੍ਰੋਸੈਸਿੰਗ ਨੂੁੰ ਹੁਲਾਰਾ ਦੇਣ ਬਾਰੇ ਦਿੱਤੀ ਜਾਣਕਾਰੀ
ਬਰਨਾਲਾ, 6 ਸਤੰਬਰ
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਿ੍ਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਜ਼ਿਲਾ ਬਰਨਾਲਾ, ਸੰਗਰੂਰ, ਬਠਿੰਡਾ ਅਤੇ ਫਾਜ਼ਿਲਕਾ ਦੇ ਮੱਛੀ ਅਤੇ ਝੀਂਗਾ ਪਾਲਕਾਂ ਦੀ ਭਲਾਈ ਅਤੇ ਵਿਕਾਸ ਲਈ ਨਾਬਾਰਡ ਵੱਲੋਂ ਮਿਲੀ ਵਿੱਤੀ ਸਹਾਇਤਾ ਨਾਲ ਐਫ. ਪੀ. ਓ. (ਨੀਲੀ ਕ੍ਰਾਂਤੀ ਫਿਸ਼ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਟਿਡ) ਬਣਾਇਆ ਗਿਆ ਹੈ। ਇਸ ਦੀ ਕਾਰਗੁਜ਼ਾਰੀ ਲਈ 10 ਬੋਰਡ ਆਫ ਡਾਇਰੈਕਟਰ ਬਣਾਏ ਗਏ ਹਨ ਅਤੇ ਜ਼ਿਲਾ ਬਰਨਾਲਾ ਅਤੇ ਸੰਗਰੂਰ ਵਿੱਚੋਂ 45 ਮੱਛੀ ਪਾਲਕ ਇਸ ਐਫ. ਪੀ. ਓ. ਦੇ ਮੈਂਬਰ ਬਣ ਚੁੱਕੇ ਹਨ।
ਕਿ੍ਸ਼ੀ ਵਿਗਿਆਨ ਕੇਂਦਰ, ਬਰਨਾਲਾ ਵੱਲੋਂ ਮੱਛੀ ਅਤੇ ਝੀਂਗਾ ਪਾਲਕਾਂ ਲਈ ਬਣਾਈ ਗਈ ਕਿਸਾਨ ਉਤਪਾਦਕ ਸੰਸਥਾ (ਐਫ. ਪੀ. ਓ.) ਬਾਰੇ ਜਾਣਕਾਰੀ ਦੇਣ ਲਈ ਇਕ ਦਿਨ ਦਾ ਜਾਗਰੂਕਤਾ ਕੈਂਪ ਲਾਇਆ ਗਿਆ। ਇਹ ਕੈਂਪ ਬਰਨਾਲਾ ਦੇ ਪਿੰਡ ਬਡਬਰ ਵਿੱਚ ਸੁਖਪਾਲ ਸਿੰਘ (ਬਰਨਾਲਾ ਦੇ ਪ੍ਰਗਤੀਸ਼ੀਲ ਮੱਛੀ ਪਾਲਕ) ਦੇ ਮੱਛੀ ਫਾਰਮ ਵਿਖੇ ਲਗਾਇਆ ਗਿਆ, ਜਿਸ ਵਿੱਚ ਜ਼ਿਲਾ ਬਰਨਾਲਾ ਅਤੇ ਸੰਗਰੂਰ ਤੋਂ ਕੁੱਲ 37 ਮੱਛੀ ਪਾਲਕ ਹਾਜ਼ਰ ਸਨ।
ਕੇ. ਵੀ. ਕੇ. ਬਰਨਾਲਾ ਤੋਂ ਡਾ. ਰਾਜਿੰਦਰ ਕੌਰ ਨੇ ਸਮੂਹ ਮੱਛੀ ਪਾਲਕਾਂ ਨੂੰ ਜੀ ਆਇਆਂ ਕਿਹਾ। ਉਨਾਂ ਨੇ ਐਫ. ਪੀ. ਓ. ਦੀ ਧਾਰਨਾ, ਕਿਸਾਨਾਂ ਦੇ ਫਾਇਦੇ ਲਈ ਐਫ. ਪੀ. ਓ. ਦੀ ਭੂਮਿਕਾ ਅਤੇ ਮਹੱਤਤਾ ਬਾਰੇ ਚਾਨਣਾ ਪਾਇਆ। ਨਾਲ ਹੀ ਨੀਲੀ ਕ੍ਰਾਂਤੀ ਐਫ. ਪੀ. ਓ. ਦੇ ਉਦੇਸ਼ਾਂ ਬਾਰੇ ਚਰਚਾ ਕੀਤੀ, ਜਿਸ ਵਿੱਚ ਮੱਛੀ ਪ੍ਰੋਸੈਸਿੰਗ ਗਤੀਵਿਧੀ ਨੂੰ ਉਤਸ਼ਾਹਿਤ ਕਰਨਾ, ਐਫ. ਪੀ. ਓ. ਦੁਆਰਾ ਮੁੱਲ-ਵਰਧਿਤ ਮੱਛੀ ਉਤਪਾਦਾਂ ਦੀ ਮਾਰਕੀਟਿੰਗ ਅਤੇ ਮੱਛੀ ਪਾਲਣ ਅਧੀਨ ਮੱਛੀ ਉਤਪਾਦਨ ਖੇਤਰ ਨੂੰ ਵਧਾਉਣਾ ਆਦਿ ਸ਼ਾਮਲ ਹਨ।
ਡਾ. ਪ੍ਰਹਿਲਾਦ ਸਿੰਘ ਤੰਵਰ, ਐਸੋਸੀਏਟ ਡਾਇਰੈਕਟਰ (ਸਿਖਲਾਈ), ਕੇ. ਵੀ. ਕੇ., ਬਰਨਾਲਾ ਨੇ ਐਫ. ਪੀ. ਓਜ਼ ਦੇ ਗਠਨ ਵਿੱਚ ਮਹੱਤਵ ਅਤੇ ਵੱਖ-ਵੱਖ ਕਦਮਾਂ ਬਾਰੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਉਨਾਂ ਨੇ ਐਫ. ਪੀ. ਓਜ਼. ਦੇ ਗਠਨ ਵਿੱਚ ਨਾਬਾਰਡ ਦੀ ਭੂਮਿਕਾ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਅਤੇ ਨਾਲ ਹੀ ਦੱਸਿਆ ਕਿ ਕਿਵੇਂ ਐਫ. ਪੀ. ਓ. ਛੋਟੇ ਕਿਸਾਨਾਂ ਦੀਆਂ ਚੁਣੌਤੀਆਂ ਦਾ ਹੱਲ ਕਰ ਸਕਦਾ ਹੈ। ਉਨਾਂ ਦੀਆਂ ਉਪਜਾਂ ਨੂੰ ਇਕੱਠਾ ਕਰਕੇ ਬਿਹਤਰ ਕੀਮਤਾਂ ਪ੍ਰਾਪਤ ਕਰਨ ਦੇ ਉਦੇਸ਼ ਵਿੱਚ। ਉਨਾਂ ਦੱਸਿਆ ਕਿ ਕਿਵੇਂ ਐਫ. ਪੀ. ਓ. ਕਿਸਾਨਾਂ ਦੀ ਆਮਦਨ ਅਤੇ ਭਲਾਈ ’ਤੇ ਸਕਾਰਾਤਮਕ ਅਤੇ ਮਹੱਤਵਪੂਰਨ ਪ੍ਰਭਾਵ ਪਾ ਸਕਦੇ ਹਨ ਅਤੇ ਨਾਲ ਹੀ ਉਨਾਂ ਹਦਾਇਤ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਕਾਰੋਬਾਰ ਨੂੰ ਸਫਲ ਬਣਾਉਣ ਲਈ ਖਰੀਦ ਅਤੇ ਵਿਕਰੀ ਦਾ ਰਿਕਾਰਡ ਰੱਖਣਾ, ਕਾਗਜ਼ੀ ਕਾਰਵਾਈ ਪੂਰੀ ਕਰਨੀ ਆਦਿ ਬਹੁਤ ਜ਼ਰੂਰੀ ਹਨ।
ਐਫ. ਪੀ. ਓ. ਦੇ ਬੋਰਡ ਮੈਂਬਰਾਂ ਨੇ ਮੱਛੀ ਪਾਲਕਾਂ ਨਾਲ ਗੱਲਬਾਤ ਕੀਤੀ ਅਤੇ ਇੱਕ ਮੱਛੀ ਪਾਲਕ ਨੂੰ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ, ਜਿਨਾਂ ਨੂੰ ਐਫ. ਪੀ. ਓ. ਦੀ ਛਤਰ ਛਾਇਆ ਹੇਠ ਇਕੱਠੇ ਹੋ ਕੇ ਦੂਰ ਕੀਤਾ ਜਾ ਸਕਦਾ ਹੈ। ਉਨਾਂ ਜ਼ਿਲੇ ਵਿੱਚ ਮੱਛੀ ਪਾਲਣ ਕਿੱਤੇ ਅਤੇ ਮੱਛੀ ਪਾਲਕਾਂ ਦੀ ਤਰੱਕੀ ਲਈ ਇਮਾਨਦਾਰੀ, ਪਾਰਦਰਸ਼ਤਾ, ਜੋਸ਼ ਅਤੇ ਏਕਤਾ ਨਾਲ ਕੰਮ ਕਰਨ ਦਾ ਭਰੋਸਾ ਦਿੱਤਾ। ਅਖੀਰ ਵਿੱਚ ਡਾ. ਰਾਜਿੰਦਰ ਕੌਰ ਨੇ ਮੱਛੀ ਪਾਲਕਾਂ ਦਾ ਕੈਂਪ ਵਿੱਚ ਇਕੱਠੇ ਹੋਣ ਲਈ ਧੰਨਵਾਦ ਕੀਤਾ ਅਤੇ ਨਾਲ ਹੀ ਮੱਛੀ ਪਾਲਕਾਂ ਨੂੰ ਇਸ ਦਾ ਲਾਭ ਲੈਣ ਲਈ ਐਫ. ਪੀ. ਓ. ਦੇ ਮੈਂਬਰ ਬਣਨ ਲਈ ਅਪੀਲ ਕੀਤੀ।
ਕੇਵੀਕੇ ਦੇ ਵਿਗਿਆਨੀ ਅਮਰੀਕਨ ਪੌਦਾ ਰੋਗ ਸੁਸਾਇਟੀ ਦੇ ਚੇਅਰਮੈਨ ਬਣੇ
ਕਿ੍ਰਸ਼ੀ ਵਿਗਿਆਨ ਕੇਂਦਰ, ਬਰਨਾਲਾ ਵਿਖੇ ਮਾਹਿਰ (ਪੌਦ ਸੁਰੱਖਿਆ) ਵਜੋਂ ਸੇਵਾਵਾਂ ਨਿਭਾਅ ਰਹੇ ਡਾ. ਜਗਮੋਹਨ ਸਿੰਘ ਦੇ ਹਿੱਸੇੇ ਮੇਜ਼ਬਾਨ ਪ੍ਰਤੀਰੋਧ ਕਮੇਟੀ, ਅਮਰੀਕਨ ਫਾਈਟੋਪੈਥੋਲੋਜੀਕਲ ਸੁਸਾਇਟੀ, ਅਮਰੀਕਾ ਦੇ ਚੇਅਰਮੈਨ ਦਾ ਅਹੁਦਾ ਆਇਆ ਹੈ। ਡਾ. ਜਗਮੋਹਨ ਸਿੰਘ ਪਿਛਲੇ ਸਾਲ ਇਸੇ ਕਮੇਟੀ ਲਈ ਵਾਈਸ ਚੇਅਰਮੈਨ ਚੁਣੇ ਗਏ ਸਨ। ਉਹ ਪੈਥੋਲੋਜੀ ਦੇ ਹੋਸਟ ਪ੍ਰਤੀਰੋਧਕ ਹਿੱਸੇ ਨੂੰ ਉਤਸ਼ਾਹਿਤ ਕਰਨ ਲਈ ਸਾਲ ਭਰ ਕਮੇਟੀ ਦੀਆਂ ਵੱਖ-ਵੱਖ ਗਤੀਵਿਧੀਆਂ ਬਾਰੇ ਤਾਲਮੇਲ ਕਰਨਗੇ। ਇਸ ਮੌਕੇ ਡਾ. ਪ੍ਰਹਿਲਾਦ ਸਿੰਘ ਤੰਵਰ, ਐਸੋਸੀਏਟ ਡਾਇਰੈਕਟਰ ਵੱਲੋਂ ਡਾ. ਜਗਮੋਹਨ ਸਿੰਘ ਨੂੰ ਵਧਾਈ ਦਿੱਤੀ ਗਈ।

हिंदी






