ਮਾਨਵ ਸੇਵਾ ਸੰਕਲਪ ਦਿਵਸ ਮਨਾਇਆ
ਲੋੜਵੰਦਾਂ ਨੂੰ ਟਰਾਈ-ਸਾਈਕਲ ਤੇ ਵ੍ਹੀਲ ਚੇਅਰਜ਼ ਦੀ ਵੰਡ
ਰੂਪਨਗਰ, 21 ਸਤੰਬਰ :-
ਜ਼ਿਲ੍ਹਾ ਪ੍ਰਸ਼ਾਸਨ ਅਤੇ ਰੈੱਡ ਕਰਾਸ, ਰੂਪਨਗਰ ਵਲੋਂ ਭਾਈ ਘਨ੍ਹਈਆ ਜੀ ਦੀ ਨਿੱਘੀ ਯਾਦ ਵਿੱਚ ਮਾਨਵ ਸੇਵਾ ਸੰਕਲਪ ਦਿਵਸ ਜ਼ਿਲ੍ਹਾ ਰੈੱਡ ਕਰਾਸ ਭਵਨ ਵਿਖੇ ਮਨਾਇਆ ਗਿਆ ਤੇ ਇਸ ਮੌਕੇ ਦਿਵਿਆਂਗ ਵਿਆਕਤੀਆਂ ਨੂੰ ਮੁਫ਼ਤ ਟਰਾਈ-ਸਾਈਕਲ ਤੇ ਵ੍ਹੀਲ ਚੇਅਰਜ਼ ਦਿੱਤੀਆਂ ਗਈਆਂ ਅਤੇ ਸਮਾਜਿਕ ਬੁਰਾਈਆਂ ਤੇ ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਦੇ ਨਾਲ ਨਾਲ ਹਾਜ਼ਰੀਨ ਨੂੰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅਤੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ।
ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਪੁੱਜੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਭਾਈ ਘਨ੍ਹਈਆ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਜਿਥੇ ਉਨ੍ਹਾਂ ਨੇ ਲੋੜਵੰਦਾਂ ਨੂੰ
ਟਰਾਈ-ਸਾਈਕਲ, ਵ੍ਹੀਲ ਚੇਅਰਜ਼ ਤੇ ਕੰਨਾਂ ਦੀਆਂ ਮਸ਼ੀਨਾਂ ਵੰਡੀਆਂ ਓਥੇ ਉਹਨਾਂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਲੋਕ ਭਲਾਈ ਵਿੱਚ ਯੋਗਦਾਨ ਪਾਉਣ ਵਾਲੇ ਸਾਡੇ ਪੁਰਖਿਆਂ ਤੇ ਬਜ਼ੁਰਗਾਂ ਤੋਂ ਸੇਧ ਲੈਣੀ ਚਾਹੀਦੀ ਹੈ।
ਰੈੱਡ ਕਰਾਸ ਸੁਸਾਇਟੀ ਸਮਾਜ ਵਿਚ ਲੋੜਵੰਦਾਂ ਦੀ ਸਹਾਇਤਾ ਲਈ ਕਾਰਜ ਕਰਦੀ ਹੈ। ਉਹਨਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਦੇ ਨਾਲ ਨਾਲ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਵੀ ਉਪਰਾਲੇ ਲਾਜ਼ਮੀ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਰੈੱਡ ਕਰਾਸ ਵੱਲੋਂ ਇਸ ਦਿਸ਼ਾ ਵਿਚ ਲਗਾਤਰ ਕੰਮ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਮਨੁੱਖ ਨੂੰ ਕਦੇ ਵੀ ਜ਼ਿੰਦਗ਼ੀ ਦੇ ਵਿਚ ਹਿੰਮਤ ਨਹੀਂ ਹਰਨੀ ਚਾਹੀਦੀ। ਮਿਹਨਤ ਸਦਕਾ ਹਰ ਮਨੁੱਖ ਕਾਮਯਾਬ ਹੋ ਸਕਦਾ ਹੈ।
ਇਸ ਮੌਕੇ ਸ੍ਰੀ ਅਰਵਿੰਦਰ ਪਾਲ ਸਿੰਘ ਸੋਮਲ ਪੀ.ਸੀ.ਐਸ. ਵੀ ਸ਼ਾਮਲ ਹੋਏ, ਉਨਾਂ ਵਲੋਂ ਸਮਾਗਮ ਵਿਚ ਹਾਜ਼ਰ ਦਿਵਿਆਂਗਾਂ ਨਾਲ ਗੱਲਬਾਤ ਕੀਤੀ ਗਈ ਤਾਂ ਜੋ ਉਹਨਾਂ ਲਈ ਲਈ ਹੋਰ ਵੀ ਸੁਵਿਧਾਵਾਂ ਉਪਲੱਬਧ ਕਰਵਾਈਆਂ ਜਾ ਸਕਣ।
ਇਸ ਮੌਕੇ ਡਾ. ਹਰਲੀਨ ਕੌਰ ਵਲੋਂ ਚੰਗੀ ਸਿਹਤ ਲਈ ਬਿਮਾਰੀਆਂ ਤੋਂ ਬਚਾਅ ਸਬੰਧੀ, ਮੈਡਮ ਜਸਜੀਤ ਕੌਰ ਵਲੋਂ ਨਸ਼ਿਆਂ ਤੋਂ ਦੂਰ ਰਹਿਣ ਅਤੇ ਐਚ.ਆਈ.ਵੀ. ਬਾਰੇ ਜਾਣਕਾਰੀ ਦਿੱਤੀ ਗਈ। ਜ਼ਿਲ੍ਹਾ ਲੀਗਲ ਸਰਵਿਸਿਜ਼ ਅਥਾਰਟੀ ਵਲੋਂ ਐਡਵੋਕੇਟ ਗਗਨਦੀਪ ਭਾਰਦਵਾਜ ਵਲੋਂ ਕਾਨੂੰਨੀ ਸੇਵਾਂਵਾਂ ਬਾਰੇ, ਸ੍ਰੀਮਤੀ ਸੁਪ੍ਰੀਤ ਕੌਰ ਕਰੀਅਰ ਕੌਂਸਲਰ ਵਲੋਂ ਸਵੈ ਰੋਜ਼ਗਾਰ ਸਕੀਮਾਂ ਤੇ ਵੱਖੋ ਵੱਖ ਕੋਰਸਾਂ ਬਾਰੇ, ਸ੍ਰੀ ਗੁਰਸੋਹਨ ਸਿੰਘ ਸਕੱਤਰ ਰੈਡ ਕਰਾਸ ਵਲੋਂ ਭਾਈ ਘਨ੍ਹਈਆ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਪ੍ਰੋਗਰਾਮ ਵਿੱਚ 08 ਟਰਾਈ ਸਾਈਕਲ, 05 ਵ੍ਹੀਲ ਚੇਅਰਜ਼, 4 ਬੈਸਾਖੀਆਂ ਅਤੇ 02 ਕੰਨਾਂ ਦੀਆਂ ਸੁਣਨ ਵਾਲੀਆਂ ਮਸ਼ੀਨਾਂ ਦਿੱਤੀਆਂ ਗਈਆਂ। ਇਸ ਮੌਕੇ ਰੈਡ ਕਰਾਸ ਦੇ ਪੈਟਰਨ ਸ਼੍ਰੀਮਤੀ ਰਾਜ ਕੌਰ ਅਤੇ ਸ਼੍ਰੀਮਤੀ ਕਿਰਨਪ੍ਰੀਤ ਗਿੱਲ, ਮੈਂਬਰ ਸ਼੍ਰੀਮਤੀ ਸਕੀਨਾ ਐਰੀ ਅਤੇ ਸ਼੍ਰੀਮਤੀ ਆਦਰਸ਼ ਸ਼ਰਮਾ ਸਮੇਤ ਵੱਡੀ ਗਿਣਤੀ ਨੌਜਵਾਨ ਹਾਜ਼ਰ ਸਨ।

हिंदी






