ਪੰਜਾਬ ਦੀ ਸਿੱਖਿਆ ਦਾ ਉਜੱਵਲ ਭਵਿੱਖ: ਸਰਹੱਦੀ ਪਿੰਡ ਸੁਰੇਸ਼ ਵਾਲਾ ਸੈਣੀਆਂ ਦਾ ਸਰਕਾਰੀ ਸਮਾਰਟ ਪ੍ਰਾਈਮਰੀ ਸਕੂਲ

Sorry, this news is not available in your requested language. Please see here.

-ਵਿਦਿਆਰਥੀ ਹੀ ਨਹੀਂ ਅਧਿਆਪਕ ਵੀ ਆਉਂਦੇ ਹਨ ਵਰਦੀ ਪਾ ਕੇ
ਫਾਜਿ਼ਲਕਾ, 3 ਮਈ

ਫਾਜਿ਼ਲਕਾ ਜਿ਼ਲ੍ਹੇ ਦੇ ਕੌਮਾਂਤਰੀ ਸਰਹੱਦ ਦੇ ਨਾਲ ਵਸੇ ਪਿੰਡਾਂ ਦੇ ਸਰਕਾਰੀ ਸਕੂਲ ਪੰਜਾਬ ਦੇ ਸਿੱਖਿਆ ਖੇਤਰ ਦੇ ਉਜੱਵਲ ਭਵਿੱਖ ਦੀ ਕਹਾਣੀ ਬਿਆਨ ਕਰ ਰਹੇ ਹਨ। ਅਜਿਹਾ ਹੀ ਇਕ ਸਕੂਲ ਹੈ ਸਰਕਾਰੀ ਸਮਾਰਟ ਪ੍ਰਾਈਮਰੀ ਸਕੂਲ ਸੁਰੇਸ਼ ਵਾਲਾ ਸੈਣੀਆ।
ਫਾਜਿ਼ਲਕਾ ਤੋਂ ਕੌਮਾਂਤਰੀ ਸਰਹੱਦ ਤੇ ਸਥਿਤ ਸਾਦਕੀ ਚੌਕੀ ਵਾਲੀ ਸੜਕ ਤੇ ਸਥਿਤ ਪਿੰਡ ਸੁਰੇਸ਼ ਵਾਲਾ ਦਾ ਇਹ ਸਰਕਾਰੀ ਸਮਾਰਟ ਪ੍ਰਾਈਮਰੀ ਸਕੂਲ ਆਪਣੀ ਨਿਵੇਕਲੀ ਦਿੱਖ ਨਾਲ ਜਿੱਥੇ ਸਭ ਦਾ ਮਨ ਮੋਂਹਦਾ ਹੈ ਉਥੇ ਇਸਦੇ ਆਲੇ ਭੋਲੇ ਵਿਦਿਆਰਥੀਆਂ ਦੇ ਬੌਧਿਕ ਵਿਕਾਸ ਦਾ ਪੱਧਰ ਇਸ ਸਕੂਲ ਦੇ ਸਟਾਫ ਦੀ ਮਿਹਨਤ ਦੀ ਗਵਾਹੀ ਭਰਦਾ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਕੂਲ ਦੀ ਮੁੱਖ ਅਧਿਆਪਿਕਾ ਸ੍ਰੀਮਤੀ ਨੀਤੂ ਸਚਦੇਵਾ ਨੇ ਦੱਸਿਆ ਕਿ ਸਕੂਲ ਵਿੱਚ ਕੁਲ 114 ਵਿਦਿਆਰਥੀ ਪੜ੍ਹਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ 6 ਅਧਿਆਪਿਕਾਵਾਂ ਵੱਲੋਂ ਬੱਚਿਆਂ ਨੂੰ ਸਿੱਖਿਆ ਗ੍ਰਹਿਣ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਵਿੱਚ ਬੱਚਿਆਂ ਦੇ ਬੈਠਣ ਲਈ ਬਹੁਤ ਹੀ ਵਧੀਆ ਹਵਾਦਾਰ ਕਮਰੇ ਬਣਾਏ ਗਏ ਹਨ।
ਸਕੂਲ ਵਿਚ ਬੱਚਿਆਂ ਦੀ ਪੜਾਈ ਲਈ ਸਮਾਰਟ ਕਲਾਸ ਰੂਮ ਹਨ ਜਿੱਥੇ ਬੱਚਿਆਂ ਨੂੰ ਪ੍ਰਾਜੈਕਟਰ ਤੇ ਪੜ੍ਹਾਈ ਕਰਵਾਈ ਜਾ ਰਹੀ ਹੈ ਅਤੇ ਵਿਭਾਗ ਵੱਲੋਂ ਮੁਹਈਆ ਕਰਵਾਏ ਈ ਕੁਟੈਂਟ ਨਾਲ ਬੱਚੇ ਰੌਚਕ ਤਰੀਕੇ ਨਾਲ ਆਪਣੀ ਪੜਾਈ ਦੇ ਸਬਕ ਸਿੱਖਦੇ ਹਨ। ਵਿਦਿਆਰਥੀਆਂ ਨੂੰ ਬਹੁਤ ਹੀ ਸਰਲ ਤਰੀਕੇ ਨਾਲ ਪੜ੍ਹਾਇਆ ਜਾਂਦਾ ਹੈ। ਸਕੁਲ ਵਿੱਚ ਵਿਦਿਆਰਥੀਆਂ ਨੂੰ ਚੰਗਾ ਭੋਜਣ ਖੁਆਇਆ ਜਾਂਦਾ ਹੈ ਅਤੇ ਪੀਣ ਵਾਲੇ ਸਾਫ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਹੈ। ਪ੍ਰਾਈਵੇਟ ਸਕੂਲਾਂ ਨਾਲੋਂ ਵਧੇਰੇ ਪੜ੍ਹਾਈ ਅਤੇ ਸਹੂਲਤਾਂ ਵਿਦਿਆਰਥੀਆਂ ਨੂੰ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਸਕੂਲ ਵਿੱਚ ਬੱਚਿਆਂ ਦੇ ਮਨੋਰੰਜਨ ਲਈ ਝੂਲੇ ਵੀ ਲਗਾਏ ਗਏ ਹਨ।ਖੇਡਾਂ ਪ੍ਰਤੀ ਵੀ ਬੱਚਿਆਂ ਦੀ ਵਿਸੇਸ਼ ਰੂਚੀ ਹੈ। ਸਕੂਲ ਵਿੱਚ ਹੀ ਆਂਗਨਵਾੜੀ ਸੈਂਟਰ ਸਥਾਪਿਤ ਹੈ ਜਿੱਥੇ ਕੁੱਲ 54 ਬੱਚਿਆਂ ਦਾ ਦਾਖਲਾ ਕੀਤਾ ਹੋਇਆ ਹੈ।
ਸਕੂਲ ਵਿਚ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿੱਖਿਆ ਦੇਣ ਲਈ ਭੁਗੋਲ ਪਾਰਕ ਵੀ ਬਣਾਇਆ ਗਿਆ ਹੈ ਜਿਸ ਵਿਚ ਸੌਰ ਮੰਡਲ ਦੀ ਜਾਣਕਾਰੀ ਮਾਡਲ ਨਾਲ ਦਿੱਤੀ ਗਈ ਹੈ। ਗਣਿਤ ਪਾਰਕ ਵਿਚ ਗਣਿਤ ਦੇ ਸੂਤਰ ਅਸਾਨ ਤਰੀਕੇ ਨਾਲ ਸਮਝਾਏ ਗਏ ਹਨ। ਘੜੀ ਦਾ ਚਾਲੂ ਹਾਲਤ ਵਾਲਾ ਮਾਡਲ ਨਿੱਕੇ ਨਿਆਣਿਆਂ ਨੂੰ ਸਹਿਜੇ ਹੀ ਸਮੇਂ ਨਾਲ ਸਬੰਧਤ ਸਾਰਾ ਗਿਆਨ ਦੇ ਦਿੰਦਾ ਹੈ।
ਬੱਚਿਆਂ ਦੀ ਕਿਤਾਬਾਂ ਨਾਲ ਸਾਂਝ ਪਾਉਣ ਲਈ ਸਕੂਲ ਵਿਚ ਲਾਇਬ੍ਰੇਰੀ ਵੀ ਬਣਾਈ ਹੋਈ ਹੈ ਜਿੱਥੋਂ ਨੰਨ੍ਹੇ ਵਿਦਿਆਰਥੀ ਆਪਣੀ ਰੂਚੀ ਅਨੁਸਾਰ ਕਿਤਾਬਾਂ ਲੈ ਕੇ ਪੜ੍ਹਦੇ ਹਨ। ਸਕੂਲ ਦੀ  ਚੌਥੀ ਜਮਾਤ ਦੀ ਵਿਦਿਆਰਥਣ ਸਿਮਰਤ ਦੇ ਸ਼ਬਦਾਂ ਅਨੁਸਾਰ ਉਨ੍ਹਾਂ ਦੀ ਆਪਣੇ ਅਧਿਆਪਕਾਂ ਨਾਲ ਸਾਂਝ ਦੋਸਤਾਂ ਵਰਗੀ ਹੈ ਅਤੇ ਉਹ ਸਕੂਲ ਵਿਚ ਘਰ ਵਰਗੇ ਮਹੌਲ ਵਿਚ ਵਿਦਿਆ ਪ੍ਰਾਪਤ ਕਰਦੇ ਹਨ।
ਮੁੱਖ ਅਧਿਆਪਿਕਾ ਅਨੁਸਾਰ ਉਹ 6 ਅਧਿਆਪਕਾਵਾਂ ਹਨ ਜੋ ਕਿ ਹਫਤੇ ਵਿਚ ਦੋ ਦਿਨ ਸਵੈ ਨਿਰਧਾਰਤ ਆਪਣੇ ਡ੍ਰੈੱਸ ਕੋਡ ਵਿੱਚ ਹੀ ਸਕੂਲ ਆਉਂਦੇ ਹਨ, ਇਸ ਨਾਲ ਬੱਚਿਆਂ ਤੇ ਬਹੁਤ ਚੰਗਾ ਪ੍ਰਭਾਵ ਪੈਂਦਾ ਹੈ ਅਤੇ ਬੱਚੇ ਵੀ ਰੋਜ਼ਾਨਾ ਆਪਣੀ ਸਕੂਲ ਦੀ ਵਰਦੀ ਵਿੱਚ ਹੀ ਸਕੂਲ ਆਉਂਦੇ ਹਨ।ਉਨ੍ਹਾਂ ਦੱਸਿਆ ਕਿ ਸਾਥੀ ਅਧਿਆਪਕਾਂ ਦੇ ਸਹਿਯੋਗ ਨਾਲ ਸਕੂਲ ਵਿੱਚ ਦਾਖਲਿਆਂ ਦੇ ਵਾਧੇ ਲਈ ਪਿੰਡ ਵਿੱਚ ਜਾ ਕੇ ਬੱਚਿਆਂ ਦੇ ਮਾਤਾ-ਪਿਤਾ ਨੂੰ ਸਰਕਾਰੀ ਸਕੂਲਾਂ ਦੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ ਜ਼ਿਆਦਾਤਰ ਬੱਚੇ ਸਰਕਾਰੀ ਸਕੂਲ ਵਿੱਚ ਹੀ ਪੜ੍ਹਾਈ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨਾਲੋਂ ਕਿਸੇ ਪੱਧਰ ਤੋਂ ਵੀ ਘੱਟ ਨਹੀਂ ਹਨ ਸਗੋਂ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆਂ ਸਹੂਲਤਾਂ ਤੇ ਪੜ੍ਹਾਈ ਸਰਕਾਰੀ ਸਕੂਲਾਂ ਵਿੱਚ ਕਰਵਾਈ ਜਾਂਦੀ ਹੈ।