ਠੰਡ ਤੋਂ ਬਚਾਅ ਲਈ ਜ਼ਿਲ੍ਹਾ ਨਿਵਾਸੀਆਂ ਲਈ ਸਿਹਤ ਐਡਵਾਈਜ਼ਰੀ ਕੀਤੀ ਜਾਰੀ
ਫਿਰੋਜ਼ਪੁਰ 16 ਦਸੰਬਰ 2022
ਸਰਦ ਰੁੱਤ ਦੇ ਮੌਸਮ ਵਿੱਚ ਲਗਾਤਾਰ ਘੱਟ ਹੋ ਰਹੇ ਤਾਪਮਾਨ ਵਿੱਚ ਸਿਹਤ ਪ੍ਰਤੀ ਲਾਪਰਵਾਹੀ ਖਤਰਨਾਕ ਸਾਬਤ ਹੋ ਸਕਦੀ ਹੈ। ਬਹੁਤ ਘੱਟ ਤਾਪਮਾਨ ਵਿੱਚ ਜ਼ਿਆਦਾ ਦੇਰ ਰਹਿਣ ਨਾਲ ਹਾਈਪੋਥਰਮੀਆ, ਫਰੋਸਟਬਾਈਟ ਚਿਲਬਲੇਨ ਵਰਗੀਆਂ ਸਥਿਤੀਆਂ ਪੈਦਾ ਹੋ ਸਕਦੀਆਂ ਹਨ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਰਾਜਿੰਦਰਪਾਲ ਨੇ ਸ਼ੀਤ ਲਹਿਰ ਤੋਂ ਬਚਾਅ ਸਬੰਧੀ ਜ਼ਿਲ੍ਹਾ ਨਿਵਾਸੀਆਂ ਲਈ ਸਿਹਤ ਸਲਾਹਕਾਰੀ ਜਾਰੀ ਕਰਦਿਆਂ ਕੀਤਾ।
ਹੋਰ ਪੜ੍ਹੋ – ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀ ਦੀ ਹੋਈ ਮੀਟਿੰਗ
ਸਿਵਲ ਸਰਜਨ ਨੇ ਕਿਹਾ ਕਿ ਲੰਮਾ ਸਮਾਂ ਬਹੁਤ ਘੱਟ ਤਾਪਮਾਨ ਵਿੱਚ ਰਹਿਣ ਨਾਲ ਵਿਅਕਤੀ ਹਾਈਪੋਥਰਮੀਆਂ ਦਾ ਸ਼ਿਕਾਰ ਹੋ ਸਕਦਾ ਹੈ ਜਿਸ ਵਿੱਚ ਸ਼ਰੀਰ ਠੰਡਾ ਪੈ ਜਾਂਦਾ ਹੈ, ਕਾਂਬਾ ਲਗਦਾ ਹੈ ਤੇ ਸ਼ਰੀਰ ਨੂੰ ਬਹੁਤ ਜ਼ਿਆਦਾ ਥਕਾਵਟ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਜੁਬਾਨ ਦੀ ਥਰਥਰਾਹਟ ਤੋਂ ਇਲਾਵਾ ਵਿਅਕਤੀ ਦੀ ਯਾਦਾਸ਼ਤ ਵੀ ਜਾ ਸਕਦੀ ਹੈ ਜੋ ਕਿ ਬਹੁਤ ਹੀ ਖਤਰਨਾਕ ਹੁੰਦੀ ਹੈ। ਇਸੇ ਤਰਾਂ ਹੀ ਬਹੁਤ ਘੱਟ ਤਾਪਮਾਨ ਵਿੱਚ ਲੰਮਾ ਸਮਾਂ ਰਹਿਣ ਨਾਲ ਹੋਣ ਵਾਲਾ ਫਰੋਸਟ ਬਾਈਟ ਅਤੇ ਚਿਲਬਲੇਨ ਜਿਸ ਵਿੱਚ ਹੱਥ ਪੈਰ ਨੀਲੇ ਪੈ ਜਾਂਦੇ ਹਨ, ਚਮੜੀ ਨੂੰ ਗੰਭੀਰ ਨੁਕਸਾਨ ਪਹੰਚਾ ਸਕਦਾ ਹੈ। ਸਿਵਲ ਸਰਜਨ ਨੇ ਸੁਚੇਤ ਕੀਤਾ ਕਿ ਸ਼ੀਤ ਲਹਿਰ ਤੋਂ ਬਚਾਅ ਲਈ ਢੁਕਵੇਂ ਅਹਿਤਿਆਤੀ ਪ੍ਰਬੰਧ ਕਰਨੇ ਬਹੁਤ ਜਰੂਰੀ ਹਨ।
ਉਨ੍ਹਾਂ ਅੱਗੇ ਕਿਹਾ ਕਿ ਸ਼ੀਤ ਲਹਿਰ ਤੋਂ ਬਚਾਅ ਲਈ ਢੁਕਵੇਂ ਸਰਦੀਆਂ ਵਾਲੇ ਕੱਪੜੇ ਪਹਿਣੇ ਜਾਣ, ਜਿੰਨਾ ਸੰਭਵ ਹੋ ਸਕੇ ਬਾਹਰ ਜਾਣ ਤੋਂ ਬਚਿਆ ਜਾਵੇ ਅਤੇ ਫਲੂ ਵਰਗੇ ਲੱਛਣ ਦਿਸਣ ‘ਤੇ ਘਰ ਵਿੱਚ ਹੀ ਰਿਹਾ ਜਾਵੇ। ਉਨ੍ਹਾਂ ਕਿਹਾ ਕਿ ਮੌਸਮ ਬਾਰੇ ਚਿਤਾਵਨੀਆਂ ਲਈ ਮੌਸਮ ਪੂਰਵ ਅਨੁਮਾਨਾਂ ਦੀ ਜਾਣਕਾਰੀ ਲਈ ਸੰਚਾਰ ਸਾਧਨਾਂ ਨਾਲ ਰਾਬਤਾ ਰੱਖਿਆ ਜਾਵੇ, ਗਰਮ ਤਰਲ ਪਦਾਰਥਾਂ ਦਾ ਵਧੇਰੇ ਸੇਵਨ ਕੀਤਾ ਜਾਵੇ ਅਤੇ ਬਜ਼ੁਰਗਾਂ ਤੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਕਮਰਿਆਂ ਵਿੱਚ ਰੂਮ ਹੀਟਰ ਦੀ ਵਰਤੋਂ ਸਮੇਂ ਹਵਾ ਦੀ ਢੁਕਵੀਂ ਆਵਾਜਾਈ ਬਹੁਤ ਜ਼ਰੂਰੀ ਹੈ ਤਾਂ ਜੋ ਆਕਸੀਜਨ ਦੀ ਕਮੀ ਕਾਰਨ ਹੋਣ ਵਾਲੇ ਨੁਕਸਾਨਾਂ ਤੋ ਬੱਚਿਆ ਜਾ ਸਕੇ। ਉਨ੍ਹਾਂ ਅੰਗੀਠੀ, ਕੈਰੋਸੀਨ ਆਦਿ ਦੀ ਵਰਤੋਂ ਤੋਂ ਗੁਰੇਜ਼ ਕਰਨ ਲਈ ਕਿਹਾ ਕਿਉਂਕਿ ਇਹ ਜਾਨਲੇਵਾ ਹੋ ਸਕਦਾ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ, ਜ਼ਿਲ੍ਹਾ ਟੀਕਾਕਰਨ ਅਫਸਰ ਮੀਨਾਕਸ਼ੀ ਅਬਰੋਲ, ਐਸ.ਐਮ.ਓ. ਡਾ. ਗੁਰਮੇਜ ਗੋਰਾਇਆ, ਜ਼ਿਲ੍ਹਾ ਐਪੀਡੀਮਾਲੋਜਿਸਟ ਡਾ. ਸ਼ਮਿੰਦਰ ਕੌਰ, ਡਾ. ਯੁਵਰਾਜ ਨਾਰੰਗ, ਡਾ. ਸੋਨੀਆਂ ਚੌਧਰੀ ਅਤੇ ਮਾਸ ਮੀਡੀਆ ਅਫਸਰ ਰੰਜੀਵ ਹਾਜ਼ਰ ਸਨ।

हिंदी






