ਮੋਰਿੰਡਾ, 8 ਸਤੰਬਰ :- ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਕਿਸਾਨਾਂ ਦੀ ਭਲਾਈ ਹਿੱਤ ਕੀਤੇ ਗਏ ਵਾਅਦੇ ਅਨੁਸਾਰ ਗੰਨਾ ਕਿਸਾਨਾ ਦੀ ਗੰਨੇ ਦੀ ਬਕਾਇਆ ਰਹਿੰਦੀ ਰਕਮ ਦੀ ਤੀਜੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਲਕਾ ਵਿਧਾਇਕ ਸ਼੍ਰੀ ਚਮਕੌਰ ਸਾਹਿਬ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਵਲੋਂ ਮੋਰਿੰਡਾ ਸਹਿਕਾਰੀ ਖੰਡ ਮਿੱਲ ਨੂੰ ਪਿੜਾਈ ਸੀਜਨ 2021-22 ਦੌਰਾਨ ਸਪਲਾਈ ਕੀਤੇ ਗਏ ਗੰਨੇ ਦੀ ਬਕਾਇਆ ਰਹਿੰਦੀ ਰਕਮ ਦੀ ਅਦਾਇਗੀ ਕਰਨ ਲਈ 7.86 ਕਰੋੜ ਰੁਪਏ ਦੀ ਤੀਜੀ ਕਿਸ਼ਤ ਮਿਤੀ 8 ਸਤਬੰਰ 2022 ਨੂੰ ਜਾਰੀ ਕਰ ਦਿੱਤੀ ਗਈ ਹੈ, ਜੋ ਕਿ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਉਨ੍ਹਾਂ ਨੇ ਸ਼ੂਗਰਫੈੱਡ ਪੰਜਾਬ ਦੇ ਪ੍ਰਬੰਧ ਨਿਰਦੇਸ਼ਕ ਸ਼੍ਰੀ ਰਵਿੰਦਰ ਸਿੰਘ, (ਆਈ.ਏ.ਐਸ.) ਅਤੇ ਜਨਰਲ ਮੈਨੇਜਰ, ਸ਼ੂਗਰ ਮਿੱਲ, ਮੋਰਿੰਡਾ ਸ੍ਰੀ ਕੰਵਲਜੀਤ ਸਿੰਘ, ਦੀ ਵੀ ਪ੍ਰਸ਼ੰਸਾ ਕੀਤੀ ਕਿ ਮੋਰਿੰਡਾ ਸਹਿਕਾਰੀ ਖੰਡ ਮਿੱਲ ਵੱਲੋਂ ਵੀ ਆਪਣੇ ਪੱਧਰ ‘ਤੇ 8 ਸਤੰਬਰ ਨੂੰ 2.09 ਕਰੋੜ ਰੁਪਏ ਦੀ ਰਕਮ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਪਾਈ ਗਈ। ਸਹਿਕਾਰੀ ਖੰਡ ਮਿੱਲ ਮੋਰਿੰਡਾ ਵੱਲੋਂ ਆਪਣੇ ਪੱਧਰ ਤੇ ਹੁਣ ਤੱਕ ਕੁੱਲ 30.74 ਕਰੋੜ ਰੁਪਏ ਦੀ ਅਦਾਇਗੀ ਗੰਨਾ ਕਾਸ਼ਤਕਾਰਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ। ਪਿੜਾਈ ਸੀਜ਼ਨ 2021-22 ਦੀ ਕੋਈ ਵੀ ਰਕਮ ਬਕਾਇਆ ਨਹੀਂ ਰਹਿੰਦੀ।
ਉਨ੍ਹਾਂ ਦੱਸਿਆ ਕਿ ਸਰਕਾਰੀ ਪੱਧਰ ‘ਤੇ ਗੰਨੇ ਦੀ ਕੀਤੀ ਗਈ ਇਸ ਅਦਾਇਗੀ ਨਾਲ ਜਿੱਥੇ ਗੰਨਾ ਕਾਸ਼ਤਾਕਾਰਾਂ ਨੂੰ ਕਾਫੀ ਮਦਦ ਮਿਲੇਗੀ, ਉਸਦੇ ਨਾਲ-ਨਾਲ ਭੱਵਿਖ ਵਿੱਚ ਅੱਸੂ-ਕੱਤਕ ਦੀ ਬਿਜਾਈ ਦੇ ਵਿੱਚ ਹੋਰ ਵਾਧਾ ਹੋਵੇਗਾ, ਜਿਸ ਨਾਲ ਮਿੱਲਾਂ ਵੱਧ ਸਮੇਂ ਲਈ ਗੰਨੇ ਦੀ ਪਿੜਾਈ ਕਰਨ ਸਕਣਗੀਆਂ। ਇਸ ਕੀਤੀ ਗਈ ਅਦਾਇਗੀ ਦਾ ਜਿੱਥੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸਦੇ ਨਾਲ ਉਨ੍ਹਾਂ ਇਹ ਵੀ ਦੱਸਿਆ ਕਿ ਜੋ ਮੋਰਿੰਡਾ ਸਹਿਕਾਰੀ ਖੰਡ ਮਿੱਲ ਦੀ ਪਿੜਾਈ ਸੀਜ਼ਨ 2021-22 ਦੀ ਪੰਜਾਬ ਸਰਕਾਰ ਅਤੇ ਮੋਰਿੰਡਾ ਸਹਿਕਾਰੀ ਖੰਡ ਮਿੱਲ ਵੱਲ ਕੋਈ ਰਕਮ ਬਕਾਇਆ ਨਹੀਂ ਰਹਿੰਦੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਨਾਲ ਗੰਨਾ ਕਾਸ਼ਤਕਾਰਾਂ ਨੂੰ ਕਾਫੀ ਵਿੱਤੀ ਲਾਭ ਹੋਇਆ ਹੈ ਅਤੇ ਉਨ੍ਹਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਇਹ ਬੇਨਤੀ ਵੀ ਕੀਤੀ ਗਈ ਹੈ ਕਿ ਉਹ ਗੰਨੇ ਦੀ ਬਿਜਾਈ ਨੂੰ ਹੋਰ ਉਤਸ਼ਾਹ ਨਾਲ ਕਰਨ, ਤਾਂ ਜੋ ਮਿੱਲ ਨੂੰ ਵੱਧ ਤੋਂ ਵੱਧ ਸਮੇਂ ਲਈ ਚਲਾਇਆ ਜਾ ਸਕੇ।

हिंदी






