ਗਿੱਦੜਾਂਵਾਲੀ ਅਤੇ ਉਸਮਾਨਖੇੜਾ ਦੇ ਕਿਸਾਨਾਂ ਨੂੰ ਮੱਛੀ ਪਾਲਣ ਦੇ ਧੰਦੇ ਨੂੰ ਅਪਣਾਉਣ ਬਾਰੇ ਕੀਤਾ ਜਾਗਰੂਕ
ਵਿਭਾਗੀ ਅਧਿਕਾਰੀਆਂ ਨੇ ਕਿਹਾ, ਇਸ ਖੇਤਰ ਦੇ ਕਿਸਾਨ ਖਾਰੇ ਪਾਣੀ ਦੀਆਂ ਝੀਂਗਾ ਮੱਛੀਆਂ ਦਾ ਧੰਦਾ ਅਪਣਾ ਕੇ ਬੇਹੱਦ ਲਾਭ ਕਮਾ ਸਕਦੇ ਹਨ
ਫਾਜ਼ਿਲਕਾ 3 ਜੂਨ 2022 :- ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ—ਨਿਰਦੇਸ਼ਾਂ ਹੇਠ ਮੱਛੀ ਪਾਲਣ ਵਿਭਾਗ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਪਿੰਡ ਗਿੱਦੜਾਂਵਾਲੀ ਵਿਖੇ ਮੱਛੀ ਪਾਲਣ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਜਿੱਥੇ ਪਿੰਡ ਗਿੱਦੜਾਂਵਾਲੀ ਅਤੇ ਉਸਮਾਨਖੇੜਾ ਦੇ ਕਿਸਾਨਾਂ ਨੂੰ ਮੱਛੀ ਪਾਲਣ ਦੇ ਧੰਦੇ ਨੂੰ ਅਪਣਾਉਣ ਬਾਰੇ ਜਾਗਰੂਕ ਕੀਤਾ ਗਿਆ।
ਜ਼ਿਲ੍ਹਾ ਮੱਛੀ ਪਾਲਣ ਅਫਸਰ ਕੌਕਮ ਕੌਰ ਤੇ ਸੁਪ੍ਰਿਆ ਅਤੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਾ. ਵਿਨੋਦ ਸਹਾਰਨ ਨੇ ਆਏ ਹੋਏ ਸਾਰੇ ਕਿਸਾਨਾਂ ਦਾ ਸਵਾਗਤ ਕਰਦੇ ਹੋਏ ਮੱਛੀ ਪਾਲਣ ਵਿਭਾਗ ਅਤੇ ਕੇਵੀਕੇ ਦੀਆਂ ਗਤੀਵਿਧੀਆਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਖੇਤਰ ਦੇ ਕਿਸਾਨਾਂ ਨੂੰ ਮੱਛੀ ਪਾਲਣ ਅਤੇ ਹੋਰ ਸਹਾਇਕ ਧਦਿਆਂ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤਰਾਂ ਵਿੱਚ ਪਾਣੀ ਦੇ ਪੱਧਰ ਦੇ ਉੱਪਰ ਆਉਣ ਕਾਰਨ ਇਸ ਖੇਤਰ ਦੇ ਕਿਸਾਨ ਜੇਕਰ ਖਾਰੇ ਪਾਣੀ ਦੀਆਂ ਝੀਂਗਾ ਮੱਛੀਆਂ ਦਾ ਧੰਦਾ ਅਪਣਾਉਣਗੇ ਤਾਂ ਉਹ ਉਨ੍ਹਾਂ ਲਈ ਬੇਹੱਦ ਲਾਭਕਾਰੀ ਹੋਵੇਗਾ, ਇਸ ਲਈ ਇੱਥੋਂ ਦੇ ਕਿਸਾਨਾਂ ਨੂੰ ਮੱਛੀ ਪਾਲਣ ਦਾ ਧੰਦਾ ਅਪਣਾਉਣਾ ਚਾਹੀਦਾ ਹੈ। ਉਨ੍ਹਾਂ ਵਿਭਾਗ ਵੱਲੋਂ ਤਾਲਾਬ ਖੁਦਾਈ, ਮੱਛੀਆਂ ਨੂੰ ਲਿਆਉਣ ਲਿਜਾਉਣ ਵਾਲੇ ਵਾਹਨਾਂ ਤੇ ਵਿਭਾਗ ਵੱਲੋਂ ਮਿਲਣ ਵਾਲੀਆਂ ਸਬਸਿਡੀਆਂ ਅਤੇ ਬੀਜ ਉੱਪਲੱਬ ਕਰਵਾਉਣ ਆਦਿ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ।

हिंदी






