ਪਟਿਆਲਾ, 11 ਨਵੰਬਰ 2021
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਦੱਸਿਆ ਕਿ ਹਾੜੀ ਸੀਜ਼ਨ ਦੀਆਂ ਫ਼ਸਲਾਂ ਦੀ ਬਿਜਾਈ ਲਈ ਖਾਦਾਂ ਦੀ ਨਿਰੰਤਰ ਸਪਲਾਈ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਕਿਸਾਨਾਂ ਨੂੰ ਹਾੜੀ ਦੀਆਂ ਫ਼ਸਲਾਂ ਦੀ ਬਿਜਾਈ ਲਈ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ। ਉਹਨਾਂ ਨੇ ਜ਼ਿਲ੍ਹੇ ਅੰਦਰ ਖੇਤੀ ਇਨਪੁਟਸ ਦੀ ਜਮਾਂਖੋਰੀ, ਕਾਲਾ ਬਾਜ਼ਾਰੀ ਆਦਿ ਕਰਨ ਵਾਲੇ ਖੇਤੀ ਇਨਪੁਟਸ ਵਿਕ੍ਰੇਤਾਵਾਂ ਉਪਰ ਕੜੀ ਨਜ਼ਰ ਰੱਖਣ ਲਈ ਖੇਤੀਬਾੜੀ ਵਿਭਾਗ, ਸਹਿਕਾਰਤਾ ਵਿਭਾਗ ਅਤੇ ਮਾਰਕਫੈੱਡ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ। ਜੇਕਰ ਕੋਈ ਵੀ ਖੇਤੀ ਇਨਪੁਟਸ ਵਿਕਰੇਤਾ ਖੇਤੀ ਇਨਪੁਟਸ ਦੀ ਜਮਾਂਖੋਰੀ ਜਾਂ ਕਾਲਾ ਬਾਜ਼ਾਰੀ ਕਰਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਇਲਾਵਾ ਖੇਤੀ ਇਨਪੁਟਸ ਦੀ ਕੁਆਲਿਟੀ ਚੈੱਕ ਕਰਨ ਲਈ ਸਮੇਂ ਸਮੇਂ ਤੇ ਖੇਤੀਬਾੜੀ ਵਿਭਾਗ ਵੱਲੋਂ ਸੈਂਪਲਿੰਗ ਕੀਤੀ ਜਾਵੇ।
ਹੋਰ ਪੜ੍ਹੋ :-ਜਿਲਾ ਪੱਧਰੀ ਕਿਸਾਨ ਕੈਪ ਤੇ ਕਿਸਾਨਾ ਨੂੰ ਫਸਲਾਂ ਦੀ ਰਹਿੰਦ ਖੂੰਹਦ ਨੂੰ ਨਾ ਸਾੜਨ ਤੇ ਜ਼ੋਰ
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਹਾੜੀ ਦੀਆਂ ਫ਼ਸਲਾਂ ਅਧੀਨ ਜ਼ਿਲ੍ਹੇ ਦਾ ਕੁੱਲ ਰਕਬਾ 2,55,000 ਹੈਕਟੇਅਰ ਹੈ ਅਤੇ ਹਾੜੀ ਦੀ ਮੁੱਖ ਫ਼ਸਲ ਕਣਕ ਹੈ ਜੋ ਕਿ ਤਕਰੀਬਨ 2,3400 ਹੈਕਟੇਅਰ ਰਕਬੇ ਵਿਚ ਬੀਜੀ ਜਾਂਦੀ ਹੈ ਅਤੇ ਹੁਣ ਤੱਕ ਲਗਭਗ 40 ਫ਼ੀਸਦੀ ਰਕਬੇ ਵਿਚ ਕਣਕ ਦੀ ਬਿਜਾਈ ਕੀਤੀ ਜਾ ਚੁੱਕੀ ਹੈ। ਜ਼ਿਲ੍ਹੇ ਅੰਦਰ ਹਾੜੀ ਦੀਆਂ ਫ਼ਸਲਾਂ ਲਈ ਕੁੱਲ 44000 ਮੀ. ਟਨ ਡੀ.ਏ.ਪੀ. ਖਾਦ ਦੇ ਅਨੁਰੂਪ 24650 ਮੀ.ਟਨ ਖਾਦ ਦੀ ਸਪਲਾਈ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਸਰਕਾਰ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਬਾਕੀ ਰਹਿੰਦੀ ਖਾਦ ਦੀ ਜ਼ਰੂਰਤ ਵੀ ਪੂਰੀ ਹੋ ਜਾਵੇਗੀ।
ਉਹਨਾਂ ਦੱਸਿਆ ਕਿ ਖੇਤੀ ਇਨਪੁਟਸ ਦੀ ਨਿਰਵਿਘਨ ਸਪਲਾਈ, ਸੁਚੱਜੀ ਵੰਡ ਅਤੇ ਬੇਲੋੜੀ ਇਨਪੁਟਸ ਟੈਗਿੰਗ ਰੋਕਣ ਲਈ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਬਣੀਆਂ ਹੋਈਆਂ ਟੀਮਾਂ ਵੱਲੋਂ ਨਿਰੰਤਰ ਚੈਕਿੰਗ ਅਤੇ ਸੈਂਪਲਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਭਾਗ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਖੇਤੀ ਇਨਪੁਟਸ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ ਤਾਂ ਜੋ ਖੇਤੀ ਉਪਰ ਬੇਲੋੜੇ ਖ਼ਰਚਿਆ ਨੂੰ ਘਟਾਉਂਦੇ ਹੋਏ ਆਮਦਨੀ ਵਿਚ ਵਾਧਾ ਕੀਤਾ ਜਾ ਸਕੇ।

हिंदी






