34 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਉਪਰੰਤ ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ ਹੋਏ ਸੇਵਾਮੁਕਤ

Sorry, this news is not available in your requested language. Please see here.

ਪਟਿਆਲਾ, 18 ਅਗਸਤ :- 

ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਮੁਕੇਸ਼ ਕੁਮਾਰ ਆਪਣੀ 34 ਸਾਲਾਂ ਦੀ ਸ਼ਾਨਦਾਰ ਸੇਵਾ ਉਪਰੰਤ ਅੱਜ ਸੇਵਾਮੁਕਤ ਹੋ ਗਏ। ਉਨ੍ਹਾਂ ਨੂੰ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ ਜਿਸ ਵਿੱਚ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ, ਜ਼ਿਲ੍ਹੇ ਦੇ ਤਹਿਸੀਲਦਾਰਾਂ, ਕਾਨੂੰਨਗੋ, ਸਮੁੱਚੇ ਸਟਾਫ਼ ਸਮੇਤ ਸ਼੍ਰੀ ਮੁਕੇਸ਼ ਕੁਮਾਰ ਦੇ ਪਰਿਵਾਰਕ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਦੇ ਕੀਤੇ ਗਏ ਕੰਮ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਸ਼੍ਰੀ ਮੁਕੇਸ਼ ਕੁਮਾਰ ਵੱਲੋਂ ਮਾਲ ਵਿਭਾਗ ਵਿਚ ਨਿਭਾਈ ਸ਼ਾਨਦਾਰ ਸੇਵਾ ਦੀ ਸਰਾਹਾਨਾ ਕਰਦਿਆ ਕਿਹਾ ਕਿ ਉਨ੍ਹਾਂ ਨੇ ਆਪਣਾ ਕੰਮ ਹਮੇਸ਼ਾ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਨੇਪਰੇ ਚਾੜਿਆ। ਉਨ੍ਹਾਂ ਕਿਹਾ ਕਿ ਸ੍ਰੀ ਮੁਕੇਸ਼ ਕੁਮਾਰ ਆਪਣੇ ਕੰਮ ‘ਚ ਪੂਰੀ ਮੁਹਾਰਤ ਰੱਖਦੇ ਹਨ, ਜਿਸ ਸਦਕਾ ਮਾਲ ਵਿਭਾਗ ਨਾਲ ਸਬੰਧਤ ਮਾਮਲਿਆਂ ਨੂੰ ਹੱਲ ਕਰਨ ‘ਚ ਮਾਲ ਵਿਭਾਗ ਵੱਲੋਂ ਤੇਜ਼ੀ ਦਿਖਾਈ ਗਈ ਹੈ। ਉਨ੍ਹਾਂ ਸ੍ਰੀ ਮੁਕੇਸ਼ ਕੁਮਾਰ ਨੂੰ ਸੇਵਾਮੁਕਤ ‘ਤੇ ਸ਼ੁਭਕਾਮਨਾਵਾਂ ਦਿੰਦਿਆਂ ਚੰਗੇ ਭਵਿੱਖ ਦੀ ਕਾਮਨਾ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਸ੍ਰੀ ਮੁਕੇਸ਼ ਕੁਮਾਰ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਉਹ ਇੱਕ ਚੰਗੇ ਅਧਿਕਾਰੀ ਤੇ ਹਮੇਸ਼ਾ ਕੰਮ ਲਈ ਸਮਰਪਿਤ ਰਹਿਣ ਵਾਲੇ ਇਨਸਾਨ ਹਨ।
ਸ੍ਰੀ ਮੁਕੇਸ਼ ਕੁਮਾਰ ਨੇ ਭਾਵੁਕ ਹੁੰਦਿਆਂ ਆਪਣੀ 34 ਸਾਲ ਦੀ ਸੇਵਾ ਦੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਕਾਨੂੰਨਗੋ ਦੇ ਅਹੁਦੇ ਤੋਂ ਸ਼ੁਰੂਆਤ ਕਰਕੇ ਅੱਜ ਜ਼ਿਲ੍ਹਾ ਮਾਲ ਅਫ਼ਸਰ ਦੇ ਅਹੁਦੇ ਤੱਕ ਦਾ ਸਫਰ ਉੱਚ ਅਧਿਕਾਰੀ ਦੇ ਸਾਥ ਤੇ ਮਾਲ ਵਿਭਾਗ ਦੇ ਸਟਾਫ਼ ਦੇ ਸਹਿਯੋਗ ਨਾਲ ਬਹੁਤ ਚੰਗਾ ਰਿਹਾ ਹੈ। ਇਸ ਮੌਕੇ ਸੁਪਰਡੈਂਟ ਹਮੀਰ ਸਿੰਘ ਸਮੇਤ ਮਾਲ ਵਿਭਾਗ ਦਾ ਸਟਾਫ਼ ਮੌਜੂਦ ਸੀ।