ਡਾ. ਪ੍ਰੀਤੀ ਯਾਦਵ ਨੇ ਕਿਸਾਨਾਂ ਨੂੰ ਤਿੰਨ ਸਾਲ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਜਸਵੰਤ ਰਾਏ ਤੋਂ ਪ੍ਰੇਰਿਤ ਹੋਣ ਦੀ ਕੀਤੀ ਅਪੀਲ

Sorry, this news is not available in your requested language. Please see here.

ਜ਼ਿਲ੍ਹਾ ਰੂਪਨਗਰ ਲਈ ਇਸ ਸਾਲ 16,860 ਹੈਕ. ਸਿੱਧੀ ਬਿਜਾਈ ਨਾਲ ਝੋਨਾ ਬੀਜਣ ਦਾ ਟੀਚਾ ਮਿਥਿਆ

ਰੂਪਨਗਰ, 20 ਮਈਪੰਜਾਬ ਵਿੱਚ ਕੱਦੂ ਨਾਲ ਕੀਤੀ ਜਾ ਰਹੀ ਹੈ ਝੋਨੇ ਦੀ ਕਾਸ਼ਤ ਨੇ ਜਮੀਨਦੋਜ਼ ਪਹਿਲੀ ਅਤੇ ਦੂਜੀ ਤਹਿ ਤੇ ਪਾਣੀ ਨੂੰ ਲਗਭਗ ਖਤਮ ਕਰ ਦਿੱਤਾ ਹੈ ਜਿਸ ਲਈ ਪੰਜਾਬ ਸਰਕਾਰ ਵਲੋ ਝੋਨੇ ਦੀ ਸਿੱਧੀ ਬਿਜਾਈ ਨੂੰ ਬੜੀ ਹੀ ਸੰਜੀਦਗੀ ਨਾਲ ਲਾਗੂ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ। ਜਿਸ ਤਹਿਤ ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਤਿੰਨ ਸਾਲ ਤੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਪਿੰਡ ਸ਼ਾਮਪੁਰਾ ਦੇ ਕਿਸਾਨ ਜਸਵੰਤ ਰਾਏ ਦੇ ਖੇਤ ਵਿੱਚ ਪਹੁੰਚ ਕੇ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉੱਤੇ ਡਾ. ਪ੍ਰੀਤੀ ਯਾਦਵ ਨੇ ਕਿਸਾਨਾ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਤੋਂ ਹੀ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਜਸਵੰਤ ਰਾਏ ਤੋਂ ਪ੍ਰੇਰਿਤ ਹੋਕੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਪਾਣੀ ਦੀ ਸਹੀਂ ਵਰਤੋਂ ਕਰਕੇ ਇਸ ਕੁਦਰਤੀ ਦੇਣ ਨੂੰ ਬਚਾਉਣ।

 

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭੂ-ਵਿਗਿਆਨੀਆਂ ਵਲੋਂ ਇਹ ਵੀ ਅੰਦੇਸ਼ਾ ਜਾਹਰ ਕੀਤਾ ਜਾ ਰਿਹਾ ਹੈ ਕਿ ਪੰਜਾਬ ਦਾ ਜਮੀਨਦੋਜ਼ ਪਾਣੀ ਹੁਣ ਕੁਝ ਕੁ ਸਾਲਾਂ ਦਾ ਹੀ ਬਾਕੀ ਬਚਿਆ ਹੈ। ਜੇਕਰ ਅਸੀਂ ਆਉਣ ਵਾਲੀਆਂ ਨਸਲਾਂ ਲਈ ਪਾਣੀ ਬਚਾਉਣਾ ਹੈ ਤਾਂ ਕੱਦੂ ਨਾਲ ਝੋਨੇ ਦੀ ਬਿਜਾਈ ਤੋ ਪਾਸਾ ਵੱਟਣਾ ਹੀ ਪੈਣਾ ਹੈ। ਜ਼ਿਲ੍ਹਾ ਰੂਪਨਗਰ ਲਈ ਇਸ ਸਾਲ 16860 ਹੈਕ. ਸਿੱਧੀ ਬਿਜਾਈ ਨਾਲ ਝੋਨਾ ਬੀਜਣ ਦਾ ਟੀਚਾ ਮਿਥਿਆ ਗਿਆ ਹੈ।

ਮੁੱਖ ਖੇਤੀਬਾੜੀ ਅਫਸਰ ਸ. ਮਨਜੀਤ ਸਿੰਘ ਨੇ ਦੱਸਿਆ ਕਿ ਇਸ ਸਿਲਸਿਲੇ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਪੂਰੀ ਗਰਮ ਜ਼ੋਸ਼ੀ ਨਾਲ ਕਿਸਾਨਾਂ ਨੂੰ ਪਿੰਡ-ਪਿੰਡ ਜਾ ਕੇ ਜਾਗਰੂਕ ਕਰ ਰਿਹਾ ਹੈ ਕਿ ਝੋਨੇ ਦੀ ਤਰ-ਵਤਰ ਸਿੱਧੀ ਬਿਜਾਈ ਨਾਲ ਕੱਦੂ ਕੀਤੇ ਝੋਨੇ ਨਾਲੋ ਜਿਥੇ 15-20 ਫੀਸਦੀ ਪਾਣੀ ਦੀ ਵਰਤੋਂ ਘੱਟ ਹੁੰਦੀ ਹੈ, ਉੱਥੇ ਹੀ 10-12 ਫੀਸਦੀ ਵਰਖਾ ਦਾ ਪਾਣੀ ਵਰਖਾ ਰੁੱਤ ਵਿੱਚ ਹੇਠਾਂ ਜੀਰਦਾ ਹੈ ਅਤੇ ਪਾਣੀ ਦੇ ਕੁਦਰਤੀ ਸੋਮਿਆਂ ਨੂੰ ਰੀਚਾਰਜ ਕਰਦਾ ਹੈ। ਇਸਦੇ ਨਾਲ-ਨਾਲ ਇਸ ਵਿਧੀ ਨਾਲ ਬੀਜੇ ਝੋਨੇ ਉੱਤੇ ਕੀੜੇ ਮਕੋੜਿਆਂ ਅਤੇ ਬਿਮਾਰੀਆਂ ਦਾ ਹਮਲਾ ਤਾਂ ਘੱਟ ਹੁੰਦਾ ਹੀ ਹੈ। ਉੱਥੇ ਹੀ ਝੋਨੇ ਦੀ ਕਟਾਈ ਉਪਰੰਤ ਘੱਟ ਨਾੜ ਹੋਣ ਕਾਰਨ ਇਸ ਨੂੰ ਵੀ ਸੋਖੇ ਢੰਗ ਲਾਲ ਸਾਭਿਆ ਜਾ ਸਕਦਾ ਹੈ ਅਤੇ ਲੇਬਰ ਦੇ ਖਰਚੇ ਦੀ ਵੀ ਕਾਫੀ ਬਚਤ ਹੁੰਦੀ ਹੈ।

 

ਤਿੰਨ ਸਾਲ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਕਿਸਾਨ ਜਸਵੰਤ ਰਾਏ ਨੇ ਦੱਸਿਆ ਕਿ ਸਾਲ 2020 ਵਿੱਚ ਕਰੋਨਾ ਮਹਾਂਮਾਰੀ ਦੌਰਾਨ ਜਦੋਂ ਪ੍ਰਵਾਸੀ ਖੇਤ ਮਜਦੂਰ ਆਪਣੇ ਘਰਾਂ ਨੂੰ ਵਾਪਸ ਚਲੇ ਗਏ ਸੀ ਤਾਂ ਉਹ ਗੰਭੀਰ ਚਿੰਤਾ ਵਿੱਚ ਪੈ ਗਿਆ ਕਿ ਹੁਣ ਉਹ ਕਿਵੇਂ ਝੋਨੇ ਦੀ ਬਿਜਾਈ ਕਰੇਗਾ। ਉਨ੍ਹਾਂ ਦੱਸਿਆ ਕਿ ਉਸ ਵਲੋਂ ਖੇਤੀਬਾੜੀ ਵਿਭਾਗ ਨਾਲ ਸੰਪਰਕ ਕੀਤਾ ਗਿਆ ਜਿਨ੍ਹਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਬਾਰੇ ਪਤਾ ਲੱਗਿਆ ਅਤੇ ਜਿਸ ਉਪਰੰਤ ਡੀ.ਐਸ.ਆਰ ਮਸ਼ੀਨ ਦੀ ਖਰੀਦ ਕੀਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਖੇਤ ਵਿੱਚ ਛਿੱਟੇ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਦਾ ਰਿਹਾ ਹੈ।

ਕਿਸਾਨ ਜਸਵੰਤ ਰਾਏ ਨੇ ਅੱਗੇ ਦੱਸਿਆ ਕਿ ਜਿੱਥੇ ਝੋਨੇ ਦੀ ਸਿੱਧੀ ਬਿਜਾਈ ਨਾਲ 15-20 ਫੀਸਦ ਪਾਣੀ ਦੀ ਬੱਚਤ ਹੁੰਦੀ ਹੈ ਉੱਥੇ ਹੀ ਖੇਤ ਮਜਦੂਰੀ ਤੋਂ ਆਉਣ ਵਾਲੇ ਖਰਚ ਅਤੇ ਲਗਾਤਾਰ ਮਹਿੰਗੇ ਹੋ ਰਹੇ ਡੀਜ਼ਲ ਦੀ ਵੀ ਬੱਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਕਦੂ ਵਾਲਾ ਖੇਤ ਵਿੱਚ ਝੋਨਾ ਲਗਾਉਂਦੇ ਸੀ ਤਾਂ ਖੇਤ ਨੂੰ ਪਾਣੀ ਨਾਲ ਪੂਰਾ ਭਰ ਕੇ ਰੱਖਣਾ ਪੈਂਦਾ ਸੀ ਪਰ ਸਿੱਧੀ ਬਿਜਾਈ ਨਾਲ ਪਾਣੀ ਦੀ ਵੱਡੀ ਬੱਚਤ ਹੁੰਦੀ ਹੈ ਅਤੇ ਸਮੇਂ ਦੀ ਵੀ ਬੱਚਤ ਹੁੰਦੀ ਹੈ।

 

ਉਨ੍ਹਾਂ ਕਿਹਾ ਕਿ ਖੇਤ ਵਿੱਚ ਨਦੀਨ ਪੈਣ ਉੱਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਦੀ ਰਾਏ ਲਿੱਤੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਸਮੇਂ ਦਵਾਈ ਅਤੇ ਖਾਦ ਦੀ ਵਰਤੋਂ ਕਰਕੇ ਨੁਕਸਾਨ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨ ਖੇਤ ਵਿੱਚ ਪਹਿਲੇ 40 ਦਿਨ ਕੁਝ ਨਾ ਹੋਣ ਕਾਰਨ ਘਬਰਾ ਜਾਂਦੇ ਹਨ ਜਾਂ ਫਿਰ ਖੇਤ ਵਾਹੁਣ ਦਾ ਮਨ ਬਣਾ ਲੈਂਦੇ ਹਨ ਜੋ ਕਿ ਬਿਲਕੁਲ ਗਲਤ ਹੈ ਜਦ ਕਿ ਪਹਿਲੇ 40 ਦਿਨ ਖੇਤ ਵਿੱਚ ਫਸਲ ਘੱਟ ਦਿਖਾਈ ਦਿੰਦੀ ਹੈ ਉਸ ਤੋਂ ਬਾਅਦ ਹੀ ਖੇਤ ਇੱਕ ਸਾਰ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਕਿਸੇ ਵੀ ਤਰ੍ਹਾਂ ਦਾ ਸੁਝਾਅ ਲੈਣ ਲਈ ਮੋਬਾਇਲ ਨੰ. 94638-21275 ਉੱਤੇ ਸੰਪਰਕ ਕਰ ਸਕਦਾ ਹੈ ਜਾਂ ਫਿਰ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰ ਸਕਦਾ ਹੈ।

 

ਇਸ ਮੌਕੇ ਉੱਤੇ ਭਾਰੀ ਗਿਣਤੀ ਵਿੱਚ ਕਿਸਾਨ ਮੋਜੂਦ ਸਨ, ਜਿਨ੍ਹਾ ਨੇ ਇਸ ਤਕਨੀਕ ਨਾਲ ਝੋਨੇ ਦੀ ਬਿਜਾਈ ਕਰਨ ਬਾਬਤ ਹਲਫ ਲਿਆ ਅਤੇ ਡਿਪਟੀ ਕਮਿਸ਼ਨਰ ਸਾਹਿਬ ਵਲੋ ਜਿਲ੍ਹਾ ਰੂਪਨਗਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਵਰੋਸ਼ਰ ਵੀ ਕਿਸਾਨ ਨੂੰ ਅਰਪਤ ਕੀਤਾ ਗਿਆ ਹੈ। ਇਸ ਮੋਕੇ ਡਾ. ਦਵਿੰਦਰ ਸਿੰਘ ਜਿਲ੍ਹਾ ਸਿਖਲਾਈ ਅਫਸਰ, ਰੂਪਨਗਰ, ਡਾ. ਰਾਕੇਸ਼ ਕੁਮਾਰ ਸ਼ਰਮਾ ਖੇਤੀਬਾੜੀ ਅਫਸਰ, ਡਾ. ਰਣਜੋਧ ਸਿੰਘ ਏ.ਪੀ.ਪੀ.ਓ., ਡਾ ਦਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਇੰਜ. ਜੁਝਾਰ ਸਿੰਘ, ਬਲਵਿੰਦਰ ਕੁਮਾਰ ਅਤੇ ਹਰਸਵਰਾਜ ਸਿੰਘ ਦੇ ਨਾਲ ਬਲਾਕ ਰੂਪਨਗਰ ਦੇ ਸਮੂਹ ਨੋਡਲ ਅਫਸਰ ਵੀ ਸ਼ਾਮਿਲ ਸਨ।