ਸਕੂਲ ਵਿਚ 370 ਵਿਦਿਆਰਥੀਆਂ ਦਾ ਦਾਖਲਾ ਦੇ ਰਿਹਾ ਪ੍ਰਾਇਵੇਟ ਸਕੂਲਾਂ ਨੂੰ ਟੱਕਰ
ਬੱਲੂਆਣਾ- ਅਬੋਹਰ 18 ਅਕਤੂਬਰ :-
ਸਰਕਾਰੀ ਸਕੂਲਾਂ ਨੇ ਨਵੇਂ ਦਿਸਹੱਦੇ ਕਾਇਮ ਕੀਤੇ ਹਨ ਜਿਸ ਕਾਰਨ ਹੁਣ ਸਰਕਾਰੀ ਸਕੂਲਾਂ ਪ੍ਰਤੀ ਲੋਕਾਂ ਦੀ ਸੋਚ ਬਦਲ ਗਈ ਹੈ। ਹੁਣ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਸ਼ੀਸ਼ਾ ਦਿਖਾਉਣ ਲੱਗੇ ਹਨ। ਜਿਸ ਕਾਰਨ ਇੰਨਾਂ ਸਕੂਲਾਂ ਦੀ ਚਰਚਾ ਛਿੜਨੀ ਵੀ ਸੁਭਾਵਿਕ ਹੈ। ਫ਼ਾਜ਼ਿਲਕਾ ਦੇ ਸਰਕਾਰੀ ਸਕੂਲਾਂ ਲਈ ਫ਼ਾਜਿਲਕਾ ਜ਼ਿਲੇ ਦਾ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੱਲੂਆਣਾ ਸਰਕਾਰੀ ਸਕੂਲਾਂ ਦੀ ਸ਼ਾਨ ਹੀ ਨਹੀਂ ਵਧਾ ਰਿਹਾ ਸਗੋਂ ਫ਼ਾਜ਼ਿਲਕਾ ਦੇ ਪ੍ਰਾਇਮਰੀ ਸਕੂਲਾਂ ਲਈ ਮਾਰਗ ਦਰਸ਼ਕ ਬਣ ਕੇ ਉਭੱਰਿਆ ਹੈ। ਇਸ ਸਕੂਲ ਦੇ ਮੁੱਖ ਅਧਿਆਪਕ ਮਹਾਂਵੀਰ ਆਪਣਾ ਕੰਮ ਕਰਨਾ ਪਸੰਦ ਕਰਦੇ । ਉਹ ਸਕੂਲ ਨੂੰ ਨਵੀਆਂ ਰਾਹਾਂ ਵੱਲ ਲੈ ਕੇ ਜਾ ਰਹੇ ਹਨ। ਇਸ ਸਕੂਲ ਦੀ ਦਿੱਖ ਨੂੰ ਦੇਖ ਕੇ ਹਰ ਕੋਈ ਪ੍ਰਭਾਵਿਤ ਹੁੰਦਾ ਹੈ। ਸਕੂਲ ਵਿਚ ਵਿਦਿਆਰਥੀਆਂ ਨੂੰ ਨਵੀਆਂ ਰਾਹਾਂ ਦੇ ਹਾਣੀ ਬਣਾਉਣ ਦੇ ਨਾਲ ਨਾਲ ਸਕੂਲ ਦੀ ਇਮਾਰਤ ਨੂੰ ਵੀ ਨਵੀਂ ਦਿੱਖ ਦਿੱਤੀ ਜਾ ਰਹੀ ਹੈ। ਸਕੂਲ ਦੇ ਖੁੱਲੇ ਅਤੇ ਹਵਾਦਾਰ ਕਮਰੇ ਇਸ ਸਕੂਲ ਦੀ ਇਮਾਰਤਸਾਜੀ ਦਾ ਨਮੂਨਾ ਪੇਸ਼ ਕਰਦੇ ਹਨ ਸਕੂਲ ਦੇ ਮੁੱਖ ਅਧਿਆਪਕ ਦੱਸਦੇ ਹਨ ਕਿਸ ਉਨਾਂ ਵਲੋਂ ਸਕੂਲ ਦੇ ਵਿਦਿਆਰਥੀਆਂਨੂੰ ਪ੍ਰੌਜੈਕਟਰ, ਕੰਪਿਊਟਰ ਅਤੇ ਐਲ.ਈ.ਡੀ. ਦੀ ਮਦਦ ਨਾਲ ਪੜਾਇਆ ਜਾ ਰਿਹਾ ਹੈ।
ਇਸ ਸਕੂਲ ਦੀ ਖਾਸੀਅਤ ਦੀ ਗੱਲ ਕਰਦਿਆਂ ਸਕੂਲ ਦੇ ਮੁੱਖ ਅਧਿਆਪਕ ਨੇ ਦੱਸਿਆ ਕਿ ਸਕੂਲ ਵਿਚ ਵਿਦਿਆਰਥੀਆਂ ਨੂੰ ਅੰਗਰੇਜੀ ਮੀਡੀਅਮ ਵਿਚ ਸਿੱਖਿਆ ਮੁਹੱਈਆ ਕਰਵਾਈ ਜਾਂਦੀ ਹੈ। ਉਨਾਂ ਦੱਸਿਆ ਕਿ ਵਿਦਿਆਰਥੀਆਂ ਦਾ ਸਿੱਖਣ ਪੱਧਰ ਵੀ ਪ੍ਰਾਈਵੇਟ ਸਕੂਲ ਦੇ ਵਿਦਿਆਰਥੀਆਂ ਨਾਲੋਂ ਕਿਤੇ ਵੱਧ ਹੈ। ਉਨਾਂ ਦੱਸਿਆ ਕਿ ਵਿਦਿਆਰਥੀਆਂ ਦੀਆਂ ਪਾਠ ਪੁਸਤਕਾਂ , ਪੜਾਉਣ ਦੇ ਢੰਗ ਆਦਿ ਕੰਪਿਊਟਰ ਵਿਚ ਅਪਲੋਡ ਹੁੰਦੀਆਂ ਹਨ। ਸਕੂਲ ਵਿਚ ਮੈਥ ਪਾਰਕ ਦਾ ਨਿਰਮਾਣ ਕੀਤਾ ਗਿਆ ਹੈ।
ਵਿਦਿਆਰਥੀਆਂ ਦੇ ਸ਼ੁੱਧ ਪੀਣ ਦੇ ਪਾਣੀ ਲਈ ਆਰ.ਓ. ਦਾ ਪ੍ਰਬੰਧ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਚਿਹਰੇ ਦੀ ਮੁਸਕਰਾਹਟ ਦੱਸਦੀ ਹੈ ਕਿ ਉਨਾਂ ਨੂੰ ਪੜਾਈ ਬੋਝ ਨਹੀਂ ਲੱਗਦੀ। ਜਿੱਥੇ ਸਕੂਲ ਦਾ ਵਾਤਾਵਰਣ ਸਾਫ਼ ਸੁਥਰਾ ਹੈ। ਉਥੇ ਹੀ ਸਕੂਲ ਵਿਚ ਵਿਦਿਆਰਥੀਆਂ ਨੂੰ ਆਮ ਗਿਆਨ ਨਾਲ ਜੋੜਨ ਲਈ ਲਾਇਬ੍ਰੇਰੀ ਸਥਾਪਿਤ ਕੀਤੀ ਗਈ ਹੈ। ਸਕੂਲ ਵਿਚ ਵਿਦਿਆਰਥੀਆਂ ਨੂੰ ਸਾਇੰਸ ਨਾਲ ਜੋੜਨ ਲਈ ਸਕੂਲ ਦੀਆਂ ਕੰਧਾਂ ਤੇ ਸੂਰਜੀ ਗ੍ਰਹਿ ਬਾਰੇ ਵੀ ਜਾਣੂੰ ਕਰਵਾਇਆ ਗਿਆ ਹੈ। ਸਕੂਲ ਦੀਆਂ ਕੰਧਾਂ ਤੇ ਇਸ ਤਰਾਂ ਦੇ ਦ੍ਰਿਸ਼ ਆਮ ਹੀ ਮਿਲਦੇ ਹਨ। । ਵਿਦਿਆਰਥੀਆਂ ਦੇ ਖੇਡਣ ਲਈ ਝੂਲੇ ਆਦਿ ਸਥਾਪਿਤ ਕੀਤੇ ਗਏ ਹਨ। ਇਸ ਦੇ ਨਾਲ ਹੀ ਸਕੂਲ ਦੇ ਦੂਜੇ ਅਧਿਆਪਕਾਂ ਨੇ ਦੱਸਿਆ ਕਿ ਅਸੀ ਸਾਰੇ ਵਿਦਿਆਰਥੀਆਂ ਦੇ ਦੋਸਤ ਬਣ ਕੇ ਪੜਦੇ ਅਤੇ ਪੜਾਉਂਦੇ ਹਾਂ। ਸਕੂਲ ਵਿਚ 370 ਵਿਦਿਆਰਥੀਆਂ ਅਤੇ 14 ਦੇ ਕਰੀਬ ਅਧਿਆਪਕਾਂ ਦਾ ਪਰਿਵਾਰ ਪੂਰਾ ਖੁਸ਼ ਹੈ। ਪਿੰਡ ਦੇ ਸਰਪੰਚ ਸਕੂਲ ਮੈਨੇਜਮੈਂਟ ਕਮੇਟੀ ਚੇਅਰਮੈਨ ਨੇ ਕਿਹਾ ਕਿ ਪਿੰਡ ਵਾਸੀਆਂ ਦਾ ਹਮੇਸ਼ਾਂ ਸਕੂਲ ਨੂੰ ਸਹਿਯੋਗ ਰਹਿੰਦਾ ਹੈ। ਉਨਾਂ ਦੱਸਿਆ ਕਿ ਸਕੂਲ ਦੇ ਅਧਿਆਪਕਾਂ ਤੇ ਉਨਾਂ ਨੂੰ ਮਾਣ ਹੈ।

हिंदी






