19, 20, 23 ਤੇ 24 ਜਨਵਰੀ ਨੂੰ ਰਿਹਸਲਾਂ ਕਰਵਾਈਆਂ ਜਾਣਗੀਆਂ
ਰੂਪਨਗਰ, 16 ਜਨਵਰੀ :-
ਗਣਤੰਤਰ ਦਿਵਸ ਸਮਾਰੋਹ ਮਨਾਉਣ ਲਈ ਤਿਆਰੀਆ ਸਬੰਧੀ ਮੀਟਿੰਗ ਵਧੀਕ ਡਿਪਟੀ ਕਮਿਸ਼ਨਰ (ਵ) ਸ. ਅਮਰਦੀਪ ਸਿੰਘ ਗੁਜਰਾਲ ਵਲੋਂ ਜ਼ਿਲ੍ਹਾ ਪ੍ਰੀਸ਼ਦ ਦੇ ਪ੍ਰਬੰਧਕੀ ਕੰਪਲੈਕਸ ਵਿਖੇ ਕੀਤੀ ਗਈ। ਇਸ ਮੀਟਿੰਗ ਵਿੱਚ ਸੱਭਿਆਚਾਰਕ ਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਦੀ ਚੋਣ ਕੀਤੀ ਗਈ ਤੇ ਸਮਾਰੋਹ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਉਨ੍ਹਾਂ ਦੱਸਿਆ 19, 20, 23 ਤੇ 24 ਜਨਵਰੀ ਨੂੰ ਰਿਹਸਲਾਂ ਕਰਵਾਈਆਂ ਜਾਣਗੀਆਂ।
ਵਧੀਕ ਡਿਪਟੀ ਕਮਿਸ਼ਨਰ (ਵ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਜ਼ਿਲ੍ਹਾ ਪੱਧਰੀ ਸਮਾਗਮ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਮਨਾਇਆ ਜਾਵੇਗਾ। ਜਿਸ ਵਿੱਚ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ।
ਸ. ਅਮਰਦੀਪ ਸਿੰਘ ਗੁਜਰਾਲ ਨੇ ਦੱਸਿਆ ਕਿ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ, ਮਾਰਚ ਪਾਸਟ ਅਤੇ ਪੀ.ਟੀ.ਸ਼ੋਅ ਹੋਵੇਗਾ। ਮੁੱਖ ਮਹਿਮਾਨ ਪਹਿਲਾ ਪਰੇਡ ਤੋ ਸਲਾਮੀ ਲੈਣਗੇ, ਉਸ ਤੋ ਬਾਅਦ ਸੱਭਿਆਚਾਰਕ ਗਤੀਵਿਧੀਆ ਕਰਵਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਪੁਲੀਸ ਵਿਭਾਗ, ਸਿਹਤ ਵਿਭਾਗ, ਵਣ ਵਿਭਾਗ, ਖੇਤੀਬਾੜੀ ਵਿਭਾਗ, ਮਗਨਰੇਗਾ, ਜਨਰਲ ਮੈਨੇਜਰ, ਉਦਯੋਗ ਕੇਂਦਰ, ਮਾਰਕਫੈੱਡ, ਸਿੱਖਿਆ ਵਿਭਾਗ, ਪਸ਼ੂ ਪਾਲਣ ਵਿਭਾਗ, ਬਾਗਬਾਨੀ ਵਿਭਾਗ, ਮੱਛੀ ਪਾਲਣ ਵਿਭਾਗ, ਸਰਕਾਰੀ ਆਈ.ਟੀ.ਆਈ. ਰੂਪਨਗਰ, ਰੈੱਡ ਕਰਾਸ ਸੁਸਾਇਟੀ, ਸੀ.ਡੀ.ਪੀ.ਓ. ਰੂਪਨਗਰ ਝਾਕੀਆਂ ਦਿਖਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਅਤੇ ਸਕੂਲਾਂ ਅਤੇ ਹੋਰ ਸਮਾਜ ਸੇਵੀ ਗਤੀਵਿਧੀਆਂ ਵਿੱਚ ਵੱਡੇ ਮੁਕਾਮ ਹਾਸਲ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਹੋਵੇਗਾ। ਉਨ੍ਹਾਂ ਕਿਹਾ ਕਿ ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਵੇਗੀ।
ਇਸ ਮੀਟਿੰਗ ਵਿੱਚ ਸਰਕਾਰੀ ਕਾਲਜ ਤੋਂ ਪ੍ਰੋ. ਨਿਰਮਲ ਬਰਾੜ, ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਸ. ਬਲਜਿੰਦਰ ਸਿੰਘ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੇ ਪ੍ਰਿੰਸੀਪਲ ਸ਼੍ਰੀਮਤੀ ਸੰਦੀਪ ਕੌਰ ਤੇ ਹੋਰ ਅਧਿਕਾਰੀ ਹਾਜ਼ਰ ਸਨ।

हिंदी






