ਸਿਹਤ ਵਿਭਾਗ ਵੱਲੋਂ ਸਵਾਈਨ ਫਲੂ ਤੋਂ ਬਚਾਅ ਸਬੰਧੀ ਅਡਵਾਈਜ਼ਰੀ ਜਾਰੀ

Sorry, this news is not available in your requested language. Please see here.

ਲੁਧਿਆਣਾ, 24 ਜੂਨ :- ਜ਼ਿਲ੍ਹੇ ਵਿੱਚ ਸਵਾਇਨ ਫਲੂ ਦੇ ਆਏ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਸਿਵਲ ਸਰਜਨ ਡਾ ਐਸ ਪੀ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਵਾਈਨ ਫਲੂ ਤੋ ਬਚਣ ਲਈ ਮਾਸਕ ਦੀ ਵਰਤੋ ਕੀਤੀ ਜਾਵੇ ਅਤੇ ਭੀੜ ਭੜੱਕੇ ਵਾਲੀਆਂ ਥਾਂਵਾਂ ‘ਤੇ ਜਾਣ ਤੋ ਪ੍ਰਹੇਜ਼ ਕੀਤਾ ਜਾਵੇ।
ਉਨਾਂ ਦੱਸਿਆ ਕਿ ਇਸ ਬਿਮਾਰੀ ਦੇ ਮੁੱਖ ਲੱਛਣ ਤੇਜ਼ ਬੁਖਾਰ, ਖਾਂਸੀ, ਜੁਕਾਮ, ਛਿੱਕਾਂ ਆਉਣੀਆਂ ਜਾਂ ਨੱਕ ਵਗਣਾ, ਗਲੇ ਵਿਚ ਦਰਦ, ਸਾਹ ਲੈਣ ਵਿਚ ਤਕਲੀਫ, ਦਸਤ ਲੱਗਣਾ, ਸਰੀਰ ਦਾ ਟੁੱਟਣਾ ਮਹਿਸੂਸ ਹੋਣਾ ਆਦਿ ਹਨ। ਉਨ੍ਹਾਂ ਦੱਸਿਆ ਕਿ ਅਜਿਹੀ ਸਥਿਤੀ ਵਿੱਚ ਵਿਅਕਤੀ ਨੂੰ ਆਪਣੇ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਸ ਦਾ ਜਲਦ ਇਲਾਜ ਹੋ ਸਕੇ।
ਇਸ ਬਿਮਾਰੀ ਦੇ ਬਚਾਅ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਖਾਂਸੀ ਕਰਦੇ ਅਤੇ ਛਿੱਕ ਮਾਰਦੇ ਸਮੇ ਆਪਣੇ ਮੂੰਹ ਤੇ ਕੱਪੜਾ ਰੱਖਣਾ ਚਾਹੀਦਾ ਹੈ, ਆਪਣੇ ਨੱਕ, ਅੱਖਾਂ ਅਤੇ ਮੂੰਹ ਨੂੰ ਛੂਹਣ ਤੋ ਪਹਿਲਾ ਅਤੇ ਬਾਅਦ ਵਿਚ ਆਪਣੇ ਹੱਥਾਂ ਨੂੰ ਸਾਬਣ ਨਾਲ ਧੋਣਾ ਚਾਹੀਦਾ ਹੈ, ਖਾਂਸੀ, ਵਗਦੀ ਨੱਕ, ਛਿੱਕਾਂ ਅਤੇ ਬੁਖਾਰ ਤੋ ਪੀੜਤ ਵਿਅਕਤੀ ਤੋ ਦੂਰੀ ਬਣਾ ਕਿ ਰੱਖੀ ਜਾਵੇ, ਵੱਧ ਤੋ ਵੱਧ ਪਾਣੀ ਪੀਣਾ ਚਾਹੀਦਾ ਹੈ ਅਤੇ ਅਜਿਹੇ ਲੱਛਣ ਵਾਲੇ ਵਿਅਕਤੀ ਨਾਲ ਹੱਥ ਮਿਲਾਉਣ ਅਤੇ ਗਲੇ ਮਿਲਣ ਤੋ ਪ੍ਰਹੇਜ਼ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਡਾਕਟਰੀ ਸਲਾਹ ਤੋ ਬਿਨਾਂ ਦਵਾਈ ਨਾ ਲਈ ਜਾਵੇ।ਅਜਿਹੀਆਂ ਸਾਵਧਾਨੀਆਂ ਵਰਤ ਕੇ ਇਸ ਬਿਮਾਰੀ ਤੋ ਬਚਿਆ ਜਾ ਸਕਦਾ ਹੈ।
ਉਨਾਂ ਨਾਲ ਹੀ ਜ਼ਿਲ੍ਹੇ ਭਰ ਵਿੱਚ ਵੱਧ ਰਹੇ ਕੋਰੋਨਾ ਕੇਸਾਂ ਨੂੰ ਧਿਆਨ ਵਿੱਚ ਰੱਖਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬਿਮਾਰੀ ਦੇ ਬਚਾਅ ਲਈ ਵਿਅਕਤੀ ਤੋ ਵਿਅਕਤੀ ਦੂਰੀ ਬਣਾ ਕੇ ਰੱਖੀ ਜਾਵੇ, ਮੂੰਹ ਤੇ ਮਾਸਕ ਦੀ ਵਰਤੋ ਕੀਤੀ ਜਾਵੇ। ਉਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਆਪਣੀ ਪਹਿਲੀ ਅਤੇ ਦੂਜੀ ਟੀਕੇ ਦੀ ਖੁਰਾਕ ਨਹੀ ਲਈ ਉਹ ਆਪਣੀ ਪਹਿਲੀ ਅਤੇ ਦੂਸਰੀ ਟੀਕੇ ਦੀ ਖੁਰਾਕ ਜਲਦ ਤੋ ਜਲਦ ਲੈਣ।
ਸਿਵਲ ਸਰਜਨ ਡਾ ਸਿੰਘ ਨੇ ਦੱਸਿਆ ਕਿ ਅੱਜ ਮੈਗਾ ਕੈਪਾਂ ਵਿਚ 12 ਤੋ 14 ਸਾਲ ਦੇ ਬੱਚਿਆਂ ਦੇ ਕੁੱਲ 1539, 15 ਤੋ 17 ਸਾਲ ਬਾਲਗਾਂ ਦੇ 959 ਅਤੇ ਲਗਭਗ 7764 ਵਿਅਕਤੀਆਂ ਦੇ ਕਰੋਨਾ ਵੈਕਸੀਨ ਲਗਾਈ ਗਈ।