ਆਈ.ਟੀ.ਬੀ.ਪੀ.ਬੈਂਡ ਨੇ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਕੀਤੀ ਸ਼ਾਨਦਾਰ ਪੇਸ਼ਕਾਰੀ

Sorry, this news is not available in your requested language. Please see here.

ਪਟਿਆਲਾ, 14 ਜੁਲਾਈ :-  

ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਫੋਰਸ ਦੀ 51ਵੀਂ ਬਟਾਲੀਅਨ ਵੱਲੋਂ’ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ: ਇੱਕ ਭਾਰਤ, ਸ੍ਰੇਸ਼ਠ ਭਾਰਤ’ਦੇ ਤਹਿਤ ਪਟਿਆਲਾ ਦੇ ਪ੍ਰਸਿੱਧ ਸ਼੍ਰੀ ਕਾਲੀ ਮਾਤਾ ਜੀ ਮੰਦਿਰ ਨੇੜੇ ਸਥਿਤ ਓਮੇਕਸ ਮਾਲ ਦੇ ਸਾਹਮਣੇ ਆਈ.ਟੀ.ਬੀ.ਪੀ. ਦੇ ਬੈਂਡ ਦੇ ਅਧਿਕਾਰੀਆਂ ਅਤੇ ਜਵਾਨਾਂ ਵੱਲੋਂ ਸਵੇਰੇ 9 ਤੋਂ 10 ਵਜੇ ਤੱਕ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ।
ਇਸ ਮੌਕੇ ਓਮੇਕਸ ਮਾਲ ਦੇ ਪ੍ਰਬੰਧਕ ਯੋਗੇਸ਼ ਗੁਪਤਾ, ਪੁਲਿਸ ਪ੍ਰਸ਼ਾਸਨ ਤੇ ਆਈ.ਟੀ.ਬੀ.ਪੀ. 51ਵੀਂ ਬਟਾਲੀਅਨ ਦੇ ਸਹਾਇਕ ਕਮਾਂਡੈਂਟ ਰਹਿਮਾਨ ਅਲੀ ਤੇ ਰਵਿੰਦਰ ਸਿੰਘ ਸਮੇਤ ਆਈ.ਟੀ.ਬੀ.ਪੀ. ਦੇ ਅਧਿਕਾਰੀ ਅਤੇ ਸਥਾਨਕ ਵਾਸੀ ਮੌਜੂਦ ਸਨ।
ਇਸ ਦੌਰਾਨ ਆਈ.ਟੀ.ਬੀ.ਪੀ ਦੇ ਸਹਾਇਕ ਕਮਾਂਡੈਂਟ ਰਹਿਮਾਨ ਅਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਬੈਂਡ ਦੀ ਪੇਸ਼ਕਾਰੀ ਨੇ ਬੇਸ਼ੱਕ ਸਥਾਨਕ ਲੋਕਾਂ ਨੂੰ ਆਜ਼ਾਦੀ ਕਾ ਅੰਮ੍ਰਿਤ ਉਤਸਵ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੀ ਬਟਾਲੀਅਨ ਵੱਲੋਂ ਇਸ ਸਥਾਨ ‘ਤੇ ਬੈਂਡ ਡਿਸਪਲੇ ਕਰਨ ਦਾ ਮਕਸਦ ਦੇਸ਼ ਭਗਤੀ ਦੀ ਭਾਵਨਾ, ਦੇਸ਼ ਪ੍ਰਤੀ ਉਤਸ਼ਾਹ, ਦੇਸ਼ ਪ੍ਰੇਮ, ਸਮਰਪਣ, ਵਫ਼ਾਦਾਰੀ ਦੀ ਭਾਵਨਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਬੈਂਡ ਪ੍ਰਦਰਸ਼ਨੀ ਨਾਲ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ਹੈ ਤੇ ਹਾਜ਼ਰ ਲੋਕਾਂ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣੀਆਂ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਕੁਰਬਾਨੀ ਤੋਂ ਜਾਣੂ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ‘ਤੇ ਆਈ.ਟੀ.ਬੀ.ਪੀ. ਵੱਲੋਂ ਇਕ ਭਾਰਤ, ਸ੍ਰੇਸ਼ਠ ਭਾਰਤ ਤਹਿਤ ਵੱਖਰੇ ਪ੍ਰਕਾਰ ਦੇ ਪ੍ਰੋਗਰਾਮ ਉਲੀਕੇ ਗਏ ਹਨ ਜਿਸ ਤਹਿਤ ਅੰਤਰਰਾਸ਼ਟਰੀ ਯੋਗ ਦਿਵਸ, ਸਭਿਆਚਾਰਕ ਪ੍ਰੋਗਰਾਮ, ਬੈਂਡ ਡਿਸਪਲੇ ਸਮੇਤ ਵੱਖ ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।