ਫਾਜਿ਼ਲਕਾ ਜਿ਼ਲ੍ਹੇ ਵਿਚ ਸਰਵੇਖਣ ਦੌਰਾਨ ਨਹੀਂ ਮਿਲੀ ਗੁਲਾਬੀ ਸੂੰਡੀ, ਪਰ ਚਿੱਟਾ ਮੱਛਰ ਹੈ-ਜ਼ੇਡੀਏ ਅਵਤਾਰ ਸਿੰਘ -29 ਟੀਮਾਂ ਨੇ ਕੀਤਾ ਸਰਵੇਖਣ

Sorry, this news is not available in your requested language. Please see here.

ਫਾਜਿਲਕਾ, 13 ਜੁਲਾਈ :- 
ਖੇਤੀਬਾੜੀ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਦੇ ਹੁਕਮਾਂ ਤੇ ਖੇਤੀਬਾੜੀ ਵਿਭਾਗ ਫਾਜਿ਼ਲਕਾ ਦੀਆਂ 29 ਟੀਮਾਂ ਨੇ ਅੱਜ ਜਿ਼ਲ੍ਹੇ ਦੇ ਨਰਮੇ ਵਾਲੇ ਖੇਤਾਂ ਦਾ ਦੌਰਾ ਕੀਤਾ। ਵਿਭਾਗ ਦੇ ਜ਼ੁਆਇੰਟ ਡਾਇਰੈਕਟਰ (ਘਣੀ ਖੇਤੀ) ਸ: ਅਵਤਾਰ ਸਿੰਘ ਨੇ ਸਰਵੇਖਣ ਮੁਹਿੰਮ ਵਿਚ ਸ਼ਾਮਿਲ ਹੋ ਕੇ ਵਿਭਾਗ ਦੀਆਂ ਟੀਮਾਂ ਦਾ ਹੌਂਸਲਾਂ ਵਧਾਇਆ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਕਿਤੇ ਵੀ ਗੁਲਾਬੀ ਸੂੰਡੀ ਨਹੀਂ ਮਿਲੀ ਪਰ ਚਿੱਟੀ ਮੱਖੀ ਦਾ ਹਮਲਾ ਵੇਖਣ ਨੂੰ ਮਿਲਿਆ ਹੈ।
ਇਸ ਮੌਕੇ ਉਨ੍ਹਾਂ ਨਾਲ ਮੁੱਖ ਖੇਤੀਬਾੜੀ ਅਫ਼ਸਰ ਫਾਜਿਲਕਾ ਡਾ: ਰੇਸਮ ਸਿੰਘ, ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ, ਬਲਾਕ ਖੇਤੀਬਾੜੀ ਅਫ਼ਸਰ ਸਰਵਣ ਸਿੰਘ ਆਦਿ ਵੀ ਹਾਜਰ ਸਨ। ਉਨ੍ਹਾਂ ਵੱਲੋਂ ਪੰਜਕੋਸੀ, ਦਲਮੀਰ ਖੇੜਾ, ਦੌਲਤਪੁਰਾ,  ਤੇਲੂ ਪੁਰਾ, ਬਹਾਵਲਵਾਸੀ ਆਦਿ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨੂੰ ਚਿੱਟੀ ਮੱਖੀ ਦੀ ਰੋਕਥਾਮ ਬਾਰੇ ਜਾਣਕਾਰੀ ਵੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਅੱਜ 181 ਖੇਤਾਂ ਦਾ ਸਰਵੇਖਣ ਕੀਤਾ ਗਿਆ ਇਸ ਇੱਥੋਂ ਉਣੱਤੀ ਵਿੱਚ ਚਿੱਟੀ ਮੱਖੀ ਈ ਟੀ ਐੱਲ ਤੋਂ ਵੱਧ ਪਾਈ ਗਈ । ਉਨ੍ਹਾਂ ਕਿਹਾ ਕਿ ਇਸ ਤੋਂ ਬਿਨਾਂ  ਹਰਾ ਤੇਲਾ ਅਤੇ ਥਰਿਪ ਹਰ ਜਗ੍ਹਾ ਈਟੀਐਲ ਤੋਂ ਥੱਲੇ ਪਾਈ ਗਈ  ।
ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਦਲਮੀਰ ਖੇੜਾ ਵਿਚ ਇਕ ਕਿਸਾਨ ਦੀ ਨਰਮੇ ਦੀ ਫਸਲ ਚਿੱਟੀ ਮੱਖੀ ਤੋਂ ਬਹੁਤ ਪ੍ਰਭਾਵਿਤ ਸੀ ਪਰ ਕਿਸਾਨ ਨੇ ਵਿਭਾਗ ਦੀ ਸਲਾਹ ਅਨੁਸਾਰ ਦੇਖਭਾਲ ਕੀਤੀ ਤਾਂ ਉਹ ਫਸਲ ਹੁਣ ਬਹਾਲ ਹੋ ਗਈ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਊਣ ਨਾ ਸਗੋਂ ਵਿਭਾਗ ਦੀਆਂ ਸਿ਼ਫਾਰਸਾਂ ਤੇ ਅਮਲ ਕਰਨ। ਇਸ ਮੌਕੇ ਯੁਨੀਵਰਸਿਟੀ ਦੀ ਟੀਮ ਨੇ ਵੀ ਡਾ: ਸੰਦੀਪ ਰਹੇਜਾ ਅਤੇ ਸ੍ਰੀ ਸੁਭਾਸ ਚੰਦਰ ਦੀ ਅਗਵਾਈ ਵਿਚ ਨਰਮੇ ਦੇ ਖੇਤਾਂ ਦਾ ਦੌਰਾ ਕੀਤਾ।
ਮੁੱਖ ਖੇਤੀਬਾੜੀ ਅਫ਼ਸਰ ਡਾ: ਰੇਸ਼ਮ ਸਿੰਘ ਨੇ ਦੱਸਿਆ ਕਿ ਨਰਮੇ ਦੇ ਬੂਟੇ ਦੇ ਉੱਪਰਲੇ ਤਿੰਨ ਪੱਤਿਆਂ ਦਾ ਨਿਰੀਖਣ ਹਰ ਰੋਜ਼ ਸਵੇਰੇ 10 ਵਜੇ ਤੋਂ ਪਹਿਲਾਂ-2 ਕਰੋ।
ਡਾ: ਰੇਸਮ ਸਿੰਘ ਨੇ ਦੱਸਿਆ ਕਿ ਜੇਕਰ ਚਿੱਟੀ ਮੱਖੀ ਦੇ ਬਾਲਗਾਂ ਦੀ ਗਿਣਤੀ 6 ਪ੍ਰਤੀ ਪੱਤਾ ਹੋ ਜਾਵੇ ਤਾਂ ਨਰਮੇ ਤੇ ਛਿੜਕਾਅ ਲਈ ਜਿਹੜੇ ਕੀਟਨਾਸ਼ਕਾਂ ਦੀ ਸਿਫ਼ਾਰਿਸ਼ ਕੀਤੀ ਗਈ ਹੈ ਉਨ੍ਹਾਂ ਵਿੱਚ  ਈਥੀਆਨ 50 ਈ ਸੀ 800 ਮਿਲੀਲੀਟਰ ਪ੍ਰਤੀ ਏਕੜ, ਅਫਿਡੋਪਾਇਰੋਪਿਨ 50 ਡੀ ਸੀ 400 ਮਿਲੀਲੀਟਰ ਪ੍ਰਤੀ ਲੀਟਰ, ਡਾਇਨੋਟੈਫੂਨ 20 ਐਸ ਜੀ 60 ਗ੍ਰਾਮ ਪ੍ਰਤੀ ਏਕੜ, ਡਾਇਆਫੈਨਥੂਯੂਰੋਨ 50 ਡਬਲਯੂ ਪੀ 200 ਗ੍ਰਾਮ ਪ੍ਰਤੀ ਏਕੜ, ਫਲੋਨੀਕਾਮਿਡ 50 ਡਬਲਯੂ ਜੀ 80 ਗ੍ਰਾਮ ਪ੍ਰਤੀ ਲੀਟਰ ਦਾ ਛਿੜਕਾਅ ਕਰਨਾ ਚਾਹੀਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਚਿੱਟੀ ਮੱਖੀ ਦੇ ਬੱਚਿਆਂ (ਨਿੰਫ) ਦੀ ਰੋਕਥਾਮ ਲਈ ਨਰਮੇ ਤੇ ਪਾਈਰੀਪ੍ਰੋਕਸੀਫਿਨ 10 ਈ ਸੀ 500 ਮਿਲੀਲੀਟਰ ਪ੍ਰਤੀ ਏਕੜ ਜਾਂ ਸਪਾਈਰੋਮੈਸੀਫਿਨ 22.9 ਐਸ ਸੀ 200 ਮਿਲੀਲੀਟਰ ਪ੍ਰਤੀ ਏਕੜ ਦਾ ਛਿੜਕਾਅ ਕਰਨਾ ਚਾਹੀਦਾ ਹੈ।
ਵਧੇਰੇ ਜਾਣਕਾਰੀ ਲਈ ਅਬੋਹਰ ਬਲਾਕ ਦੇ ਕਿਸਾਨ ਫੋਨ ਨੰਬਰ 98158-40646 ਤੇ ਖੂਈਆਂ ਸਰਵਰ ਬਲਾਕ ਦੇ ਕਿਸਾਨ 98154-95802 ਤੇ, ਫਾਜਿਲਕਾ ਬਲਾਕ ਦੇ ਕਿਸਾਨ 94639-76472 ਤੇ ਅਤੇ ਜਲਾਲਾਬਾਦ ਦੇ ਕਿਸਾਨ ਫੋਨ ਨੰਬਰ 98964-01313 ਤੇ ਸੰਪਰਕ ਕਰ ਸਕਦੇ ਹਨ।  ਇਸ ਤੋਂ ਇਲਾਵਾ ਕਿਸਾਨ ਕਾਲ ਸੈਂਟਰ ਦੇ ਟੋਲ ਫਰੀ ਨੰਬਰ 1800 180 1551 ਤੇ ਸਵੇਰੇ 6 ਵਜੇ ਤੋਂ ਸ਼ਾਮ 10 ਵਜੇ ਤੱਕ ਖੇਤੀਬਾੜੀ ਸਬੰਧੀ ਸਲਾਹ ਲਈ ਜਾ ਸਕਦੀ ਹੈ।