
ਸ. ਦਿਲਬਾਗ਼ ਸਿੰਘ ਸਰਕਾਰੀ ਕਾਲਜ ਜਾਡਲਾ ਦਾ ਲੋਕ ਅਰਪਣ
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਦੇ ਨਵੇਂ ਬਲਾਕ ਦਾ ਉਦਘਾਟਨ
ਪੰਜਾਬ ਦੀ ਨੌਜੁਆਨ ਪੀੜ੍ਹੀ ਨੂੰ ਸਕੂਲੀ ਅਤੇ ਉਚੇਰੀ ਸਿਖਿਆ ’ਚ ਲੋੜੀਂਦੇ ਸੁਧਾਰ ਕਰਕੇ ਸਮੇਂ ਦੇ ਹਾਣੀ ਬਣਾਇਆ ਜਾਵੇਗਾ
ਐਮ ਐਲ ਏ ਅੰਗਦ ਸਿੰਘ ਵੱਲੋਂ ਨਵਾਂਸ਼ਹਿਰ ’ਚ ਸਰਕਾਰੀ ਕਾਲਜ ਦਾ ਸੁਫ਼ਨਾ ਪੂਰਾ ਕਰਨ ਲਈ ਧੰਨਵਾਦ
ਨਵਾਂਸ਼ਹਿਰ, 22 ਨਵੰਬਰ 2021
ਪੰਜਾਬ ਦੇ ਸਕੂਲੀ ਅਤੇ ਉਚੇਰੀ ਸਿਖਿਆ ਮੰਤਰੀ ਸ. ਪਰਗਟ ਸਿੰਘ ਨੇ ਅੱਜ ਇੱਥੇ ਆਖਿਆ ਕਿ ਪੰਜਾਬ ਦੇ ਕਾਲਜਾਂ ’ਚ ਖਾਲੀ ਪਈਆਂ ਅਧਿਆਪਕਾਂ ਦੀਆਂ 1100 ਅਸਾਮੀਆਂ ’ਤੇ ਭਰਤੀ ਪ੍ਰਕਿਰਿਆ 26 ਨਵੰਬਰ ਤੱਕ ਪੂਰੀ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਤਿੰਨ ਦਹਾਕਿਆਂ ਦੇ ਇਤਿਹਾਸ ’ਚ ਪਹਿਲੀ ਵਾਰ ਇਹ ਭਰਤੀ ਹੋ ਰਹੀ ਹੈ।
ਹੋਰ ਪੜ੍ਹੋ :-ਚੋਣ ਪ੍ਰਕ੍ਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਰੋਲ ਅਬਜ਼ਰਵਰ ਚੰਦਰ ਗੈਂਦ ਵੱਲੋਂ ਦਿਸ਼ਾ ਨਿਰਦੇਸ਼ ਜਾਰੀ
ਇਹ ਪ੍ਰਗਟਾਵਾ ਪੰਜਾਬ ਦੇ ਸਕੂਲੀ ਅਤੇ ਉਚੇਰੀ ਸਿਖਿਆ ਮੰਤਰੀ, ਪਦਮ ਸ੍ਰੀ ਸ. ਪਰਗਟ ਸਿੰਘ ਨੇ ਅੱਜ ਨਵਾਂਸ਼ਹਿਰ ਨੇੜੇ 12 ਕਰੋੜ ਦੀ ਲਾਗਤ ਨਾਲ ਬਣਾਏ ਗਏ ਸ. ਦਿਲਬਾਗ਼ ਸਿੰਘ ਸਰਕਾਰੀ ਕਾਲਜ ਜਾਡਲਾ ਦੇ ਉਦਘਾਟਨ ਮੌਕੇ ਆਖੇ। ਉਨ੍ਹਾਂ ਮਰਹੂਮ ਸ. ਦਿਲਬਾਗ਼ ਸਿੰਘ ਦੀ ਦੂਰ-ਅੰਦੇਸ਼ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਨਵਾਂਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਨੂੰ ਜ਼ਿਲ੍ਹਾ ਬਣਾ ਕੇ ਇਸ ਦੇ ਵਿਕਾਸ ਦਾ ਮੁੱਢ ਬੰਨ੍ਹਿਆ, ਜਿਸ ਨੂੰ ਅੱਗੇ ਉਨ੍ਹਾਂ ਦੇ ਪੋਤੇ ਅਤੇ ਹਲਕੇ ਦੇ ਨੌਜੁਆਨ ਵਿਧਾਇਕ ਸ. ਅੰਗਦ ਸਿੰਘ ਨਵਾਂ ਸ਼ਹਿਰ ਨੇ ਅੱਗੇ ਤੋਰਿਆ ਹੈ। ਉਨ੍ਹਾਂ ਸ. ਅੰਗਦ ਸਿੰਘ ਦੀ ਵਿਕਾਸਮਈ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵਾਂਸ਼ਹਿਰ ਹਲਕੇ ਦੇ ਲੋਕ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਸ. ਦਿਲਬਾਗ਼ ਸਿੰਘ ਦੀ ਵਿਰਾਸਤ ਦੇ ਵਾਰਿਸ ਦੀ ਅਗਵਾਈ ਮਿਲੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਆਪਣੇ 35 ਦਿਨਾਂ ਦੇ ਕਾਰਜਕਾਲ ’ਚ ਸਕੂਲੀ ਅਤੇ ਕਾਲਜੀ ਸਿਖਿਆ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਬਣਾਏ ਰੋਡ ਮੈਪ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਹੈ, ਤਾਂ ਜੋ ਪੰਜਾਬ ਦੀ ਨੌਜੁਆਨ ਪੀੜ੍ਹੀ ਨੂੰ ਸਮੇਂ ਦੇ ਹਾਣ ਦਾ ਬਣਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਮੁਸ਼ਕਿਲਾਂ ਰਾਤੋ-ਰਾਤ ਨਾ ਬਣ ਕੇ, ਪਿਛਲੇ 25-30 ਸਾਲਾਂ ਤੋਂ ਇਨ੍ਹਾਂ ਵੱਲ ਧਿਆਨ ਨਾ ਦਿੱਤੇ ਜਾਣ ਕਾਰਨ ਉਭਰੀਆਂ ਹਨ ਅਤੇ ਸਾਨੂੰ ਸਾਰਿਆਂ ਨੂੰ ਰਲ ਕੇ ਇਨ੍ਹਾਂ ਮੁਸ਼ਕਿਲਾਂ ਦਾ ਹੱਲ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮਿਸਾਲ ਵਜੋਂ ਪੰਜਾਬ ਸਿਰ ਚੜ੍ਹੇ ਕਰਜ਼ੇ ਦੀ ਪੰਡ ਨਿੱਤ ਦਿਨ ਭਾਰੀ ਹੁੰਦੀ ਜਾਣ ਕਾਰਨ, ਸਾਨੂੰ ਰਲ ਕੇ ਹੰਭਲੇ ਮਾਰਨੇ ਪੈਣੇ, ਜਿਸ ਲਈ ਸਾਡੀ ਨੌਜੁਆਨ ਪੀੜ੍ਹੀ ਦਾ ਸੰਜੀਦਾ ਤੇ ਸੂਝਵਾਨ ਹੋਣਾ ਬਹੁਤ ਜ਼ਰੂਰੀ ਹੈ, ਕਿਉਂ ਜੋ ਸਮਾਜ ’ਚ ਤਬਦੀਲੀ ਲਿਆਉਣ ’ਚ ਨੌਜੁਆਨ ਪੀੜ੍ਹੀ ਦਾ ਵਿਸ਼ੇਸ਼ ਯੋਗਦਾਨ ਹੁੰਦਾ ਹੈ।
ਸ. ਪਰਗਟ ਸਿੰਘ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦਾ ਹਰ ਇੱਕ ਨੁਮਾਇੰਦਾ ਅਪੋ-ਆਪਣੇ ਵਿੱਤ ਮੁਤਾਬਕ ਪੰਜਾਬ ਨੂੰ ਫ਼ਿਰ ਤੋਂ ਪੈਰਾਂ ਸਿਰ ਕਰਨ ਲਈ ਦਿਨ-ਰਾਤ ਇੱਕ ਕਰ ਰਿਹਾ ਹੈ। ਉਨ੍ਹਾਂ ਆਖਿਆ ਕਿ ਲੰਬੇ ਸਮੇਂ ਤੋਂ ਬਣੀਆਂ ਮੁਸ਼ਕਿਲਾਂ ਨੂੰ ਇੱਕੋ ਦਿਨ ’ਚ ਖਤਮ ਤਾਂ ਨਹੀਂ ਕੀਤਾ ਜਾ ਸਕਦਾ ਪਰ ਅਗਲੇ ਸਮੇਂ ’ਚ ਸੁਧਾਰ ਦੀ ਆਸ ਨਾਲ ਯਤਨ ਜ਼ਰੂਰ ਕੀਤੇ ਜਾ ਸਕਦੇ ਹਨ।
ਉਨ੍ਹਾਂ ਇਸ ਤੋਂ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਵਿਖੇ 66 ਲੱਖ ਦੀ ਲਾਗਤ ਨਾਲ ਬਣੇ ਨਵੇਂ ਬਲਾਕ ਦਾ ਉਦਘਾਟਨ ਕੀਤਾ ਅਤੇ 4.5 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਨਵੇਂ ਬਲਾਕ ਦਾ ਜਾਇਜ਼ਾ ਵੀ ਲਿਆ। ਉਨ੍ਹਾਂ ਸਕੂਲ ਵੱਲੋਂ ਆਪਣੀ ਸਮਰੱਥਾ 1100 ਤੋਂ ਵਧਾ ਕੇ 3000 ਤੱਕ ਕਰਨ ਦੀ ਸ਼ਲਾਘਾ ਕਰਦਿਆਂ ਇਸ ਨੂੰ ਰੋਲ ਮਾਡਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਤੇ ਕੋਚਾਂ ਦਾ ਵਿਦਿਆਰਥੀਆਂ ਤੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ’ਚ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਸ ਮੌਕੇ ਸਕੂਲ ਵੱਲੋਂ ਕਰਵਾਏ ਸੰਖੇਪ ਸਮਾਗਮ ’ਚ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਕੂਲੀ ਸਿਖਿਆ ਦੇ ਮਿਆਰ ਨੂੰ ਹੋਰ ਬੇਹਤਰ ਕਰਨ ਅਤੇ ਬੁਨਿਆਦੀ ਢਾਂਚੇ ’ਚ ਸੁਧਾਰ ਲਿਆਉਣ ਲਈ ਯਤਨਸ਼ੀਲ ਹਨ। ਉਨ੍ਹਾਂ ਨੇ ਪਿ੍ਰੰਸੀਪਲ ਸਰਬਜੀਤ ਸਿੰਘ ਵੱਲੋਂ ਸਕੂਲ ’ਚ ਹੋਰ ਢਾਂਚਾਗਤ ਸੁਧਾਰਾਂ ਦੀ ਰੱਖੀ ਮੰਗ ’ਤੇ ਵੀ ਹਮਦਰਦੀਪੂਰਵਕ ਵਿਚਾਰ ਕਰਨ ਦਾ ਭਰੋਸਾ ਦਿੱਤਾ।
ਹਲਕਾ ਵਿਧਾਇਕ ਸ. ਅੰਗਦ ਸਿੰਘ ਨੇ ਸਰਕਾਰੀ ਕਾਲਜ ਜਾਡਲਾ ਦੇ ਉਦਘਾਟਨੀ ਸਮਾਗਮ ’ਚ ਬੋਲਦਿਆਂ ਕਿਹਾ ਕਿ ਅੱਜ ਉਨ੍ਹਾਂ ਦੇ ਦਾਦਾ ਅਤੇ ਮਰਹੂਮ ਖੇਤੀਬਾੜੀ ਮੰਤਰੀ ਸ. ਦਿਲਬਾਗ਼ ਸਿੰਘ ਦਾ ਇਸ ਹਲਕੇ ’ਚ ਪੇਂਡੂ ਖੇਤਰ ’ਚ ਸਰਕਾਰੀ ਕਾਲਜ ਖੋਲ੍ਹਣ ਦਾ ਸੁਫ਼ਨਾ ਪੂਰਾ ਹੋਇਆ ਹੈ। ਉਨ੍ਹਾਂ ਕਾਲਜ ਲਈ ਜ਼ਮੀਨ ਦੇਣ ਲਈ ਪਿੰਡ ਜਾਡਲਾ ਦੀ ਪੰਚਾਇਤ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।
ਉਨ੍ਹਾਂ ਇਸ ਲਈ ਉਚੇਰੀ ਸਿਖਿਆ ਮੰਤਰੀ ਸ. ਪਰਗਟ ਸਿੰਘ ਦਾ ਧੰਨਵਾਦ ਵੀ ਕੀਤਾ। ਇਸ ਨਵੇਂ ਕਾਲਜ ਵਿੱਚ 12 ਕਮਰੇ, ਚਾਰ ਲੈਬਜ਼, ਐਡਮਨ ਬਲਾਕ, ਲਾਇਬ੍ਰੇਰੀ, ਕੰਨਟੀਨ ਅਤੇ ਖੇਡ ਗਰਾਊਂਡ ਸ਼ਾਮਿਲ ਹੈ। ਵਿਧਾਇਕ ਅੰਗਦ ਸਿੰਘ ਨੇ ਹਲਕੇ ਦੇ ਲੋਕਾਂ ਵੱਲੋਂ ਦਿੱਤੇ ਆਸ਼ੀਰਵਾਦ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਦਾ ਸਰਬਪੱਖੀ ਵਿਕਾਸ ਕਰਵਾ ਕੇ ਉਨ੍ਹਾਂ ਵੱਲੋਂ ਦਿੱਤੇ ਫ਼ਤਵੇ ਦਾ ਮਾਣ ਰੱਖਿਆ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਹਮੇਸ਼ਾਂ ਹਲਕੇ ਦੇ ਵਿਕਾਸ ਅਤੇ ਲੋਕਾਂ ਨੂੰ ਸਮਰਪਿਤ ਰਹਿਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਣਾ ਕੁਲਦੀਪ ਸਿੰਘ ਜਾਡਲਾ, ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਚੇਅਰਮੈਨ ਚਮਨ ਸਿੰਘ ਭਾਨ ਮਜਾਰਾ, ਜੋਗਿੰਦਰ ਸਿੰਘ ਬਲਾਕ ਪ੍ਰਧਾਨ, ਇੰਪਰੂਵਮੈਂਟ ਟ੍ਰੱਸਟ ਨਵਾਂਸ਼ਹਿਰ ਦੇ ਚੇਅਰਮੈਨ ਡਾ. ਕਮਲਜੀਤ ਲਾਲ, ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਸਚਿਨ ਦੀਵਾਨ, ਬਲਬੀਰ ਸਿੰਘ ਜਾਡਲਾ, ਨਵਾਂਸ਼ਹਿਰ ਦੇ ਕੌਂਸਲਰਾਂ ਤੋਂ ਇਲਾਵਾ ਕਾਲਜ ਦੇ ਪਿ੍ਰੰਸੀਪਲ ਜਸਵਿੰਦਰ ਕੌਰ ਤੇ ਅਧਿਆਪਕ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: 01 ਕਾਲਜ:
ਸਕੂਲੀ ਤੇ ਉਚੇਰੀ ਸਿਖਿਆ ਮੰਤਰੀ ਸ. ਪਰਗਟ ਸਿੰਘ, ਐਮ ਐਲ ਏ ਸ. ਅੰਗਦ ਸਿੰਘ ਦੇ ਨਾਲ ਸ. ਦਿਲਬਾਗ਼ ਸਿੰਘ ਸਰਕਾਰੀ ਕਾਲਜ ਜਾਡਲਾ ਦੀ ਨਵੀਂ ਬਿਲਡਿੰਗ ਦਾ ਉਦਘਾਟਨ ਕਰਦੇ ਹੋਏ।
ਫ਼ੋਟੋ ਕੈਪਸ਼ਨ: 02 ਸਕੂਲ:
ਸਕੂਲੀ ਤੇ ਉਚੇਰੀ ਸਿਖਿਆ ਮੰਤਰੀ ਸ. ਪਰਗਟ ਸਿੰਘ, ਐਮ ਐਲ ਏ ਸ. ਅੰਗਦ ਸਿੰਘ ਦੇ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਦਾ ਬਲਾਕ ਲੋਕ ਅਰਪਣ ਕਰਦੇ ਹੋਏ।

हिंदी





