ਫ਼ਾਜ਼ਿਲਕਾ, 26 ਅਪ੍ਰੈਲ
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੁਲ ਚੱਕ ਬਣ ਵਾਲਾ ਦੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਬਾਰੇ ਵੱਖ-ਵੱਖ ਬੁਲਾਰਿਆਂ ਵੱਲੋਂ ਵੱਡਮੁੱਲੀ ਜਾਣਕਾਰੀ ਦੇ ਕੇ ਜਾਗਰੂਕ ਕੀਤਾ ਗਿਆ।
ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਹੁੰਚੇ ਚੱਕ ਬਣ ਵਾਲਾ ਸਕੂਲ ਦੇ ਬੱਚਿਆਂ ਨੂੰ ਸਿੱਖਿਆ ਵਿਭਾਗ ਤੋਂ ਸ੍ਰੀ ਵਿਜੈ ਪਾਲ ਨੋਡਲ ਅਫਸਰ ਨੇ ਸਾਧਾਰਨ ਗਿਆਨ ਦੇ ਨਾਲ-ਨਾਲ ਦਸਵੀਂ ਤੇ ਬਾਰਵੀਂ ਤੋਂ ਬਾਅਦ ਉਚੇਰੀ ਸਿਖਿਆ ਹਾਸਲ ਕਰਨ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਜ਼ਿੰਦਗੀ ਵਿੱਚ ਸਫਲ ਹੋਣ ਲਈ ਚੰਗੇ ਨਾਗਰਿਕ ਬਣਨ ਬਾਰੇ ਜਾਣਕਾਰੀ ਦਿੱਤੀ। ਸ੍ਰੀ ਵਿਜੈਪਾਲ ਨੇ ਬੱਚਿਆਂ ਨੂੰ ਸੈਨਿਕ ਸਕੂਲ, ਆਰ ਆਈ ਐਮ ਸੀ ਦੇਹਰਾਦੂਨ ਅਤੇ ਨਵੀ ਸਿੱਖਿਆ ਨੀਤੀ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਜ਼ਿਲ੍ਹਾ ਰੋਜ਼ਗਾਰ ਅਫਸ਼ਰ ਸ੍ਰੀ ਕ੍ਰਿਸ਼ਨ ਲਾਲ ਨੇ ਰੁਜਗਾਰ ਦਫਤਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ।ਇਸ ਮੌਕੇ ਰੁਜਗਾਰ ਦਫਤਰ ਤੋ ਪਲੇਸਮੈਂਟ ਅਫਸਰ ਸ. ਗੁਰਜੰਟ ਸਿੰਘ ਨੇ ਬੱਚਿਆਂ ਨੂੰ ਸਕਿੱਲ ਡਿਵੈਲਪਮੈਂਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੈ ਰੁਜਗਾਰ ਦਾ ਕਾਰੋੋਬਾਰ ਸ਼ੁਰੂ ਕਰਕੇ ਉਹ ਆਪਣੇ ਪੈਰਾ ਤੇ ਆਪ ਖੜ੍ਹੇ ਹੋ ਸਕਦੇ ਹਨ। ਸਵੈ ਰੁਜਗਾਰ ਦੇ ਕਾਰੋਬਾਰ ਨੂੰ ਪ੍ਰਫਲਿਤ ਕਰਨ ਲਈ ਬੈਂਕਾਂ ਵੱਲੋਂ ਵੱਖ-ਵੱਖ ਸਕੀਮਾਂ ਚਲਾਈ ਜਾ ਰਹੀਆਂ ਹਨ।
ਇਸ ਦੌਰਾਨ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਭੁਪਿੰਦਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਾਨੂੰ ਆਪਣੀ ਜ਼ਿੰਦਗੀ ਵਿੱਚ ਇਕ ਪੱਕਾ ਨਿਸ਼ਚਾ ਕਰਨਾ ਚਾਹੀਦਾ ਹੈ ਕਿ ਅਸੀਂ ਕਿਸ ਤਰ੍ਹਾਂ ਦੀ ਪ੍ਰਾਪਤੀ ਕਰਨੀ ਹੈ। ਉਨ੍ਹਾਂ ਨੇ ਬੱਚਿਆਂ ਨੂੰ ਸ਼ੋਸ਼ਲ ਮੀਡੀਆ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਆਪਣੀ ਜ਼ਿੰਦਗੀ ਵਿੱਚ ਅਖਬਾਰਾਂ ਪੜ੍ਹਨ ਅਤੇ ਨਿਊਜ਼ ਦੇਖਣ ਦੀ ਆਦਤ ਪਾਉਣ ਬਾਰੇ ਵੀ ਪ੍ਰੇਰਿਤ ਕੀਤਾ। ਉਨ੍ਹਾਂ ਬੱਚਿਆਂ ਨੂੰ ਰੋਜ਼ਗਾਰ ਸਮਾਚਾਰ ਪੜ੍ਹਨ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਸਰਕਾਰੀ ਸੈਕੰਡਰੀ ਸਕੂਲ ਚੱਕ ਬਣ ਵਾਲਾ ਦੇ ਅਧਿਆਪਕ ਸ੍ਰੀਮਤੀ ਰੇਖਾ ਦੇਵੀ ਐਸ.ਐਸ ਮਿਸਟਰੈਸ ,ਰੁਜ਼ਗਾਰ ਦਫਤਰ ਤੋਂ ਗੌਰਵ ਅਤੇ ਅੰਕਿਤ ਹਾਜ਼ਰ ਸਨ।

हिंदी






