ਪੀ ਏ ਯੂ ਦੇ ਵਿਦਿਆਰਥੀ ਪਰਾਲੀ ਦੀ ਸੁਚੱਜੀ ਸੰਭਾਲ ਮੁਹਿੰਮ ਵਿਚ ਸ਼ਾਮਿਲ ਹੋਏ

Sorry, this news is not available in your requested language. Please see here.

-ਨਵੇਂ ਪੰਜਾਬ ਦੀ ਸਿਰਜਣਾ ਵਿਚ ਨੌਜਵਾਨਾਂ ਦੀ ਭੂਮਿਕਾ ਅਹਿਮ : ਕੁਲਦੀਪ ਸਿੰਘ ਧਾਲੀਵਾਲ

ਲੁਧਿਆਣਾ, 28 ਸਤੰਬਰ

ਪੀ ਏ ਯੂ ਦੇ ਸ ਮਨਮੋਹਨ ਸਿੰਘ ਆਡੀਟੋਰੀਅਮ ਵਿਚ ਹੋਏ ਇਕ ਭਰਵੇਂ ਸਮਾਗਮ ਵਿੱਚ ਅੱਜ ਪੰਜਾਬ ਵਿੱਚ ਪਰਾਲੀ ਦੀ ਸੁਚੱਜੀ ਸੰਭਾਲ ਲਈ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਹੋਈ। ਨਿਰਦੇਸ਼ਕ ਵਿਦਿਆਰਥੀ ਭਲਾਈ ਦੀ ਨਿਗਰਾਨੀ ਵਿਚ ਹੋਏ ਇਸ ਸਮਾਗਮ ਵਿਚ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ ਜਦਕਿ ਪੰਜਾਬ ਦੇ ਕਈ ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਇਸ ਮੁਹਿੰਮ ਵਿਚ ਉਚੇਚੇ ਤੌਰ ਤੇ ਸ਼ਾਮਿਲ ਹੋਏ ਜਿਨ੍ਹਾਂ ਵਿੱਚ ਹਲਕਾ ਦਸੂਹਾ ਤੋਂ ਸ. ਕਰਮਬੀਰ ਸਿੰਘ, ਟਾਂਡਾ ਤੋਂ ਸ. ਜਸਵੀਰ ਸਿੰਘ ਰਾਜਾ ਗਿੱਲ, ਹਲਕਾ ਸਾਹਨੇਵਾਲ ਤੋਂ ਸ. ਹਰਦੀਪ ਸਿੰਘ ਮੁੰਡੀਆਂ, ਲੁਧਿਆਣਾ ਪੂਰਬੀ ਤੋਂ ਸ. ਦਲਜੀਤ ਸਿੰਘ ਭੋਲਾ ਗਰੇਵਾਲ ਸ਼ਾਮਲ ਸਨ।

ਆਪਣੇ ਭਾਸ਼ਣ ਵਿਚ ਸ਼੍ਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਯੂਨੀਵਰਸਿਟੀ ਨੇ ਅਨੇਕ ਚੁਣੌਤੀਆਂ ਦਾ ਸਾਹਮਣਾ ਕਰਕੇ ਪੰਜਾਬ ਦੀ ਖੇਤੀ ਨੂੰ ਨਵੀਂ ਦਿਸ਼ਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਸਾਹਿਬ ਨੇ ਇਸ ਮੁਹਿੰਮ ਦੀ ਸ਼ੁਰੂਆਤ ਲਈ ਸ਼ਹੀਦ ਏ ਆਜ਼ਮ ਸ ਭਗਤ ਸਿੰਘ ਦੇ ਜਨਮ ਪੁਰਬ ਨੂੰ ਨੀਯਤ ਕਰਕੇ ਇਸ ਕਾਰਜ ਨੂੰ ਪਵਿੱਤਰ ਅਰਥ ਦਿੱਤੇ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਬਣਾਵਾਂਗੇ। ਸ ਧਾਲੀਵਾਲ ਨੇ ਵਾਤਾਵਰਨ ਬਾਰੇ ਫ਼ਿਕਰਮੰਦੀ ਪ੍ਰਗਟ ਕਰਦਿਆਂ ਕਿਹਾ ਕਿ ਅੰਨ ਪੈਦਾ ਕਰਕੇ ਦੇਸ਼ ਦੇ ਭੰਡਾਰ ਭਰਦਿਆਂ ਪੰਜਾਬ ਦੇ ਆਪਣੇ ਹਵਾ, ਪਾਣੀ ਤੇ ਮਿੱਟੀ ਨੂੰ ਪ੍ਰਦੂਸ਼ਿਤ ਕਰ ਲਿਆ ਹੈ। ਉਦੋਂ ਪਰਾਲੀ ਸਾੜਨ ਨੂੰ ਮਜਬੂਰੀ ਮੰਨਿਆ ਜਾ ਸਕਦਾ ਸੀ ਪਰ ਅੱਜ ਮਸ਼ਿਨਰੀ ਦੇ ਰੂਪ ਵਿਚ ਬੜੇ ਬਦਲ ਉਪਲਬਧ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਰੂਪ ਵਿਚ ਭਵਿੱਖ ਦੇ ਵਿਗਿਆਨੀ ਸਾਮ੍ਹਣੇ ਬੈਠੇ ਹਨ। ਸਮਾਜ ਨੂੰ ਜਾਗਰੂਕ ਕਰਨ ਲਈ ਇਨ੍ਹਾਂ ਦੀ ਭੂਮਿਕਾ ਬੜੀ ਅਹਿਮ ਹੈ। ਸ਼੍ਰੀ ਧਾਲੀਵਾਲ ਨੇ ਆਸ ਪ੍ਰਗਟਾਈ ਕਿ ਪੰਜਾਬ ਨਾਲ ਜੁੜੀਆਂ ਬੁਰੀਆਂ ਗੱਲਾਂ ਲਾਹੁਣ ਲਈ ਇਹ ਵਿਦਿਆਰਥੀ ਤਨ ਮਨ ਤੋਂ ਜ਼ੋਰ ਲਾਉਣਗੇ।ਉਨ੍ਹਾਂ ਦੱਸਿਆ ਕਿ ਦਿੱਲੀ ਦੇ ਡੀ ਕੰਮਪੋਜ਼ਰ ਦਾ ਪ੍ਰੀਖਣ 5 ਹਜ਼ਾਰ ਏਕੜ ਵਿਚ ਕੀਤਾ ਜਾਏਗਾ।

ਪੀ ਏ ਯੂ ਦੇ ਵਾਈਸ ਚਾਂਸਲਰ ਡਾ ਸਤਿਬੀਰ ਸਿੰਘ ਗੋਸਲ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਝੋਨੇ ਦੀ ਵਢਾਈ ਤੇ ਕਣਕ ਦੀ ਬਿਜਾਈ ਵਿਚ ਸਮਾਂ ਵਿੱਥ ਥੋੜ੍ਹੀ ਹੋਣ ਕਰਕੇ ਕਈ ਕਿਸਾਨ ਅੱਗ ਵਾਲਾ ਰਸਤਾ ਚੁਣਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਆਪਾਂ ਅੱਗ ਨਾ ਲਾਉਣ ਲਈ ਜਾਗਰੂਕਤਾ ਫੈਲਾਉਣੀ ਹੈ, ਜਿਸ ਲਈ ਤੁਹਾਨੂੰ ਸੰਦੇਸ਼ ਵਾਹਕ ਬਣਾ ਰਹੇ ਹਾਂ। ਉਨ੍ਹਾਂ ਕਿਹਾ ਕਿ ਆਪਾਂ ਪਰਾਲੀ ਦੇ ਗੁਣ ਦੱਸਣੇ ਹਨ। ਯੂਨੀਵਰਸਿਟੀ ਦੀਆਂ ਖੋਜਾਂ ਮੁਤਾਬਕ ਪਰਾਲੀ ਵਾਹੁਣ ਨਾਲ ਮਿੱਟੀ ਵਿੱਚ ਸੂਖਮ ਤੱਤਾਂ ਤੇ ਜੈਵਿਕ ਮਾਦੇ ਦਾ ਮਿੱਟੀ ਵਿੱਚ ਵਾਧਾ ਹੁੰਦਾ ਹੈ। ਇਹ ਪੀ ਏ ਯੂ ਦੀ ਖੋਜ ਹੈ। ਇਸ ਤੋਂ ਆਮ ਕਿਸਾਨ ਨੂੰ ਜਾਣੂ ਕਰਾ ਕੇ ਹੀ ਪਰਾਲੀ ਸਾੜਨ ਦਾ ਰੁਝਾਨ ਖਤਮ ਕੀਤਾ ਜਾ ਸਕੇਗਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਪਿੰਡ ਵਾਸੀਆਂ ਦੇ ਸੁਝਾਅ ਲੈ ਕੇ ਆਉਣ ਤਾਂ ਜੋ ਖੋਜ ਦੀ ਦਿਸ਼ਾ ਨੂੰ ਉਸ ਅਨੁਸਾਰ ਵਿਉਂਤਿਆ ਜਾ ਸਕੇ।

ਇਸ ਮੌਕੇ ਖੇਤੀ ਮਸ਼ੀਨਰੀ ਪਾਵਰ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ ਮਹੇਸ਼ ਕੁਮਾਰ ਨਾਰੰਗ ਨੇ ਪਰਾਲੀ ਦੀ ਸੰਭਾਲ ਵਾਲੀ ਮਸ਼ੀਨਰੀ ਬਾਰੇ ਪੇਸ਼ਕਾਰੀ ਦਿੱਤੀ। ਡਾ ਨਾਰੰਗ ਨੇ ਦੱਸਿਆ ਕਿ ਯੂਨੀਵਰਸਿਟੀ ਹਮੇਸ਼ਾ ਕਿਸਾਨਾਂ ਦੀਆਂ ਲੋੜਾਂ ਅਨੁਸਾਰ ਮਸ਼ੀਨਰੀ ਤਿਆਰ ਕਰਦੀ ਹੈ।

ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ ਆਰ ਕੇ ਗੁਪਤਾ ਨੇ ਪਰਾਲੀ ਨੂੰ ਖੇਤ ਵਿਚ ਵਾਹੁਣ ਦੇ ਲਾਭਾਂ ਬਾਰੇ ਇਕ ਪੇਸ਼ਕਾਰੀ ਦਿੱਤੀ। ਡਾ ਗੁਪਤਾ ਨੇ ਦੱਸਿਆ ਕਿ ਇਸ ਨਾਲ ਖਾਦਾਂ ਦਾ ਖਰਚਾ ਘਟਦਾ ਹੈ ਤੇ ਝਾੜ ਵਧਦਾ ਹੈ।

ਸਮਾਗਮ ਵਿੱਚ ਸਵਾਗਤ ਦੇ ਸ਼ਬਦ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਗੁਰਮੀਤ ਸਿੰਘ ਬੁੱਟਰ ਨੇ ਕਹੇ। ਧੰਨਵਾਦ ਅੰਤ ਵਿਚ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ ਨੇ ਕੀਤਾ। ਵੱਡੀ ਗਿਣਤੀ ਵਿਚ ਵਿਦਿਆਰਥੀ ਇਸ ਸਮਾਗਮ ਵਿੱਚ ਹਾਜ਼ਿਰ ਹੋਏ।

 

ਹੋਰ ਪੜ੍ਹੋ :- ਸਰਕਾਰੀ ਕਾਲਜ ਰੂਪਨਗਰ ਵਿਖੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੀਵਨ ਤੇ ਫਲਸਫੇ ਸਬੰਧੀ ਵਿਸ਼ੇਸ਼ ਸੈਮੀਨਾਰ ਤੇ ਦਸਤਾਵੇਜੀ ਫਿਲਮ ਦਾ ਮੰਚਨ