ਨਰਮੇ ਦੀ ਗੁਲਾਬੀ ਸੂੰਡੀ ਦੀ ਨਿਗਰਾਨੀ ਲਈ ਖੇਤੀਬਾੜੀ ਵਿਭਾਗ ਨੇ ਬਣਾਈਆਂ 29 ਟੀਮਾਂ

Sorry, this news is not available in your requested language. Please see here.

-ਹਫਤੇ ਵਿਚ ਦੋ ਦਿਨ ਕਰਦੀਆਂ ਹਨ ਖੇਤਾਂ ਦਾ ਸਰਵੇਖਣ
-ਏਕੀਕ੍ਰਿਤ ਕੀਟ ਪ੍ਰਬੰਧਨ ਲਈ ਵੀ ਵਿਭਾਗ ਕਰ ਰਿਹਾ ਹੈ ਉਪਰਾਲੇ

ਫਾਜਿ਼ਲਕਾ, 24 ਜ਼ੂਨ :-  ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਵੱਲੋਂ ਨਰਮੇ ਦੀ ਫਸਲ ਨੂੰ ਗੁਲਾਬੀ ਸੂੰਡੀ ਦੇ ਹਮਲੇ ਤੋਂ ਬਚਾਉਣ ਲਈ ਦਿੱਤੇ ਨਿਰਦੇਸ਼ਾਂ ਦੇ ਮੱਦੇਨਜਰ ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਫਾਜਿ਼ਲਕਾ ਵੱਲੋਂ ਜਿ਼ਲ੍ਹੇ ਵਿਚ ਕੁੱਲ 29 ਨਿਗਰਾਨ ਟੀਮਾਂ ਦਾ ਗਠਨ ਕੀਤਾ ਗਿਆ ਹੈ।
ਮੁੱਖ ਖੇਤੀਬਾੜੀ ਅਫ਼ਸਰ ਡਾ: ਰੇਸਮ ਸਿੰਘ ਨੇ ਦੱਸਿਆ ਕਿ ਇੰਨਾਂ ਵਿਚੋਂ 24 ਟੀਮਾਂ ਸਰਕਲ ਪੱਧਰ ਤੇ, 4 ਬਲਾਕ ਪੱਧਰ ਤੇ ਇਕ ਜਿ਼ਲ੍ਹਾ ਪੱਧਰ ਤੇ ਬਣਾਈ ਗਈ ਹੈ। ਇਹ ਟੀਮਾਂ ਮੰਗਲਵਾਰ ਅਤੇ ਵੀਰਵਾਰ ਨੂੰ ਖੇਤਾਂ ਦਾ ਨੀਰਿਖਣ ਕਰਦੀਆਂ ਹਨ ਅਤੇ ਗੁਲਾਬੀ ਸੂੰਡੀ ਸਮੇਤ ਹੋਰ ਕੀੜਿਆਂ ਦੀ ਨਿਗਰਾਨੀ ਕਰਦੀਆਂ ਹਨ ਤਾਂ ਜ਼ੋ ਕਿਸੇ ਵੀ ਸੰਭਾਵਿਤ ਹਮਲੇ ਦੀ ਸੂਰਤ ਵਿਚ ਤੁਰੰਤ ਅਗੇਤੇ ਪ੍ਰਬੰਧ ਕਰਦਿਆਂ ਕੀੜੇ ਤੇ ਕਾਬੂ ਪਾਇਆ ਜਾ ਸਕੇ।
ਇਸ ਤੋਂ ਬਿਨ੍ਹਾਂ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨਾਲ ਰਾਬਤਾ ਬਣਾ ਕੇ ਉਨ੍ਹਾਂ ਨੂੰ ਗੁਲਾਬੀ ਸੂੰਡੀ ਦੇ ਅਗੇਤੇ ਆਗਮਨ ਦਾ ਪਤਾ ਲਗਾਉਣ ਅਤੇ ਰੋਕਥਾਮ ਬਾਰੇ ਦੱਸਿਆ ਜਾ ਰਿਹਾ ਹੈ।ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ ਨੂੰ ਪ੍ਰਤੀ ਏਕੜ ਦੋ ਫੈਰੋਮੈਨ ਟਰੈਪ ਲਗਾਉਣ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਕਿ ਇਸ ਵਿਚ ਆਉਣ ਵਾਲੇ ਨਰ ਪੰਤਗਿਆਂ ਤੋਂ ਗੁਲਾਬੀ ਸੂੰਡੀ ਦੀ ਆਮਦ ਤੋਂ ਪਹਿਲਾਂ ਹੀ ਪਤਾ ਲੱਗ ਸਕੇ ਅਤੇ ਕਿਸਾਨ ਤੁਰੰਤ ਛਿੜਕਾਅ ਕਰ ਸਕਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਾਲੇ ਨਰਮੇ ਨੂੰ ਫੁਲ ਆਉਣ ਦਾ ਸਮਾਂ ਨਹੀਂ ਹੈ ਅਤੇ ਇਸ ਸਮੇਂ ਜਿਹੜੇ ਫੁੱਲ ਆ ਰਹੇ ਹਨ ਇਹ ਪੱਕਣਗੇ ਨਹੀਂ। ਇੰਨ੍ਹਾਂ ਨੂੰ ਝੂਠੇ ਫੁੱਲ ਕਿਹਾ ਜਾਂਦਾ ਹੈ, ਇੰਨ੍ਹਾਂ ਦੀ ਗਿਣਤੀ ਵੀ ਇਕ ਏਕੜ ਵਿਚ 40-50 ਕੁ ਹੀ ਹੈ ਇਸ ਲਈ ਜ਼ੇਕਰ ਇੰਨ੍ਹਾਂ ਨੂੰ ਤੋੜ ਕੇ ਕਿਸੇ ਥੈਲੇ ਵਿਚ ਇੱਕਠੇ ਕਰਕੇ ਖੇਤ ਤੋਂ ਬਾਹਰ ਲਿਆ ਕੇ ਨਸ਼ਟ ਕਰ ਦਿੱਤੇ ਜਾਣ ਤਾਂ ਇਸ ਨਾਲ ਵੀ ਜ਼ੇ ਕਿਤੇ ਗੁਲਾਬੀ ਸੂੰਡੀ ਦਾ ਬੱਚਾ ਹੋਇਆ ਤਾਂ ਉਹ ਮਰ ਜਾਵੇਗਾ। ਪਰ ਉਨ੍ਹਾਂ ਸਪੱਸ਼ਟ ਕੀਤਾ ਕਿ ਹਾਲੇ ਤੱਕ ਕਿਤੇ ਵੀ ਜਿ਼ਲ੍ਹੇ ਵਿਚ ਗੁਲਾਬੀ ਸੂੰਡੀ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
ਦੂਜ਼ੇ ਪਾਸੇ ਵਿਭਾਗ ਕਿਸਾਨਾਂ ਨੂੰ ਏਕੀਕ੍ਰਿਤ ਕੀਟ ਪ੍ਰਬੰਧਨ ਬਾਰੇ ਵੀ ਦੱਸ ਰਿਹਾ ਹੈ। ਇਸ ਬਾਬਤ ਮੁੱਖ ਖੇਤੀਬਾੜੀ ਅਫਸਰ ਡਾ: ਰੇਸਮ ਸਿੰਘ ਨੇ ਦੱਸਿਆ ਕਿ ਜਿ਼ਲ੍ਹੇ ਵਿਚ 62.5 ਏਕੜ ਹਰਕੇ ਦੀ ਦਰ ਨਾਲ ਤਿੰਨ ਪ੍ਰਦਰਸ਼ਨੀ ਪਲਾਂਟ ਵਿਭਾਗ ਲਗਵਾ ਰਿਹਾ ਹੈ ਜਿਸ ਵਿਚ ਪੀਬੀ ਨਾਟ ਤਕਨੀਕ ਤਹਿਤ ਪੌਦਿਆਂ ਤੇ ਕੁਝ ਧਾਗੇ ਬੰਨੇ ਜਾ ਰਹੇ ਹਨ ਜਿੰਨ੍ਹਾਂ ਤੋਂ ਗੁਲਾਬੀ ਸੂੰਡੀ ਦੇ ਮਾਦਾ ਪੰਤਗੇ ਦੀ ਸੰੁਗਧ ਆਉਂਦੀ ਹੈ ਜਿਸ ਨਾਲ ਨਰ ਅਤੇ ਮਾਦਾ ਦਾ ਅਸਲ ਮਿਲਣ ਨਹੀਂ ਹੁੰਦਾ ਤੇ ਸੂੰਡੀ ਦਾ ਅੱਗੇ ਵਾਧਾ ਰੁੱਕ ਜਾਂਦਾ ਹੈ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਖੁਦ ਕੱਲ ਮਾਹੂਆਣਾ ਤੇ ਅੱਜ ਰਾਮਸਰਾ ਦਾ ਦੌਰਾ ਕਰਕੇ ਨਰਮੇ ਵਾਲੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ।
ਅਬੋਹਰ ਦੇ ਏਪੀਪੀਓ ਸ੍ਰੀ ਸੰੁਦਰ ਲਾਲ ਨੇ ਦੱਸਿਆ ਕਿ ਇਸ ਤਕਨੀਕ ਤਹਿਤ ਪਿੰਡ ਰਾਮਸਰਾ ਵਿਚ 62.5 ਏਕੜ ਵਿਚ ਇਕ ਪ੍ਰਦਰਸ਼ਨੀ ਪਲਾਂਟ ਅੱਜ ਲਗਾਇਆ ਗਿਆ ਹੈ।ਪਰ ਇਹ ਤਕਨੀਕ ਤਦ ਹੀ ਕਾਮਯਾਬ ਹੈ ਜਦ ਵੱਡੇ ਏਰੀਏ ਵਿਚ ਸਾਰੇ ਕਿਸਾਨ ਕਰਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਕਿਸੇ ਵੀ ਜਾਣਕਾਰੀ ਲਈ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰ ਸਕਦੇ ਹਨ।ਇਸ ਤੋਂ ਬਿਨ੍ਹਾਂ ਅੱਜ ਹੀ ਫਾਜਿ਼ਲਕਾ ਬਲਾਕ ਦੇ ਪਿੰਡ ਮਾਹੂਆਣਾ ਅਤੇ ਖੂਈਆਂ ਸਰਵਰ ਦੇ ਪਿੰਡ ਉਸਮਾਨ ਖੇੜਾ ਵਿਚ ਵੀ ਪੀਬੀ ਨਾਟ ਤਕਨੀਕ ਦੇ ਪ੍ਰਦਰਸ਼ਨੀ ਪਲਾਂਟ ਲਗਾਏ ਗਏ ਹਨ। ਹਰੇਕ ਪ੍ਰਦਰਸ਼ਨੀ ਪਲਾਂਟ ਤੋਂ 10 ਤੋਂ 20 ਕਿਸਾਨਾਂ ਨੂੰ ਲਾਭ ਹੋਵੇਗਾ।