ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀਰਾਂ ਲਈ ਅਡਵਾਈਜ਼ਰੀ ਜਾਰੀ

Sorry, this news is not available in your requested language. Please see here.

ਫਾਜ਼ਿਲਕਾ, 19 ਜੁਲਾਈ :-  
ਮੁੱਖ ਖੇਤੀਬਾੜੀ ਅਫਸਰ ਸ. ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਰਮੇ ਦੀ ਕਾਸ਼ਤ ਕਰਨ ਵਾਲੇ ਕਿਸਾਨ ਵੀਰਾਂ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ।ਉਨ੍ਹਾਂ ਕਿਸਾਨ ਵੀਰਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਖੇਤਾਂ ਵਿਚ ਅਤੇ ਆਲੇ-ਦੁਆਲੇ ਸਫਾਈ ਰੱਖੋ ਤੇ ਨਦੀਨ ਜਿਵੇਂ ਕਿ ਕੰਘੀ ਬੂਟੀ, ਪੀਲੀ ਬੂਟੀ, ਪੁੱਠ ਕੰਡਾ, ਧਤੂਰਾ, ਕਾਂਗਰਸ ਘਾਹ, ਗੁੱਤ ਪੱਟਣਾ ਆਦਿ ਨੂੰ ਉਗਣ/ਵਧਣ ਨਾ ਦਿਉ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਨਰਮੇ ਦੇ ਖੇਤਾਂ ਦੇ ਆਲੇ-ਦੁਆਲੇ ਭਿੰਡੀ, ਮੂੰਗੀ, ਅਰਹਰ, ਮਿਰਚਾਂ, ਖੀਰਾ, ਚੱਪਣ ਕੱਦੂ ਆਦਿ ਬੀਜਣ ਤੋਂ ਗੁਰੇਜ਼ ਕਰੋ।ਜੇ ਇਹ ਫਸਲਾਂ ਖੇਤ ਦੇ ਨੇੜੇ ਬੀਜੀਆਂ ਹਨ ਤਾਂ ਇਨ੍ਹਾਂ `ਤੇ ਵੀ ਚਿੱਟੀ ਮੱਖੀ ਦੀ ਰੋਕਥਾਮ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਨਰਮੇਂ ਦੇ ਖੇਤਾਂ ਵਿਚ ਚਿੱਟੀ ਮੱਖੀ ਦਾ ਲਾਗਾਤਾਰ ਸਰਵੇਖਣ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਨਰਮੇ ਦੇ ਬੂਟਿਆਂ ਉਪਰਲੇ ਤਿੰਨ ਪੱਤਿਆਂ ਦਾ ਨਿਰੀਖਣ ਹਰ ਰੋਜ਼ ਸਵੇਰੇ 10 ਵਜੇ ਤੋਂ ਪਹਿਲਾਂ-ਪਹਿਲਾਂ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ 6 ਤੋਂ 8 ਬਾਲਗ ਪ੍ਰਤੀ ਪੱਤਾ ਹੋਵੇ ਤਾਂ ਈਥੀਆਨ 50 ਈ ਸੀ ਦਾ 800 ਮਿਲੀਲਿਟਰ ਜਾਂ ਡਾਇਨੋਟੈਫੂਰਾਨ 20 ਐਸ ਜੀ ਦਾ 60 ਗ੍ਰਾਮ ਪ੍ਰਤੀ ਏਕੜ ਵਿਚ ਪਹਿਲਾਂ ਛਿੜਕਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਾਈਰੀਪ੍ਰੋਕਸੀਫਿਨ 10 ਈ ਸੀ ਦਾ 500 ਮਿਲੀਲਿਟਰ ਜਾਂ ਸਪਾਈਰੋਮੈਸੀਫਿਨ 22.9 ਐਸ ਸੀ ਦਾ 200 ਮਿਲੀਲਿਟਰ ਦਾ 10 ਦਿਨਾਂ ਬਾਅਦ ਦੂਜਾ ਛਿੜਕਾਅ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਜੇਕਰ 8 ਤੋਂ 20 ਬਾਲਗ ਪ੍ਰਤੀ ਪੱਤਾ ਹੋਣ ਤੇ ਆਫਿਡੋਪਾਇਰੋਪਿਨ50 ਡੀ ਸੀ ਦਾ 400 ਮਿਲੀਲਿਟਰ ਦਾ ਪ੍ਰਤੀ ਏਕੜ ਵਿਚ ਪਹਿਲਾ ਛਿੜਕਾਅ ਕੀਤਾ ਜਾਵੇ।ਪਾਈਰੀਪ੍ਰੋਕਸੀਫਿਨ10 ਈ ਸੀ ਜਾਂ ਸਪਾਈਰੋਮੈਸੀਫਿਨ 22.9 ਐਸ ਸੀ ਦਾ 200 ਮੀਲਿਟਰ ਦਾ 7 ਦਿਨਾਂ ਬਾਅਦ ਦੂਜਾ ਛਿੜਕਾਅ ਕਰਨ ਦੀ ਮਾਹਰਾਂ ਵੱਲੋਂ ਸਲਾਹ ਦਿੱਤੀ ਜਾਂਦੀ ਹੈ।
ਉਨ੍ਹਾ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਹੁਤ ਜਿਆਦਾ/ਅਣਗਿਣਤ ਬਾਲਗ ਪ੍ਰਤੀ ਪੱਤਾ ਹੋਣ ਤੇ ਪਹਿਲਾਂ ਛਿੜਕਾਅ ਡਾਇਅਫੈਨਥਿਯੌਰੋਨ50 ਡਬਲਿਉ ਪੀ ਦੇ 200 ਗ੍ਰਾਮ ਦਾ ਕੀਤਾ ਜਾਵੇ ਅਤੇ 5 ਦਿਨਾਂ ਬਾਅਦ ਪਾਈਰੀਪ੍ਰੋਕਸੀਫਿਨ 10 ਈ ਸੀ ਦਾ 500 ਮਿਲੀਲਿਟਰ ਦਾ ਦੂਜਾ ਛਿੜਕਾਅ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਹਰ ਵਾਰ ਕੀਟਨਾਸ਼ਕ ਬਦਲ ਬਦਲ ਕੇ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਦਫਤਰ ਮੁੱਖ ਖੇਤੀਬਾੜੀ ਅਫਸਰ ਫਾਜ਼ਿਲਕਾ ਦੇ ਨੰਬਰ 9814193502 ਨਾਲ ਰਾਬਤਾ ਕੀਤਾ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਕਿਸਾਨ ਕਾਲ ਸੈਂਟਰ ਦੇ ਟੋਲ ਫਰੀ ਨੰਬਰ 18001801551 `ਤੇ ਸਵੇਰੇ 6 ਵਜੇ ਤੋਂ ਸ਼ਾਮ 10 ਵਜੇ ਤੱਕ ਖੇਤੀਬਾੜੀ ਸਬੰਧੀ ਸਲਾਹ ਲਈ ਜਾ ਸਕਦੀ ਹੈ।

 

ਹੋਰ ਪੜ੍ਹੋ :-  ਨਵਾਂਸ਼ਹਿਰ ਦੇ ਮਲਿਕਪੁਰ ਖੇਤਰ ‘ਚ ਨਾਜਾਇਜ ਮਾਈਨਿੰਗ ਦੇ ਦੋਸ਼ਾਂ ਤਹਿਤ ਭੁਪਿੰਦਰ ਹਨੀ, ਕੁਦਰਤਦੀਪ ‘ਤੇ ਮਾਮਲਾ ਦਰਜ