ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਪੰਜਾਬੀ ਨਾਟਕ ਅਤੇ ਰੰਗਮੰਚ ਬਾਰੇ ਵਿਚਾਰ ਚਰਚਾ ਆਯੋਜਿਤ

Sorry, this news is not available in your requested language. Please see here.

ਐਸ.ਏ.ਐਸ.ਨਗਰ, 27 ਮਾਰਚ :- 

ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿਖੇ 27 ਮਾਰਚ 2023 ਨੂੰ ਵਿਸ਼ਵ ਰੰਗਮੰਚ ਦਿਹਾੜੇ ’ਤੇ ਤੇਰਾ ਸਿੰਘ ਚੰਨ ਅਤੇ ਗੁਰਸ਼ਰਨ ਭਾਅ ਦੀ ਨਿੱਘੀ ਯਾਦ ਨੂੰ ਸਮਰਪਿਤ ‘ਪੰਜਾਬੀ ਨਾਟਕ: ਵਰਤਮਾਨ ਦਸ਼ਾ ਅਤੇ ਦਿਸ਼ਾ ਵਿਸ਼ੇ ’ਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਉੱਘੇ ਨਾਟਕਕਾਰ ਅਤੇ ਨਿਰਦੇਸ਼ਕ ਦਵਿੰਦਰ ਸਿੰਘ ਦਮਨ ਵੱਲੋਂ ਕੀਤੀ ਗਈ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਡਾ. ਸਵੈਰਾਜ ਸੰਧੂ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸ਼ਬਦੀਸ਼ ਵੱਲੋਂ ਸ਼ਿਰਕਤ ਕੀਤੀ ਗਈ। ਡਾ. ਬਲਵਿੰਦਰ ਸਿੰਘ ਵੱਲੋਂ ‘ਪੰਜਾਬੀ ਨਾਟਕ : ਵਰਤਮਾਨ ਦਸ਼ਾ ਅਤੇ ਦਿਸ਼ਾ’ ਵਿਸ਼ੇ ’ਤੇ ਪਰਚਾ ਪੜ੍ਹਿਆ ਗਿਆ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ।

ਉਨ੍ਹਾਂ ਨੇ ਤੇਰਾ ਸਿੰਘ ਚੰਨ ਅਤੇ ਗੁਰਸ਼ਰਨ ਭਾਅ ਦੀ ਨਾਟਕ ਨੂੰ ਦੇਣ ਬਾਰੇ ਜਾਣੂ ਕਰਵਾਉਂਦੇ ਹੋਏ ਕਿਹਾ ਕਿ ਨਾਟਕ ਹਰ ਇਨਸਾਨ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ।

ਸਮਾਗਮ ਦੀ ਪ੍ਰਧਾਨਗੀ ਕਰ ਰਹੇ ਦਵਿੰਦਰ ਸਿੰਘ ਦਮਨ ਵੱਲੋਂ ਰੰਗਮੰਚ ਨਾਲ ਜੁੜੀਆਂ ਹਸਤੀਆਂ ਨੂੰ ਨਤਮਸਤਕ ਹੁੰਦਿਆਂ ਸਮੂਹ ਪਤਵੰਤੇ ਸੱਜਣਾਂ ਨੂੰ ਵਿਸ਼ਵ ਰੰਗਮੰਚ ਦਿਵਸ ਦੀ ਮੁਬਾਰਕਬਾਦ ਦਿੱਤੀ ਗਈ। ਉਨ੍ਹਾਂ ਆਖਿਆ ਕਿ ਧਰਤੀ ਇੱਕ ਸਟੇਜ ਹੈ ਤੇ ਸਾਰੇ ਮਨੁੱਖ ਹੀ ਅਦਾਕਾਰ ਹਨ। ਰੰਗਮੰਚ ਮਨੁੱਖ ਦੀ ਸਭ ਤੋਂ ਪਹਿਲੀ ਕਲਾ ਹੈ ਜੋ ਅਜੇ ਤੱਕ ਚੱਲ ਰਹੀ ਹੈ ਅਤੇ ਰੰਗਮੰਚ ਸਾਹਿਤ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਪ੍ਰਮੁੱਖ ਸਾਧਨ ਹੈ। ਮੁੱਖ ਮਹਿਮਾਨ ਡਾ. ਸਵੈਰਾਜ ਸੰਧੂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਰੰਗਮੰਚ ਜ਼ਿੰਦਗੀ ਦਾ ਅਕਸ ਹੈ। ਰੰਗਮੰਚ ਹੀ ਉਹ ਸਕੂਲ ਹੈ ਜਿੱਥੇ ਅਸੀਂ ਜ਼ਿੰਦਗੀ ਦੇ ਸਬਕ ਸਿੱਖਦੇ ਹਾਂ। ਵਿਸ਼ੇਸ਼ ਮਹਿਮਾਨ ਸ਼ਬਦੀਸ਼ ਵੱਲੋਂ ਵਿਸ਼ਵ ਰੰਗਮੰਚ ਦਿਵਸ ਦੀ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਹਰ ਇਨਸਾਨ ਨੂੰ ਨਾਟਕ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਨਾਟਕ ਬੰਦੇ ਨੂੰ ਸੋਚਣ ਲਾਉਂਦਾ ਹੈ। ਇਸ ਮੌਕੇ ਉਨ੍ਹਾਂ ਵੱਲੋਂ ਕੌਮਾਂਤਰੀ ਥੀਏਟਰ ਸੰਸਥਾ ਵੱਲੋਂ ਵਿਸ਼ਵ ਰੰਗਮੰਚ ਦਿਵਸ ਮੌਕੇ ਜਾਰੀ ਕੀਤਾ ਗਿਆ ਸੁਨੇਹਾ ਵੀ ਪੜ੍ਹ ਕੇ ਸ੍ਰੋਤਿਆਂ ਨਾਲ ਸਾਂਝਾ ਕੀਤਾ ਗਿਆ। ਪਰਚਾ ਲੇਖਕ ਡਾ. ਬਲਵਿੰਦਰ ਸਿੰਘ ਵੱਲੋਂ ਖੋਜ ਭਰਪੂਰ ਪਰਚਾ ਪੜ੍ਹਦੇ ਹੋਏ 18ਵੀਂ-19ਵੀਂ ਸਦੀ ਵਿੱਚ ਨਾਟਕ ਸਬੰਧੀ ਮਿਲਦੇ ਸੰਕੇਤਾਂ ਤੋਂ ਲੈ ਕੇ ਆਧੁਨਿਕ ਨਾਟਕ ਤੱਕ ਦਾ ਸੰਪੂਰਨ ਇਤਿਹਾਸ ਅਤੇ ਭਵਿੱਖੀ ਸੰਭਾਵਨਾਵਾਂ ਨੂੰ ਸ੍ਰੋਤਿਆਂ ਦੇ ਸਾਹਮਣੇ ਰੱਖਿਆ ਗਿਆ।
ਇਨ੍ਹਾਂ ਤੋਂ ਇਲਾਵਾ ਨਾਟਕਾਕਰ ਸੰਜੀਵਨ ਸਿੰਘ ਵੱਲੋਂ ਆਖਿਆ ਗਿਆ ਕਿ ਰੰਗਮੰਚ ਨੇ ਆਪਣੀ ਹੋਂਦ ਹਮੇਸ਼ਾ ਬਰਕਰਾਰ ਰੱਖੀ ਹੈ ਅਤੇ ਹਮੇਸ਼ਾ ਰੱਖੇਗਾ। ਰੰਗਕਰਮੀ ਲਈ ਹਰ ਦਿਨ ਰੰਗਮੰਚ ਨਾਲ ਰੰਗਿਆ ਹੋਣਾ ਚਾਹੀਦਾ ਹੈ। ਤੇਰਾ ਸਿੰਘ ਚੰਨ ਦੇ ਪੁੱਤਰ ਸ. ਦਿਲਦਾਰ ਸਿੰਘ ਵੱਲੋਂ ਆਪਣੇ ਪਿਤਾ ਦੇ ਨਾਟਕਾਂ ਅਤੇ ਓਪੇਰਿਆਂ ਨਾਲ ਜੁੜੀਆਂ ਯਾਦਾਂ ਸਾਝੀਆਂ ਕੀਤੀਆਂ ਗਈਆਂ।
ਇਸ ਵਿਚਾਰ ਚਰਚਾ ਵਿੱਚ ਸ਼ਵੰਦਰ ਸਿੰਘ ਸੈਂਪਲਾ, ਮਨਜੀਤਪਾਲ ਸਿੰਘ, ਗੁਰਚਰਨ ਸਿੰਘ, ਭਗਤ ਰਾਮ ਰੰਗਾੜਾ, ਡਾ. ਨਿਰਮਲ ਸਿੰਘ ਬਾਸੀ, ਅਮਰਜੀਤ ਸਿੰਘ ਤੂਰ, ਦਲਜੀਤ ਕੌਰ, ਮਨੀ ਸਿੱਧੂ, ਮੰਨਤ ਸ਼ਰਮਾ, ਗੁਰਦੀਪ ਸਿੰਘ, ਤਜਿੰਦਰ ਸਿੰਘ, ਅਨਿਕੇਤ ਕੁਮਾਰ, ਸੰਜੂ ਸ਼ਰਮਾ, ਸਰਦਾਰਾ ਸਿੰਘ ਚੀਮਾ, ਮਨਜੀਤ ਸਿੰਘ, ਜਤਿੰਦਰਪਾਲ ਸਿੰਘ, ਗੁਰਵਿੰਦਰ ਸਿੰਘ ਵੱਲੋਂ ਵੀ ਸ਼ਿਰਕਤ ਕੀਤੀ ਗਈ। ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।

 

ਹੋਰ ਪੜ੍ਹੋ :-  ਮੁੱਖ ਮੰਤਰੀ ਵੱਲੋਂ ਜਲੰਧਰ ਵਾਸੀਆਂ ਨੂੰ 100 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਤੋਹਫ਼ਾ