ਪੁਲੀਸ ਵਿਭਾਗ ਦੀ ਪਿਛਲੇ ਛੇ ਮਹੀਨੇ ਦੀ ਕਾਰਗੁਜ਼ਾਰੀ ਬਾਰੇ ਆਮ ਜਨਤਾ ਨੂੰ ਜਾਣੂ ਕਰਵਾਇਆ ਗਿਆ

Sorry, this news is not available in your requested language. Please see here.

ਪਤਵੰਤੇ ਸੱਜਣਾਂ ਨੂੰ ਨਸ਼ਿਆ ਪ੍ਰਤੀ ਸੁਚੇਤ ਰਹਿਣ, ਚਾਈਨਾ ਡੋਰ ਦੀ ਵਰਤੋਂ ਨਾ ਕਰਨ ਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਅਪੀਲ
ਰੂਪਨਗਰ, 30 ਦਸੰਬਰ: ਸੀਨੀਅਰ ਪੁਲੀਸ ਕਪਤਾਨ ਰੂਪਨਗਰ ਸ਼੍ਰੀ ਵਿਵੇਕ ਐੱਸ ਸੋਨੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਬ ਡਵੀਜ਼ਨ ਰੂਪਨਗਰ ਵਿਖੇ ਕਪਤਾਨ ਪੁਲੀਸ ਇਨਵੈਸਟੀਗੇਸ਼ਨ ਸ. ਮਨਵਿੰਦਰਬੀਰ ਸਿੰਘ  ਰੂਪਨਗਰ ਦੀ ਅਗਵਾਈ ਅਧੀਨ ਥਾਣਾ ਸਦਰ ਰੂਪਨਗਰ ਵਿਖੇ ਅੱਜ ਇੱਕ ਜਨਤਕ ਮੀਟਿੰਗ ਕੀਤੀ ਗਈ ਜਿਸ ਵਿੱਚ ਥਾਣਾ ਸਦਰ ਰੂਪਨਗਰ ਦੇ ਪਿੰਡਾਂ ਦੇ ਮੋਹਤਬਰਾਂ ਅਤੇ ਥਾਣਾ ਸਿਟੀ ਰੂਪਨਗਰ ਦੇ ਵਾਰਡਾਂ ਦੇ ਮੋਹਤਬਰਾਂ ਵੱਲੋਂ ਸ਼ਿਰਕਤ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਹੋਏ ਪਤਵੰਤੇ ਸੱਜਣਾਂ ਨੂੰ ਨਸ਼ਿਆ ਪ੍ਰਤੀ ਸੁਚੇਤ ਰਹਿਣ, ਚਾਈਨਾ ਡੋਰ ਦੀ ਵਰਤੋਂ ਨਾ ਕਰਨ ਅਤੇ ਪਿੰਡਾਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਸੀਸੀਟੀਵੀ ਕੈਮਰੇ ਲਗਾਉਣ ਲਈ ਅਪੀਲ ਵੀ ਕੀਤੀ ਗਈ।
ਇਸ ਸਮੇਂ ਸੰਬੋਧਨ ਕਰਦਿਆਂ ਕਪਤਾਨ ਪੁਲੀਸ ਇਨਵੈਸਟੀਗੇਸ਼ਨ ਸ. ਮਨਵਿੰਦਰਬੀਰ ਸਿੰਘ ਨੇ ਸਬ ਡਵੀਜ਼ਨ ਰੂਪਨਗਰ ਪੁਲਿਸ ਦੀ ਪਿਛਲੇ ਛੇ ਮਹੀਨੇ ਦੀ ਕਾਰਗੁਜ਼ਾਰੀ ਬਾਰੇ ਆਮ ਜਨਤਾ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਸਬ ਡਵੀਜ਼ਨ ਰੂਪਨਗਰ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਸਖ਼ਤ ਕਾਰਵਾਈ ਦੌਰਾਨ ਕੁੱਲ 32 ਮੁਕੱਦਮੇ ਦਰਜ ਕਰਕੇ 63 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਦੋਸ਼ੀਆਂ ਪਾਸੋਂ ਕੁੱਲ 03 ਕਿਲੋ 344 ਗ੍ਰਾਂਮ ਨਸ਼ੀਲਾ ਪਾਊਡਰ, 02 ਕੁਇੰਟਲ 30 ਕਿਲੋ ਭੁੱਕੀ ਚੂਰਾ ਪੋਸਤ, 11 ਕਿਲੋ ਡੋਡੇ, 511ਗ੍ਰਾਮ ਗਾਂਜਾ, 8 ਨਸ਼ੀਲੇ ਟੀਕੇ, 1.70 ਗ੍ਰਾਮ ਸਮੈਕ ਅਤੇ 140 ਗ੍ਰਾਮ ਅਫੀਮ ਬਰਾਮਦ ਕੀਤੀ ਗਈ।
ਇਸੇ ਤਰ੍ਹਾਂ ਸ. ਮਨਵਿੰਦਰਬੀਰ ਸਿੰਘ ਨੇ ਅੱਗੇ ਦੱਸਿਆ ਕਿ ਨਜਾਇਜ਼ ਸ਼ਰਾਬ ਸਬੰਧੀ ਕਾਰਵਾਈ ਕਰਦੇ ਹੋਏ 04 ਮੁਕੱਦਮੇ ਦਰਜ ਕੀਤੇ ਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 192 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਜਾਇਜ਼ ਅਸਲੇ ਸਬੰਧੀ ਕਾਰਵਾਈ ਕਰਦੇ ਹੋਏ ਕੁੱਲ 07 ਮੁਕੱਦਮੇ ਦਰਜ ਕਰਕੇ 19 ਦੋਸ਼ੀਆਂ ਪਾਸੋਂ 7 ਪਿਸਤੌਲ 315 ਬੋਰ, 21 ਪਿਸਤੌਲ .32 ਬੋਰ, 02 ਪਿਸਤੌਲ .30 ਬੋਰ, 14 ਮੈਗਜ਼ੀਨ ਅਤੇ 120 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਇਸ ਅਰਸੇ ਦੌਰਾਨ ਚੋਰੀ ਦੇ ਕੁੱਲ 17 ਮੁਕੱਦਮੇ ਟਰੇਸ ਕਰਕੇ ਚੋਰੀਸ਼ੁਦਾ ਸਮਾਨ ਜਿਹਨਾਂ ਵਿੱਚ 27 ਮੋਟਰਸਾਇਕਲ, 01 ਟਿੱਪਰ, 09 ਮੋਬਾਇਲ ਫੋਨ, 01 ਲੈਪਟਾਪ, LCD ਸਕਰੀਨ, ਗੈਸ ਸਿਲੰਡਰ ਅਤੇ 02 ਲੱਖ 30 ਹਜ਼ਾਰ ਰੁਪਏ ਨਕਦੀ ਬਰਾਮਦ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਅਰਸੇ ਦੌਰਾਨ ਕਤਲ ਨਾਲ ਸਬੰਧਤ 03 ਮੁਕੱਦਮੇ ਟਰੇਸ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਥਾਣਾ ਸਿੰਘ ਭਗਵੰਤਪੁਰ ਦੇ ਏਰੀਆ ਵਿੱਚ ਆਲੂਆਂ ਨਾਲ ਭਰੇ ਕੈਂਟਰ ਦੀ ਖੋਹ ਨੂੰ ਟਰੇਸ ਕਰਕੇ ਆਲੂਆਂ ਦੀਆਂ 65 ਬੋਰੀਆਂ ਬਰਾਮਦ ਕੀਤੀਆਂ ਗਈਆਂ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਅਰਸੇ ਦੌਰਾਨ ਚਾਇਨਾ ਡੋਰ ਸਬੰਧੀ ਕਾਰਵਾਈ ਕਰਦੇ ਹੋਏ ਚਾਇਨਾ ਡੋਰ ਵੇਚਣ ਵਾਲੇ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਅਤੇ ਇਹਨਾਂ ਵਿਅਕਤੀਆਂ ਪਾਸੋਂ ਚਾਈਨਾ ਡੋਰ ਦੇ 43 ਗੱਟੂ ਬਰਾਮਦ ਕੀਤੇ ਗਏ।
ਇਸ ਮੀਟਿੰਗ ਵਿੱਚ ਡੀਐਸਪੀ ਸ. ਤਰਲੋਚਨ ਸਿੰਘ, ਐਸਐਚਓ ਸ਼੍ਰੀ ਪਵਨ ਕੁਮਾਰ, ਪੁਲੀਸ ਵਿਭਾਗ ਦੇ ਉੱਚ ਅਧਿਕਾਰੀ ਅਤੇ ਪਿੰਡਾਂ ਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ।