ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸਾਫ-ਸਫਾਈ ਦੇ ਮਹੱਤਵ ਨੂੰ ਦਰਸ਼ਾਉਂਦੀ ਕੱਢੀ ਗਈ ਸਵੱਛਤਾ ਲੀਗ ਰੈਲੀ

Sorry, this news is not available in your requested language. Please see here.

ਬਿਮਾਰੀਆਂ ਮੁਕਤ ਵਾਤਾਵਰਣ ਸਿਰਜਣ ਲਈ ਸਾਫ-ਸਫਾਈ ਲਾਜ਼ਮੀ – ਸਹਾਇਕ ਕਮਿਸ਼ਨਰ

ਫਾਜ਼ਿਲਕਾ, 17 ਸਤੰਬਰ :-  ਸਾਫ-ਸੁਥਰੇ ਅਤੇ ਬਿਮਾਰੀਆਂ ਮੁਕਤ ਵਾਤਾਵਰਣ ਦੀ ਸਿਰਜਣਾ ਲਈ ਆਪਣੇ ਆਲੇ-ਦੁਆਲੇ ਸਾਫ-ਸਫਾਈ ਬਹੁਤ ਲਾਜ਼ਮੀ ਹੈ। ਇਸੇ ਮਕਸਦ ਦੀ ਪੂਰਤੀ ਲਈ ਅੱਜ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸ਼ਹਿਰ ਅੰਦਰ ਸਵੱਛਤਾ ਲੀਗ ਰੈਲੀ ਕੱਢੀ ਗਈ। ਇਸ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਸਹਾਇਕ ਕਮਿਸ਼ਨਰ ਸ੍ਰੀ ਮਨਜੀਤ ਸਿੰਘ ਔਲਖ ਨੇ ਦੱਸਿਆ ਕਿ ਰੈਲੀ ਕੱਢਣ ਦਾ ਮੰਤਵ ਸਾਫ-ਸਫਾਈ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।
ਸਹਾਇਕ ਕਮਿਸ਼ਨਰ ਨੇ ਕਿਹਾ ਕਿ ਜੇ ਅਸੀਂ ਆਪਣੇ ਆਸ-ਪਾਸ ਸਫਾਈ ਰੱਖਾਂਗੇ ਤਾਂ ਹੀ ਸ਼ੁੱਧ ਵਾਤਾਵਰਣ ਕਾਇਮ ਹੋਏਗਾ। ਉਨ੍ਹਾਂ ਕਿਹਾ ਕਿ ਸ਼ੁੱਧ ਵਾਤਾਵਰਣ ਦੀ ਪ੍ਰਾਪਤੀ ਲਈ ਸਮੇਂ-ਸਮੇਂ `ਤੇ ਅਜਿਹੀਆਂ ਗਤੀਵਿਧੀਆਂ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ ਸਿੰਗਲ ਵਰਤੋਂ ਪਲਾਸਟਿਕ ਦੀਆਂ ਵਸਤਾਂ ਅਤੇ ਪਲਾਸਟਿਕ ਦੇ ਲਿਫਾਫੇ ਦੀ ਵਰਤੋਂ `ਤੇ ਪਾਬੰਦੀ ਲਗਾਈ ਗਈ ਹੈ।ਉਨ੍ਹਾਂ ਕਿਹਾ ਕਿ 100 ਫੀਸਦੀ ਪਲਾਸਟਿਕ ਦੀ ਵਰਤੋਂ, ਵਿਕਰੀ ਅਤੇ ਭੰਡਾਰਨ ਬੰਦ ਕਰਨ ਸਬੰਧੀ ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਵੀ ਜਾਗਰੂਕ ਕਰਨ ਸਬੰਧੀ ਪੂਰੇ ਦੇਸ਼ ਅੰਦਰ ਇੰਡੀਅਨ ਸਵੱਛਤਾ ਲੀਗ ਸ਼ੁਰੂ ਕੀਤੀ ਗਈ ਹੈ।
ਕਾਰਜ ਸਾਧਕ ਅਫਸਰ ਸ੍ਰੀ ਮੰਗਤ ਕੁਮਾਰ ਨੇ ਦੱਸਿਆ ਕਿ ਫਾਜ਼ਿਲਕਾ ਅੰਦਰ ਸਵੱਛਤਾ ਲੀਗ ਰੈਲੀ ਪ੍ਰਤਾਪ ਬਾਗ ਤੋਂ ਸ਼ੁਰੂ ਹੋ ਕੇ ਸ਼ਾਸਤਰੀ ਚੌਂਕ, ਸਰਾਫਾ ਬਜਾਰ, ਘੰਟਾ ਘਰ ਚੌਂਕ ਤੋਂ ਹੁੰਦੀ ਹੋਈ ਹੋਟਲ ਬਜਾਰ ਤੋਂ ਹੋ ਕੇ ਪ੍ਰਤਾਪ ਬਾਗ ਵਿਖੇ ਸਮਾਪਤ ਕੀਤੀ ਗਈ। ਉਨ੍ਹਾਂ ਕਿਹਾ ਕਿ ਸਵੱਛਤਾ ਲੀਗ ਰੈਲੀ ਕੱਢਣ ਦਾ ਉਦੇਸ਼ ਸਾਫ-ਸਫਾਈ ਰੱਖਣ ਅਤੇ ਪਲਾਸਟਿਕ ਦੀ ਵਰਤੋਂ ਨਾ ਕਰਨ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ ਰੈਲੀ ਦੌਰਾਨ ਸ਼ਹਿਰ ਵਾਸੀਆਂ ਅੰਦਰ ਸਾਫ-ਸਫਾਈ ਪ੍ਰਤੀ ਜਾਗਰੂਕਤਾ ਲਿਆਉਣ ਲਈ ਸ਼ਹਿਰ ਦੀਆ ਵੱਖ-ਵੱਖ ਗੈਰ ਸਰਕਾਰੀ ਸੰਸਥਾਵਾਂ, ਵਿਭਾਗੀ ਅਧਿਕਾਰੀਆਂ ਅਤੇ ਸਕੂਲੀ ਵਿਦਿਆਰਥੀਆਂ ਵੱਲੋਂ ਵੀ ਸ਼ਿਰਕਤ ਕੀਤੀ ਗਈ।ਉਨ੍ਹਾਂ ਦੱਸਿਆ ਕਿ ਸਮੂਹ ਹਾਜਰੀਨ ਵੱਲੋਂ ਖੁਦ ਸਾਫ-ਸਫਾਈ ਰੱਖਣ ਦੇ ਨਾਲ-ਨਾਲ ਹੋਰਨਾਂ ਅੰਦਰ ਵੀ ਜਾਗਰੂਕਤਾ ਪੈਦਾ ਕਰਨ ਦਾ ਅਹਿਦ ਲਿਆ ਗਿਆ।
ਇਸ ਦੌਰਾਨ ਨਗਰ ਕੌਂਸਲ ਤੋਂ ਨਰੇਸ਼ ਖੇੜਾ, ਜ਼ਿਲ੍ਹਾ ਪ੍ਰਸ਼ਾਸਨ ਤੋਂ ਪ੍ਰਦੀਪ ਗਖੜ, ਸਿਖਿਆ ਵਿਭਾਗ ਤੋਂ ਵਿਜੈ ਪਾਲ, ਸ੍ਰੀ ਸੰਦੀਪ ਅਨੇਜਾ, ਖਜਾਨ ਚੰਦ, ਐਨ.ਜੀ.ਓ ਤੋਂ ਸੰਜੀਵ ਮਾਰਸ਼ਲ, ਪ੍ਰਧਾਨ ਸਫਾਈ ਸੇਵਕ ਯੁਨੀਅਨ ਫਤਿਹ ਸਿੰਘ, ਜਗਦੀਪ ਅਰੋੜਾ ਤੋਂ ਇਲਾਵਾ ਆਤਮ ਵਲਭ ਪਬਲਿਕ ਸਕੂਲ, ਸਰਕਾਰੀ ਸਕੂਲ ਲੜਕੇ ਅਤੇ ਸਰਕਾਰੀ ਸਕੂਲ ਲੜਕੀਆਂ ਫਾਜ਼ਿਲਕਾ ਅਤੇ ਹੋਲੀ ਹਾਰਟ ਸਕੂਲ ਦੇ ਵਿਦਿਆਰਥੀ ਮੌਜੂਦ ਸਨ।