ਡੇਂਗੂ ਤੋਂ ਬਚਣ ਲਈ ਆਪਣੇ ਘਰ ਤੇ ਕੰਮ ਵਾਲੇ ਥਾਵਾਂ ’ਤੇ ਕਿਤੇ ਵੀ ਪਾਣੀ ਖੜਾ ਨਾ ਹੋਣ ਦੇਵੋ – ਸਿਵਲ ਸਰਜਨ

Sorry, this news is not available in your requested language. Please see here.

ਗੁਰਦਾਸਪੁਰ, 29 ਅਕਤੂਬਰ :- ਡੇਂਗੂ ਦੀ ਬਿਮਾਰੀ ਤੋਂ ਬਚਣ ਲਈ ਆਪਣੇ ਘਰਾਂ ਅਤੇ ਕੰਮ ਵਾਲੇ ਥਾਵਾਂ ’ਤੇ ਕੂਲਰਾਂ, ਗਮਲਿਆਂ, ਫਰਿਜਾਂ ਦੀਆਂ ਟ੍ਰੇਆਂ, ਛੱਤਾਂ ਤੇ ਪਏ ਕਬਾੜ ਦੇ ਸਮਾਨ, ਟਾਇਰਾਂ ਆਦਿ ਵਿੱਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ, ਕਿਉਂਕਿ ਇਹ ਖੜਾ ਪਾਣੀ ਹੀ ਡੇਂਗੂ ਦੇ ਮੱਛਰ ਪੈਦਾ ਹੋਣ ਦਾ ਕਾਰਨ ਬਣਦਾ ਹੈ।

ਡੇਂਗੂ ਤੇ ਚਿਕਨਗੁਨੀਆ ਦੀ ਬਿਮਾਰੀ ਤੋਂ ਬਚਣ ਦੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਗੁਰਦਾਸਪੁਰ ਡਾ. ਹਰਭਜਨ ਰਾਮ ਮਾਂਡੀ ਨੇ ਦੱਸਿਆ ਕਿ ਕੂਲਰਾਂ ਅਤੇ ਗਮਲਿਆਂ ਦੀਆਂ ਟ੍ਰੇਆਂ ਵਿੱਚ ਖੜੇ ਪਾਣੀ ਨੂੰ ਹਫ਼ਤੇ ਵਿੱਚ ਇੱਕ ਵਾਰ ਜ਼ਰੂਰ ਸਾਫ ਕਰੋ। ਛੱਤਾਂ ’ਤੇ ਰੱਖੀਆਂ ਪਾਣੀ ਦੀਆਂ ਟੈਂਕੀਆਂ ਦੇ ਢੱਕਣਾ ਨੂੰ ਚੰਗੀ ਤਰਾਂ ਬੰਦ ਕਰੋ। ਟੁੱਟੇ ਬਰਤਨਾਂ, ਡਰੰਮਾਂ, ਟਾਇਰਾਂ ਆਦਿ ਨੂੰ ਖੁੱਲੇ ਵਿੱਚ ਨਾ ਰੱਖੋ ਕਿਉਂਕਿ ਇਨ੍ਹਾਂ ਵਿੱਚ ਬਾਰਸ਼ ਦਾ ਪਾਣੀ ਜਮ੍ਹਾਂ ਹੋ ਕੇ ਡੇਂਗੂ ਦੇ ਮੱਛਰ ਪੈਦਾ ਕਰਨ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕੱਪੜੇ ਅਜਿਹੇ ਪਹਿਨੋ ਜਿਸ ਨਾਲ ਸਰੀਰ ਢੱਕਿਆ ਰਹੇ ਤਾਂ ਕਿ ਮੱਛਰ ਕੱਟ ਨਾ ਸਕਣ। ਸੌਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ।

ਸਿਵਲ ਸਰਜਨ ਨੇ ਦੱਸਿਆ ਕਿ ਡੇਂਗੂ ਤੇ ਚਿਕਨਗੁਨੀਆ ਏਡੀਜ਼ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦੇ ਹਨ ਅਤੇ ਇਹ ਮੱਛਰ ਸਾਫ਼ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ। ਉਨਾਂ ਕਿਹਾ ਕਿ ਤੇਜ਼ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ’ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਮਸੂੜਿਆਂ ਅਤੇ ਨੱਕ ਵਿਚੋਂ ਖੂਨ ਦਾ ਵਗਣਾ, ਡੇਂਗੂ ਦੇ ਲੱਛਣ ਹਨ। ਉਨਾਂ ਕਿਹਾ ਕਿ ਬੁਖਾਰ ਹੋਣ ’ਤੇ ਐਸਪਰੀਨ ਅਤੇ ਬਰੂਫਿਨ ਨਾ ਲਵੋ। ਬੁਖਾਰ ਹੋਣ ’ਤੇ ਸਿਰਫ ਪੈਰਾਸੀਟਾਮੋਲ ਹੀ ਲਵੋ। ਪਾਣੀ ਜਾਂ ਤਰਲ ਚੀਜਾਂ ਜਿਆਦਾ ਪੀਓ ਅਤੇ ਅਰਾਮ ਕਰੋ। ਉਨਾਂ ਕਿਹਾ ਕਿ ਡੇਂਗੂ ਅਤੇ ਚਿਨਗੁਨੀਆ ਇਲਾਜ ਯੋਗ ਹਨ ਅਤੇ ਇਨਾਂ ਬਿਮਾਰੀਆਂ ਦੇ ਟੈਸਟ ਅਤੇ ਇਲਾਜ ਦੀ ਸਹੂਲਤ ਜ਼ਿਲ੍ਹਾ ਹਸਪਤਾਲ ਗੁਰਦਾਸਪੁਰ, ਸਿਵਲ ਹਸਪਤਾਲ ਬਟਾਲਾ ਵਿੱਚ ਉਪਲੱਬਧ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਬੁਖਾਰ ਹੈ ਤਾਂ ਉਹ ਤੁਰੰਤ ਨੇੜੇ ਦੀ ਸਰਕਾਰੀ ਸਿਹਤ ਸੰਸਥਾ ਵਿੱਚ ਪਹੁੰਚ ਕਰਕੇ ਆਪਣਾ ਇਲਾਜ ਕਰਵਾਏ।

 

ਹੋਰ ਪੜ੍ਹੋ :- ਕ੍ਰਿਸ਼ੀ ਵਿਗਿਆਨ ਕੇਂਦਰ ਨੇ ਵਾਤਾਵਰਣ ਸੰਭਾਲ ਸਬੰਧੀ ਸਕੂਲੀ ਵਿਦਿਆਰਥੀਆਂ ਨੂੰ ਕੀਤਾ ਜਾਗਰੂਕ