ਵਿਸ਼ਵ ਪੰਜਾਬੀ ਕਾਨਫਰੰਸ ਦੇ ਦੂਜੇ ਦਿਨ ਵਿਸ਼ਵ ਅਮਨ ਦੀ ਸਲਾਮਤੀ ਲਈ ਸੂਫ਼ੀ ਸ਼ਾਇਰਾਂ ਨੂੰ ਮੁੜ ਪੜ੍ਹਨ ਦੀ ਗੱਲ ਤੁਰੀ

ਵਿਸ਼ਵ ਪੰਜਾਬੀ ਕਾਨਫਰੰਸ ਦੇ ਦੂਜੇ ਦਿਨ ਵਿਸ਼ਵ ਅਮਨ ਦੀ ਸਲਾਮਤੀ ਲਈ ਸੂਫ਼ੀ ਸ਼ਾਇਰਾਂ ਨੂੰ ਮੁੜ ਪੜ੍ਹਨ ਦੀ ਗੱਲ ਤੁਰੀ
ਵਿਸ਼ਵ ਪੰਜਾਬੀ ਕਾਨਫਰੰਸ ਦੇ ਦੂਜੇ ਦਿਨ ਵਿਸ਼ਵ ਅਮਨ ਦੀ ਸਲਾਮਤੀ ਲਈ ਸੂਫ਼ੀ ਸ਼ਾਇਰਾਂ ਨੂੰ ਮੁੜ ਪੜ੍ਹਨ ਦੀ ਗੱਲ ਤੁਰੀ

Sorry, this news is not available in your requested language. Please see here.

ਲਾਹੌਰ 16 ਮਾਰਚ 2022

ਲਾਹੌਰ ਵਿੱਚ ਪਾਕ ਹੈਰੀਟੇਜ ਹੋਟਲ ਅੰਦਰ ਹੋ ਰਹੀ 31ਵੀਂ  ਵਿਸ਼ਵ ਪੰਜਾਬੀ ਕਾਨਫਰੰਸ ਮੌਕੇ ਅੱਜ ਵਿਸ਼ਵ ਅਮਨ ਦੀ ਸਲਾਮਤੀ ਲਈ ਸੂਫ਼ੀ ਸ਼ਾਇਰਾਂ ਦੇ ਕਲਾਮ ਨੂੰ ਨਵੇਂ ਸਿਰਿਉਂ ਪੜ੍ਹਨ ਤੇ ਮੁੜ ਵਿਚਾਰਨ ਦੀ ਲੋੜ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਪਾਕਿਸਤਾਨ ਦੇ ਖੋਜੀ ਵਿਦਵਾਨ ਡਾਃ ਇਕਬਾਲ ਕੈਸਰ ਨੇ ਕਿਹਾ ਕਿ  ਸਾਨੂੰ ਦੋ ਪੰਜਾਬਾਂ ਦੀ ਗੱਲ ਕਰਨ ਦੀ ਥਾਂ ਸਪਤ ਸਿੰਧੂ ਵਾਲੇ  ਪੰਜਾਬ ਦੀ ਬਾਤ ਪਾਉਣੀ ਚਾਹੀਦੀ ਹੈ।

ਹੋਰ ਪੜ੍ਹੋ :-ਰਘਵੀਰ ਸਿੰਘ ਮਾਨ ਵੱਲੋਂ ਯੁਵਕ ਸੇਵਾਵਾਂ ਵਿਭਾਗ, ਬਰਨਾਲਾ ਦਾ ਵਾਧੂ ਚਾਰਜ ਸੰਭਾਲਿਆ ਗਿਆ

ਇਕਬਾਲ ਕੈਸਰ ਨੇ ਕਿਹਾ ਕਿ ਅਸੀਂ ਸਾਰਿਆਂ ਨੇ ਹੀ 1947 ਚ ਬਹੁਤ ਕੁਝ ਗੁਆਇਆ ਹੈ ਪਰ ਕਲਮ ਦੀ ਸਾਂਝ ਨੇ ਸਾਨੂੰ ਮੁੜ ਜੋੜਿਆ ਹੈ। ਇਹ ਗੱਲ ਅਸੀਂ ਕਦੇ ਨਾ ਵਿਸਾਰੀਏ ਕਿ ਕਲਾ ਨੇ ਹੀ ਪੂਰੇ ਆਲਮ ਨੂੰ ਜੋੜਨਾ ਹੈ।

ਨਾਮਵਰ ਪੰਜਾਬੀ ਲੇਖਕ ਅਲਿਆਸ ਘੁੰਮਣ ਨੇ ਕਿਹਾ ਕਿ ਵਾਰਿਸ ਸ਼ਾਹ ਭਾਵੇਂ ਅਫ਼ਗਾਨੀ ਸਨ ਪਰ ਜਿੰਨੀ ਸ਼ਿੱਦਤ ਨਾਲ ਉਨ੍ਹਾਂ ਪੰਜਾਬ ਨੂੰ ਆਪਣੇ ਸਾਹੀਂ ਰਮਾਇਆ ਪਰ ਉਹ ਕਮਾਲ ਅੰਦਾਜ਼ ਵਿੱਚ ਪੰਜਾਬ ਦੀ ਮਿੱਟੀ ਦਾ ਰੰਗ ਸੰਭਾਲਿਆ ਹੈ। ਵਾਰਿਸ ਨੇ ਰਾਂਝੇ ਦੀ ਬਾਤ ਪਾਈ ਪਰ ਜਾਣਿਆ ਉਹ ਹੀਰ ਦੇ ਨਾਮ ਨਾਲ ਗਿਆ। ਵਾਰਿਸ ਪੰਜਾਬੀ ਕੌਮ ਦਾ ਸੱਚਾ ਦਰਦੀ ਸੀ। ਹਰ ਧਾੜਵੀ ਦੇ ਖ਼ਿਲਾਫ਼ ਲਿਖ ਕੇ ਉਸ ਨੇ ਵਕਤ ਦਾ ਰੋਜ਼ਨਾਮਚਾ ਵੀ ਨਾਲੋ ਨਾਲ ਲਿਖਿਆ।

ਪੰਜਾਬੀ ਅਕਾਦਮੀ ਦਿੱਲੀ ਦੇ ਸਾਬਕਾ ਸਕੱਤਰ ਗੁਰਭੇਜ ਸਿੰਘ ਗੋਰਾਇਆ ਨੇ ਸਰਕਾਰੀ ਤੰਤਰ ਤੇ ਪੰਜਾਬੀ ਭਾਸ਼ਾ ਵਿਸ਼ੇ ਤੇ ਸੰਬੋਧਨ ਕਰਦਿਆਂ ਕਿਹਾ ਕਿ 1929 ਚ ਏਸੇ ਲਾਹੌਰ ਚ ਰਾਵੀ ਦਰਿਆ ਦੇ ਕੰਢੇ ਪੂਰਨ ਸਵਰਾਜ ਦਾ ਮਤਾ ਪਕਾਉਂਦਿਆਂ ਐਲਾਨ ਕੀਤਾ ਸੀ ਕਿ ਦੇਸ਼ ਦਾ ਵਿਕਾਸ ਖੇਤਰੀ ਭਾਸ਼ਾਵਾਂ ਚ ਕਰਾਂਗੇ ਪਰ ਹੋ ਉਲਟ ਰਿਹਾ ਹੈ। ਅੱਜ ਵੀ ਭਾਰ ਤੇ ਪਾਕਿਸਤਾਨ ਦੇ ਲੋਕ ਮਾਂ ਬੋਲੀ ਦੀ ਲੜਾਈ ਲੜ ਰਹੇ ਹਨ ਪਰ ਇਹ ਗੱਲ ਕਦੇ ਨਾ ਵਿਸਾਰਨਾ ਕਿ ਧਰਮਾਂ ਨਾਲ ਪੰਜਾਬੀ ਜ਼ਬਾਨ ਨੂੰ ਜੋੜਨ ਦਾ ਨਤੀਜਾ ਸੰਸਕ੍ਰਿਤ ਦੇ ਹਾਲ ਵਰਗਾ ਹੋਵੇਗਾ।

ਅੰਮ੍ਰਿਤਸਰ ਵੱਸਣ ਵਾਲੇ ਪੰਜਾਬੀ ਕਵੀ ਦੇਵ ਦਰਦ ਦੇ ਅਚਨਚੇਤ ਚਲਾਣੇਤੇ ਸਮੂਹ ਹਿੰਦ ਪਾਕਿ ਦੇ ਇਸ ਕਾਨਫਰੰਸ ਚ ਸ਼ਾਮਿਲ ਲਿਖਾਰੀਆਂ ਨੇ ਦੋ ਮਿੰਟ ਦਾ ਮੌਨ ਵਰਤ ਰੱਖ ਕੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।

ਉਰਦੂ ਨਾਵਲਕਾਰ ਅਬਦਾਲ ਬੇਲਾ ਨੇ ਕਿਹਾ ਕਿ ਬਾਹਰਲੇ ਧਾੜਵੀ ਸਾਡੇ ਤੇ ਸਦੀਆਂ ਲੰਮੀ ਹਕੂਮਤ ਕਿਉਂ ਕਰਦੇ ਰਹੇ, ਇਹ ਵਿਚਾਰਨ ਦਾ ਵਿਸ਼ਾ ਹੈ। ਮਾਰੂਥਲ ਦੇ ਬਿਰਖ਼ਾਂ ਨੂੰ ਪੱਤੇ ਘੱਟ ਤੇ ਕੰਡੇ ਵੱਧ ਹੋਣ ਦਾ ਕਾਰਨ ਹੀ ਇਹੀ ਹੈ ਕਿ ਉਹ ਥੁੜ  ਵਿੱਚ ਜੀਂਦੇ ਹਨ ਪਰ ਸੁਖਰਹਿਣੇ ਲੋਕ ਪੰਜਾਬੀਆਂ ਵਾਂਗ ਆਰਾਮਪ੍ਰਸਤ ਹੋ ਜਾਂਦੇ ਹਨ।ਇਹੀ ਕਾਰਨ ਹੈ ਕਿ ਪੰਜਾਬ ਨੂੰ ਸਭ ਤੇਂ ਲੰਮਾ ਸਮਾਂ ਗੁਲਾਮ ਰਹਿਣਾ ਪਿਆ। ਇਹ ਆਰਾਮ ਤਿਆਗ ਕੇ ਹੀ ਪੰਜਾਬੀ ਖ਼ੂਨ ਨੇ ਹਕੂਮਤ ਕਰਨ ਦਾ ਮਾਣ ਹਾਸਲ ਕੀਤਾ।

ਮੋਹਾਲੀ ਤੋਂ ਛਪਦੇ ਮੈਗਜ਼ੀਨ ਹੁਣ ਦੀ ਪ੍ਰਬੰਧਕੀ ਸੰਪਾਦਕ ਕਮਲ ਦੋਸਾਂਝ ਨੇ ਵਿਸ਼ਵ ਅਮਨ ਵਿੱਚ ਔਰਤਾਂ ਦੇ ਯੋਗਦਾਨ ਦੀ ਗੱਲ ਕਰਦਿਆਂ ਕਿਹਾ ਕਿ ਹਰ ਜੰਗ ਵਿੱਚ ਔਰਤ ਸਭ ਤੋਂ ਵੱਧ ਦਰਿੰਦਗੀ ਦਾ ਸ਼ਿਕਾਰ ਹੁੰਦੀ ਹੈ। ਦੂਸਰੇ ਵਿਸ਼ਵ ਜੰਗ ਵੇਲੇ ਔਰਤਾਂ ਨਾਲ ਹੋਏ ਦੁਰਾਚਾਰ ਕਾਰਨ ਜੰਗ ਮਗਰੋਂ ਜਰਮਨ ਚ ਚਾਰ ਲੱਖ ਅਜਿਹੇ ਬੱਚੇ ਪੈਦਾ ਹੋਏ ਜਿੰਨ੍ਹਾਂ ਦੇ ਬਾਪ ਦਾ ਕਿਸੇ ਨੂੰ ਨਹੀਂ ਸੀ ਪਤਾ। ਦੁਨੀਆਂ ਦੀ ਅੱਧੀ ਆਬਾਦੀ ਔਰਤ ਹਰ ਜੰਗ ਦਾ ਸ਼ਿਕਾਰ ਹੁੰਦੀ ਹੈ। ਵਿਸ਼ਵ ਅਮਨ ਦੀ ਸਲਾਮਤੀ ਦੇ ਨਾਲ ਨਾਲ ਸਾਨੂੰ ਔਰਤ ਦੇ ਸਨਮਾਨ ਦੀ ਜੰਗ ਵੀ ਲੜਨੀ ਚਾਹੀਦੀ ਹੈ।

ਡਾਃ ਸਵੈਰਾਜ ਸੰਧੂ ਨੇ ਦੇਸ਼ ਵੰਡ ਮਗਰੋਂ ਦੱਰਾ ਖ਼ੈਬਰ ਤੋਂ ਲੈ ਕੇ ਦਿੱਲੀ ਦੀਆਂ ਕੰਧਾਂ ਤੀਕ ਦੇ ਪੰਜਾਬ ਦੀ ਬੇਹੁਰਮਤੀ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਪੰਜਾਬੀ ਵੰਨਸੁਵੰਨੇ ਹੁਕਮਰਾਨਾਂ ਦੀ ਹਕੂਮਤ ਕਾਰਨ ਰੁੱਖੇ ਮਿੱਸੇ ਸਭਿਆਚਾਰ ਦਾ ਪ੍ਰਤੀਕ ਹਾਂ। ਸਪਤ ਸਿੰਧੂ ਤੋਂ ਪੰਜ ਆਬ ਬਣੇ ਪੰਜਾਬ ਵਿੱਚ ਮੁਹੱਬਤ ਦੀ ਸੋਹਬਤ ਦਾ ਹੀ ਅਸਰ ਹੈ ਕਿ ਅੱਜ ਅਸੀਂ ਵਿਸ਼ਵ ਅਮਨ ਦੀ ਸਲਾਮਤੀ ਲਈ ਜੋੜ-ਮੇਲੇ ਕਰ ਰਹੇ ਹਾਂ। ਧਾਰਮਿਕ ਵਖਰੇਵਿਆਂ ਦੇ ਬਾਵਜੂਦ ਸਾਡਾ ਸਭਨਾਂ ਦੇ ਸੁਪਨਿਆਂ ਦਾ ਰੰਗ ਇੱਕੋ ਜਹੇ ਹਨ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ ਦੀ ਪ੍ਰੋਫ਼ੈਸਰ ਡਾਃ ਭਾਰਤਬੀਰ ਕੌਰ ਨੇ ਅੰਤਰ ਧਰਮ ਸੰਵਾਦ ਬਾਰੇ ਚਰਚਾ ਕਰਦਿਆਂ ਕਿਹਾ ਕਿ ਜਨਮ ਸਾਖੀਆਂ ਵਿਚਲੇ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਅਤੇ ਭਾਈ ਬਾਲਾ ਅੰਤਰ ਮੱਤ ਸੰਵਾਦ ਦੇ ਪ੍ਰਤੀਕ ਵਾਂਗ ਜਾਨਣ ਦੀ ਲੋੜ ਹੈ। ਸੰਵਾਦ ਦੀ ਪਰਿਭਾ਼ਸ਼ਾ ਗੁਰੂ ਨਾਨਕ ਦੇਵ ਦੇਵ ਜੀ ਨੇ ਬੜੇ ਸਪਸ਼ਟ ਰੂਪ ਚ ਕਰਦਿਆਂ ਕਿਹਾ ਹੈ ਕਿ ਜੀਂਦੇ ਹੋਣ ਦਾ ਪ੍ਰਮਾਣ ਦੇਣ ਲਈ ਸੁਣਨਾ ਤੇ ਕਹਿਣਾ ਜ਼ਰੂਰੀ ਹੈ।

ਪੰਜਾਬੀ ਕਵੀ ਤੇ ਫੀਰੋਜ਼ਪੁਰ ਤੋਂ ਆਏ ਪ੍ਰੋਫ਼ੈਸਰ ਗੁਰਤੇਜ ਕੋਹਾਰਵਾਲਾ ਨੇ ਕਿਹਾ ਕਿ ਹਿੰਦ ਪਾਕਿ ਗ਼ਜ਼ਲ ਕਾਵਿ ਦਾ ਅਸਲ ਮੁਹਾਂਦਰਾ ਲੋਕ ਪੱਖੀ ਹੈ। ਪੀਰ ਫ਼ਜ਼ਲ ਗੁਜਰਾਤੀ, ਪ੍ਰਿੰਃ ਤਖ਼ਤ ਸਿੰਘ, ਤਨਵੀਰ ਬੁਖ਼ਾਰੀ, ਡਾਃ ਜਗਤਾਰ, ਜਫ਼ਰ ਇਕਬਾਲ, ਬਾਬਾ ਨਜਮੀ, ਸੁਰਜੀਤ ਪਾਤਰ , ਗੁਰਭਜਨ ਗਿੱਲ ਤੇ ਵਿਜੈ ਵਿਵੇਕ ਨੇ ਨਵੇਂ ਗ਼ਜ਼ਲ ਮੁਹਾਵਰੇ ਦਾ ਸਿਰਜਣ  ਕੀਤਾ। ਹੁਣ ਸੁਰਜੀਤ ਸਖੀ, ਕਮਲ ਇਕਾਰਸ਼ੀ, ਬੁਸ਼ਰਾ ਨਾਜ਼, ਤਾਹਿਰਾ ਸਰਾ, ਸੁਖਵਿੰਦਰ ਅੰਮ੍ਰਿਤ ਤੇ ਕਿੰਨੇ ਹੋਰ ਗ਼ਜ਼ਲਗੋ ਕਰਮਸ਼ੀਲ ਹਨ।

ਸਆਦਤ ਹਸਨ ਮੰਟੋ ਦੇ ਗਿਰਾਈਂ ਤੇ ਸਮਰਾਲਾ ਤੋਂ ਆਏ ਲੇਖਕ ਦਲਜੀਤ ਸ਼ਾਹੀ ਨੇ ਕਿਹਾ ਕਿ ਏਸ਼ੀਆ ਨੂੰ ਸੰਗਠਿਤ ਕਰਕੇ ਹੀ ਆਰਥਿਕ ਵਿਕਾਸ ਰਾਹੀਂ ਵਿਸ਼ਵ ਅਮਨ ਦੀ ਸਲਾਮਤੀ ਚਿਤਵੀ ਜਾ ਸਕਦੀ ਹੈ। ਸ਼ਾਇਦ ਏਸੇ ਡਰੋਂ 1947 ਚ ਗੋਰਿਆਂ ਨੇ ਸਾਡੇ ਭਾਰਤ ਪਾਕਿ ਰੂਪੀ ਦੋ ਟੋਟੇ ਕੀਤੇ। ਵੰਡ ਵੇਲੇ ਦਸ ਲੱਖ ਮੋਇਆਂ ਬੰਦਿਆਂ ਨੂੰ ਚੇਤੇ ਕਰਕੇ ਏਸ਼ੀਅਨ ਸ਼ਕਤੀ ਇਕੱਠੀ ਕਰਨ ਦਾ ਅਹਿਦਨਾਮਾ ਕਰਨਾ ਚਾਹੀਦਾ ਹੈ।ਚੰਡੀਗੜ੍ਹ ਤੋਂ ਆਏ ਪੰਜਾਬੀ ਪੱਤਰਕਾਰ ਜਗਤਾਰ ਭੁੱਲਰ ਨੇ ਕਿਹਾ ਕਿ ਅਸੀਂ ਟੁੱਟੀ ਮਾਲਾ ਦੇ ਖਿੱਲਰੇ ਮਣਕੇ ਪਰੋਣ ਆਏ ਹਾਂ। ਅਸੀਂ ਖ਼ੌਫ਼ ਦੀ ਖੇਤੀ ਕਰਨ ਦੀ ਥਾਂ ਮੁਹੱਬਤ ਦਾ ਸ਼ਰਬਤ ਘੋਲ਼ੀਏ।

ਫਰਾਂਸ ਤੋਂ ਆਈ ਅਦੀਬ ਅੰਜੂ ਬਾਲਾ ਨੇ ਕਿਹਾ ਕਿ ਮਾਂ ਬੋਲੀ ਪੰਜਾਬੀ ਨੂੰ ਮੈਂ ਯੋਰਪ ਵਿੱਚ 32 ਸਾਲ ਰਹਿ ਕੇ ਵੀ ਨਹੀਂ ਵਿਸਾਰਿਆ। ਇਹ ਮੇਰੀ ਸ਼ਕਤੀ ਹੈ, ਮੈਂ ਸ਼ਕਤੀ ਕਿਉਂ ਗੁਆਵਾਂ ਜੋ ਮੇਰੀ ਮਾਂ ਨੇ ਸਰਗੋਧਾ (ਪਾਕਿਸਤਾਨ)ਤੋਂ ਇਕੱਠੀ ਕਰਕੇ ਮੈਨੂੰ ਸੌਂਪੀ ਹੈ।
ਇੰਗਲੈਂਡ ਤੋਂ ਆਏ ਪੰਜਾਬੀ ਕਵੀ ਅਜ਼ੀਮ ਸ਼ੇਖ਼ਰ ਨੇ ਕਿਹਾ ਕਿ ਭਾਰਤ ਪਾਕਿਸਤਾਨ ਰਿਸ਼ਤਿਆਂ ਨੂੰ ਪਾਕੀਜ਼ਗੀ ਦੇਣ ਲਈ ਇਹ ਸੰਗਤ ਯਕੀਨਨ ਰੰਗ ਵਿਖਾਏਗੀ।ਇੰਗਲੈਂਡ ਤੋਂ ਆਏ ਪੰਜਾਬੀ ਕਵੀ ਦਰਸ਼ਨ ਬੁਲੰਦਵੀ ਨੇ ਪੰਜਾਬ ਦੇ ਹਵਾਲੇ ਨਾਲ ਪੰਜ ਆਬ ਦੇ ਸਿੰਜੇ ਬੋਹੜ ਦੇ ਪੱਤਿਆਂ ਦੀ ਦਰਦ ਵਾਰਤਾ ਸੁਣਾਈ।ਪ੍ਰਧਾਨਗੀ ਜਨਾਬ ਫ਼ਖ਼ਰ ਜ਼ਮਾਂ, ਡਾਃ ਦੀਪਕ ਮਨਮੋਹਨ ਸਿੰਘ, ਡਾਃ ਅਬਦਾਲ ਬੇਲਾ, ਸਹਿਜਪ੍ਰੀਤ ਸਿੰਘ ਮਾਂਗਟ ਤੇ ਆਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ।

ਵਿਸ਼ਵ ਪੰਜਾਬੀ ਕਾਂਗਰਸ ਦੀ ਭਾਰਤੀ ਇਕਾਈ ਦੇ ਤਾਲਮੇਲ ਪ੍ਰਬੰਧਕ ਸਹਿਜਪ੍ਰੀਤ ਸਿੰਘ ਮਾਂਗਟ  ਨੇ ਦੱਸਿਆ ਕਿ ਕੱਲ੍ਹ ਸਵੇਰੇ 11ਵਜੇ ਗੁਰਭਜਨ ਗਿੱਲ ਦੇ ਗ਼ਜ਼ਲ ਸੰਗ੍ਰਹਿ  ਸੁਰਤਾਲ ਦਾ ਸ਼ਾਹਮੁਖੀ ਐਡੀਸ਼ਨ  ਦਾ ਰਿਲੀਜ਼ ਸਮਾਗਮ ਹੋਵੇਗਾ। ਇਸ ਦਾ ਇਹ ਰੂਪ ਆਸਿਫ਼  ਰਜ਼ਾ ਨੇ ਤਿਆਰ ਕੀਤਾ ਹੈ।

ਮੁਸ਼ਾਇਰੇ ਵਿੱਚ ਬਾਬਾ ਨਜਮੀ, ਅਫ਼ਜਲ ਸਾਹਿਰ, ਸਫੀਆ ਹਯਾਤ, ਸਾਨੀਆ ਸ਼ੇਖ਼, ਗੁਰਭਜਨ ਗਿੱਲ, ਸੁਸ਼ੀਲ ਦੋਸਾਂਝ, ਅਮਨ ਫੱਲੜ੍ਹ, ਰਤਨ ਸਿੰਘ ਢਿੱਲੋਂ, ਦਰਸ਼ਨ ਬੁੱਟਰ, ਸਹਿਜਪ੍ਰੀਤ ਸਿੰਘ ਮਾਂਗਟ, ਅਰਸ਼ਦ ਮਨਜ਼ੂਰ, ਹਰਵਿੰਦਰ ਚੰਡੀਗੜ੍ਹ, ਦਰਸ਼ਨ ਬੁਲੰਦਵੀ, ਸਤੀਸ਼ ਗੁਲਾਟੀ, ਅਜ਼ੀਮ ਸ਼ੇਖ਼ਰ, ਗੁਰਤੇਜ ਕੋਹਾਰਵਾਲਾ, ਜਗਦੀਪ ਸਿੱਧੂ, ਜੈਨਿੰਦਰ ਚੌਹਾਨ, ਤਰਸਪਾਲ ਕੌਰ,ਅਨਮੋਲ ਗੌਹਰ,ਬਲਦੇਵ ਬਾਵਾ, ਸੁਲਤਾਨਾ ਬੇਗਮ, ਸਾਊਦ ਡੋਗਰ,ਸਰਫਰਾਜ਼ ਸਫੀ, ਕੁਲਬੀਰ ਗੋਜਰਾ ਤੇ ਕੁਝ ਹੋਰ ਕਵੀਆਂ ਨੇ ਹਿੱਸਾ ਲਿਆ।