ਸਿਹਤ ਅਧਿਕਾਰੀਆਂ ਵੱਲੋਂ ਦੁਕਾਨਦਾਰਾਂ ਨੂੰ ਮਿਲਾਵਟ ਰਹਿਤ ਸ਼ੁੱਧ ਮਠਿਆਈਆਂ ਵੇਚਣ ਦੀ ਅਪੀਲ

Sorry, this news is not available in your requested language. Please see here.

*ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿਤਾ ਜਾਵੇਗਾ : ਸਿਵਲ ਸਰਜਨ*
*ਮਿਲਾਵਟੀ ਵਸਤਾਂ ਵੇਚਣ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ*
ਐਸ.ਏ.ਐਸ ਨਗਰ  , 9 ਅਕਤੂਬਰ: 
ਆਗਾਮੀ ਤਿਉਹਾਰਾਂ ਦੇ ਸਨਮੁਖ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਅਤੇ ਜ਼ਿਲ੍ਹਾ ਸਿਹਤ ਅਫ਼ਸਰ (ਡੀ.ਐਚ.ਓ) ਡਾ.ਸੁਭਾਸ਼ ਕੁਮਾਰ ਨੇ ਖਾਣ-ਪੀਣ ਦੀਆਂ ਵਸਤਾਂ ਬਣਾਉਣ ਅਤੇ ਵੇਚਣ ਵਾਲੇ ਦੁਕਾਨਦਾਰਾਂ, ਹਲਵਾਈਆਂ, ਕਰਿਆਨਾ ਦੁਕਾਨਦਾਰਾਂ, ਸਬਜ਼ੀ/ਫੱਲ ਵਿਕਰੇਤਾਵਾਂ, ਦੋਧੀਆਂ ਅਤੇ ਹੋਰ ਫ਼ੂਡ ਬਿਜ਼ਨਸ ਆਪਰੇਟਰਜ਼ (ਐਫ਼.ਬੀ.ਓ.) ਨੂੰ ਹਦਾਇਤ ਕੀਤੀ ਹੈ ਕਿ ਉਹ ਸ਼ੁੱਧ, ਮਿਆਰੀ ਤੇ ਸਾਫ਼-ਸੁਥਰੀਆਂ ਚੀਜ਼ਾਂ ਵੇਚਣ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਦਾ ਫ਼ੂਡ ਸੇਫ਼ਟੀ ਵਿੰਗ ਜ਼ਿਲ੍ਹੇ ਦੇ ਸਾਰੇ ਖੇਤਰਾਂ ਵਿਚਲੀਆਂ ਦੁਕਾਨਾਂ ਤੇ ਹੋਰ ਥਾਵਾਂ ’ਤੇ ਲਗਾਤਾਰ ਜਾਂਚ ਕਰਦਾ ਰਹਿੰਦਾ ਹੈ ਤਾਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਜੇ ਕੋਈ ਦੁਕਾਨਦਾਰ ਖ਼ਾਲਸ ਤੇ ਮਿਆਰੀ ਚੀਜ਼ਾਂ ਵੇਚਦਾ ਹੈ ਤਾਂ ਉਸ ਨੂੰ ਚੈਕਿੰਗ ਤੋਂ ਡਰਨ ਦੀ ਲੋੜ ਨਹੀਂ। ਜਾਂਚ ਦਾ ਮੰਤਵ ਕਿਸੇ ਦੁਕਾਨਦਾਰ ਨੂੰ ਤੰਗ ਕਰਨਾ ਨਹੀਂ ਸਗੋਂ ਚੀਜ਼ਾਂ ਦੇ ਮਿਆਰ ਨੂੰ ਯਕੀਨੀ ਕਰਨਾ ਹੈੇ। ਉਨ੍ਹਾਂ ਦਸਿਆ ਕਿ ਪਿਛਲੇ ਦਿਨੀਂ ਡਿਪਟੀ ਕਮਿਸ਼ਨਰ ਮੋਹਾਲੀ ਸ੍ਰੀ  ਅਮਿਤ ਤਲਵਾੜ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਵੀ ਇਹ ਹਦਾਇਤਾਂ ਦਿਤੀਆਂ ਗਈਆਂ ਸਨl ਇਸੇ ਦੌਰਾਨ  ਫ਼ੂਡ ਸੇਫਟੀ ਟੀਮ ਨੇ ਅੱਜ ਕੁਰਾਲੀ ਅਤੇ ਨਿਊ ਚੰਡੀਗੜ੍ਹ ਵਿਖੇ ਮਠਿਆਈ ਦੀਆਂ ਦੁਕਾਨਾਂ ਵਿਚ ਚੈੱਕਿੰਗ ਕਰਕੇ ਵੱਖ ਵੱਖ ਚੀਜ਼ਾਂ ਦੇ ਸੈਂਪਲ ਲਏ l
      ਸਿਵਲ ਸਰਜਨ ਨੇ ਕਿਹਾ ਕਿ “ਫ਼ੂਡ ਸੇਫ਼ਟੀ ਸਟੈਂਡਰਡਜ਼ ਐਂਡ ਰੈਗੂਲੇਸ਼ਨ ਐਕਟ”ਤਹਿਤ ਹਰ ਦੁਕਾਨਦਾਰ, ਦੋਧੀ ਜਾਂ ਹੋਰ ਸਬੰਧਤ ਵਿਅਕਤੀ ਲਈ ਸ਼ੁੱਧ, ਮਿਲਾਵਟ-ਰਹਿਤ ਤੇ ਪੌਸ਼ਟਿਕ ਚੀਜ਼ਾਂ ਵੇਚਣਾ ਜ਼ਰੂਰੀ ਹੈ। ਜੇ ਕੋਈ ਵੀ ਦੁਕਾਨਦਾਰ ਇਸ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੁਕਾਨਦਾਰ ਸ਼ੁੱਧ ਅਤੇ ਮਿਲਾਵਟ ਰਹਿਤ ਮਠਿਆਈਆਂ ਵੇਚਣਾ ਯਕੀਨੀ ਬਣਾਉਣ। ਅਜਿਹਾ ਨਾ ਕਰਨ ਦੀ ਹਾਲਤ ਵਿਚ ਉਨ੍ਹਾਂ ਦਾ ਵਿਕਰੀ ਲਾਇਸੰਸ ਰੱਦ ਕੀਤਾ ਜਾਵੇਗਾ ਅਤੇ ਨਾਲ ਹੀ ਕਾਨੂੰਨ ਵਿਚ ਜੁਰਮਾਨੇ ਅਤੇ ਸਜ਼ਾ ਦਾ ਵੀ ਪ੍ਰਬੰਧ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖ਼ੁਦ ਵੀ ਜਾਗਰੂਕ ਹੋਣ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ ਖ਼ਰੀਦ ਸਮੇਂ ਮਿਆਰ ਅਤੇ ਸ਼ੁੱਧਤਾ ਨਾਲ ਕਿਸੇ ਕਿਸਮ ਦਾ ਸਮਝੌਤਾ ਨਾ ਕਰਨ।
ਸਿਹਤ ਅਧਿਕਾਰੀਆਂ ਨੇ ਦੁਹਰਾਇਆ ਕਿ ਫ਼ੂਡ ਸੇਫ਼ਟੀ ਕਾਨੂੰਨ ਤਹਿਤ ਮਠਿਆਈ ਵੇਚਣਵਾਲੇ ਦੁਕਾਨਦਾਰਾਂ ਨੂੰ ਦਰਸਾਉਣਾ ਪਵੇਗਾ ਕਿ ਦੁਕਾਨ ਵਿਚ ਟਰੇਅ ਜਾਂ ਕਾਊਂਟਰ ਵਿਚ ਵਿਕਰੀ ਲਈ ਪਈਆਂ ਖੁਲੀਆਂ ਮਠਿਆਈਆਂ ਕਿਹੜੀ ਤਰੀਕ ਤਕ ਖਾਣ ਯੋਗ ਹਨ। ਹਰ ਦੁਕਾਨਦਾਰ ਨੂੰ ਟਰੇਅ ਉਤੇ ‘ਇਸ ਤਰੀਕ ਤੋਂ ਪਹਿਲਾਂ ਖਾਣਯੋਗ’ ਵਾਲੀ ਪਰਚੀ ਲਗਾਉਣੀ ਪਵੇਗੀ ਤੇ ਜਿਹੜੇ ਦੁਕਾਨਦਾਰ ਅਜਿਹਾ ਨਹੀਂ ਕਰਨਗੇ, ਉਨ੍ਹਾਂ ਵਿਰੁਧ ਕਾਨੂੰਨੀ ਕਾਰਵਾਈ ਕਰਦਿਆਂ ਚਲਾਨ ਕੱਟੇ ਜਾਣਗੇ। ਇਹ ਨਿਯਮ ਦੇਸ਼ ਭਰ ’ਚ 1 ਅਕਤੂਬਰ, 2020 ਤੋਂ ਲਾਗੂ ਹੈ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ ਦੁਕਾਨਦਾਰਾਂ ਨੇ ਟਰੇਆਂ ਵਿੱਚ ਖੁੱਲ੍ਹੀਆਂ ਮਠਿਆਈਆਂ ਰੱਖੀਆਂ ਹੁੰਦੀਆਂ ਹਨ ਅਤੇ ਗਾਹਕਾਂ ਨੂੰ ਪਤਾ ਨਹੀਂ ਲਗਦਾ ਕਿ ਮਠਿਆਈਆਂ ਕਦੋਂ ਬਣੀਆਂ ਹਨ ਅਤੇ ਕਦੋਂ ਤਕ ਖਾਣਯੋਗ ਹਨ। ਇਸ ਲਈ ਇਹ ਲਾਜ਼ਮੀ ਕੀਤਾ ਗਿਆ ਹੈ ਕਿ ਦੁਕਾਨਦਾਰਾਂ ਨੂੰ ਮਠਿਆਈ ਵਾਲੀ ਹਰ ਟਰੇਅ ਅੱਗੇ ਪਰਚੀ ਲਗਾ ਕੇ ਦਰਸਾਉਣਾ ਪਵੇਗਾ ਕਿ ਇਹ ਮਠਿਆਈ ਫਲਾਣੀ ਤਰੀਕ ਤਕ ਖਾਧੀ ਜਾ ਸਕਦੀ ਹੈ।