*ਫੇਸਬੁੱਕ ਲਾਈਵ ਦੌਰਾਨ ਜ਼ਿਲ੍ਹਾ ਵਾਸੀਆਂ ਦੇ ਰੂ-ਬ-ਰੂ ਹੋਏ ਡਾਕਟਰ ਕੰਵਲਜੀਤ ਬਾਜਵਾ
*ਜ਼ਿਲ੍ਹਾ ਵਾਸੀਆਂ ਨੂੰ ਕਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ
ਬਰਨਾਲਾ, 3 ਦਸੰਬਰ
ਜ਼ਿਲ੍ਹਾ ਬਰਨਾਲਾ ਵਿਚ ਕਰੋਨਾ ਮਹਾਮਾਰੀ ਦੌਰਾਨ ਸਿਹਤ ਵਿਭਾਗ ਵੱਲੋਂ ਕੋਵਿਡ ਵਿਰੁੱਧ ਉਪਰਾਲਿਆਂ ਦੇ ਨਾਲ ਨਾਲ ਆਮ ਸੇਵਾਵਾਂ ਲਗਾਤਾਰ ਦਿੱਤੀਆਂ ਗਈਆਂ ਹਨ। ਲਾਕਡਾਊਨ/ਕਰਫਿਊ ਦੌਰਾਨ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿਚ 2981 ਜਣੇਪੇ ਹੋਏ ਹਨ। ਇਸ ਤੋਂ ਇਲਾਵਾ ਹੋਰ ਸਿਹਤ ਸੇਵਾਵਾਂ ਵੀ ਦਿੱਤੀਆਂ ਗਈਆਂ ਹਨ।
ਇਹ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਵਿਖੇ ਤਾਇਨਾਤ ਐਮਡੀ (ਐਮਡੀ ਮੈਡੀਸਨ) ਡਾ. ਕੰਵਲਜੀਤ ਬਾਜਵਾ ਨੇ ਹਫਤਾਵਰੀ ਫੇਸਬੁਕ ਲਾਈਵ ਸੈਸ਼ਨ ਦੌਰਾਨ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਲੈਵਲ 2 ਫੈਸਿਲਟੀ ਸੋਹਲ ਪੱਤੀ ਹੈ। ਸੋਹਲ ਪੱਤੀ ਆਈਸੋਲੇਸ਼ਨ ਸੈਂਟਰ ਤੋਂ ਲਗਭਗ 500 ਕਰੋਨਾ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕਰੋਨਾ ਪੀੜਤ ਮਰੀਜ਼ ਜਾਂ ਠੀਕ ਹੋ ਚੁੱਕੇ ਮਰੀਜ਼ਾਂ ਨੂੰ ਪੌਸ਼ਟਿਕ ਖੁਰਾਕ ਦਾ ਖਾਸ ਖਿਆਲ ਰੱੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੁਰਾਕ ਵਿਚ ਪੂਰੀ ਮਾਤਰਾ ਵਿਚ ਪ੍ਰੋਟੀਨ ਲੈਣਾ ਚਾਹੀਦਾ ਹੈ। ਜਿਹੜੇ ਵਿਅਕਤੀ ਗੁਰਦਿਆਂ ਦੀ ਕਿਸੇ ਸਮੱਸਿਆ ਤੋਂ ਪੀੜਤ ਹਨ, ਉਨ੍ਹਾਂ ਨੂੰ ਡਾਕਟਰ ਦੀ ਸਲਾਹ ਨਾਲ ਹੀ ਖੁਰਾਕ ਲੈਣੀ ਚਾਹੀਦੀ ਹੈ।
ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਖਾਂਸੀ, ਬੁਖਾਰ, ਜੁਕਾਮ, ਸਾਹ ਲੈਣ ਵਿਚ ਤਕਲੀਫ ਆਉਣ ਜਾਂ ਸੁੰਘਣ ਸ਼ਕਤੀ ਘਟਣ ਜਾਂ ਖਤਮ ਹੋਣ ’ਤੇ ਤੁਰੰਤ ਸਿਹਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ, ਕਿਉਂਕਿ ਇਹ ਕਰੋਨਾ ਵਾਇਰਸ ਦੇ ਲੱਛਣ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਦੱਸੇ ਜਾਂਦੇ ਇਹਤਿਆਤ ਜਿਵੇਂ ਕਿ ਮਾਸਕ ਪਾਉਣਾ, ਹੱਥਾਂ ਦੀ ਸਫਾਈ ਰੱਖਣਾ ਅਤੇ ਸਮਾਜਿਕ ਦੂਰੀ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਅਸੀਂ ਆਪਣੇ ਆਪ ਅਤੇ ਪਰਿਵਾਰ ਨੂੰ ਕਰੋਨਾ ਵਾਇਰਸ ਤੋਂ ਬਚਾਅ ਸਕੀਏ।

English




