ਅਗਾਂਵਧੂ ਕਿਸਾਨ ਨੇ ਆਸਪਾਸ ਦੇ ਇਲਾਕਿਆਂ ਵਿੱਚ ਲੱਗਭੱਗ 400 ਕਿੱਲਿਆਂ ਵਿੱਚ ਬੇਲਰ ਨਾਲ ਪਰਾਲੀ ਨੂੰ ਸਾਂਭਿਆਂ
ਤਰਨ ਤਾਰਨ, 04 ਅਕਤੂਬਰ :
ਅਗਾਂਵਧੂ ਕਿਸਾਨ ਸ. ਬੋਹੜ ਸਿੰਘ ਪੁੱਤਰ ਬਲਵੰਤ ਸਿੰਘ, ਪਿੰਡ ਬਲੇਰ, ਬਲਾਕ ਭਿੱਖੀਵਿੰਡ, ਜਿਲ੍ਹਾ ਤਰਨ ਤਾਰਨ ਨੇ ਝੋਨੇ ਦੀ ਪਰਾਲੀ ਸਾਂਭਣ ਲਈ ਇਨ-ਸੀਟੂ ਸਕੀਮ ਅਧੀਨ ਬੇਲਰ ਸਬਸਿਡੀ ਉੱਤੇ ਲਿਆ ਹੈ। ਬੇਲਰ ਦੀ ਮਦਦ ਨਾਲ ਪਰਾਲੀ ਦੀਆਂ ਗੰਢਾਂ ਬਣਾ ਕੇ ਅਤੇ ਨੇੜੇ ਦੀ ਮਿੱਲ ਨਾਲ ਸੰਪਰਕ ਕਰਕੇ ਸਾਰੀਆਂ ਗੰਢਾਂ ਮਿੱਲ ਵਿੱਚ ਵੇਚੀਆਂ ਗਈਆਂ। ਕਿਰਾਏ ਉਤੇ ਇਲਾਕੇ ਦੇ ਕਈ ਕਿਸਾਨਾਂ ਦੇ ਖੇਤਾਂ ਵਿੱਚ ਬੇਲਰ ਦੀ ਮੱਦਦ ਨਾਲ ਬੇਲਾਂ ਬਣਾ ਕੇ ਪਰਾਲੀ ਨੂੰ ਸੁਚੱਜੇ ਢੰਗ ਨਾਲ ਸਾਂਭਿਆ ਹੈ ਅਤੇ ਨਾਲ ਦੀ ਨਾਲ ਆਪਣੀ ਆਮਦਨ ਵਿੱਚ ਵੀ ਵਾਧਾ ਕੀਤਾ ਹੈ।
ਇਸ ਅਗਾਂਵਧੂ ਕਿਸਾਨ ਨੇ ਆਸਪਾਸ ਦੇ ਇਲਾਕਿਆਂ ਵਿੱਚ ਲੱਗਭਗ 400 ਕਿੱਲਿਆਂ ਵਿੱਚ ਇਹਨਾਂ ਵੱਲੋਂ ਬੇਲਰ ਨਾਲ ਪਰਾਲੀ ਨੂੰ ਸਾਂਭਿਆਂ ਗਿਆ ਹੈ। ਇੱਕ ਕਿੱਲੇ ਵਿੱਚੋਂ ਲਗਭਗ 27-28 ਕੁਇੰਟਲ ਪਰਾਲੀ ਨਿਕਲਦੀ ਹੈ ਅਤੇ ਮਿੱਲ ਲਗਭਗ 145 ਰੁਪੈ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਪਰਾਲੀ ਦੀ ਖਰੀਦ ਕਰਦੀ ਹੈ। ਬੇਲਰ ਦੀ ਮਦਦ ਨਾਲ ਅਤੇ ਆਪਣੀ ਸੁਝ-ਬੁਝ ਨਾਲ ਬੋਹੜ ਸਿੰਘ ਨੇ ਚੰਗੀ ਆਮਦਨ ਦਾ ਸਰੋਤ ਬਣਾਇਆ ਹੈ ਅਤੇ ਨਾਲ ਦੀ ਨਾਲ ਵਾਤਾਵਰਣ ਪ੍ਰੇਮੀ ਹੋਣ ਦਾ ਸਬੂਤ ਦਿੱਤਾ ਹੈ।
ਪਿਛਲੇ ਲੰਬੇ ਸਮੇਂ ਤੋਂ ਸ. ਬੋਹੜ ਸਿੰਘ ਖੇਤੀਬਾੜੀ ਮਹਿਕਮੇ ਅਤੇ ਆਤਮਾ ਸਕੀਮ ਨਾਲ ਜੁੜੇ ਹੋਏ ਹਨ ਅਤੇ ਪਰਾਲੀ ਅਤੇ ਨਾੜ ਨੂੰ ਬਿਨ੍ਹਾਂ ਅੱਗ ਲਗਾਏ ਹੀ ਵੱਖ-ਵੱਖ ਤਰੀਕਿਆਂ ਨਾਲ ਜਮੀਨ ਵਿੱਚ ਹੀ ਰਲਾਉਦੇ ਹਨ। ਉਹਨਾਂ ਕਿਹਾ ਕਿ ਇਹਦੇ ਨਾਲ ਜ਼ਮੀਨ ਦੀ ਉਪਜਾਉ ਸ਼ਕਤੀ ਵੱਧਦੀ ਹੈ ਅਤੇ ਮਿੱਤਰ ਕੀੜੇ ਵੀ ਜਿਆਦਾ ਪੈਦਾਵਾਰ ਲਈ ਸਹਾਈ ਹੁੰਦੇ ਹਨ। ਪਹਿਲਾਂ ਵੀ ਇਹਨਾ ਨੇ ਝੋਨੇ ਦੀ ਸਿੱਧੀ ਬਿਜਾਈ ਕੀਤੀ ਅਤੇ ਬਹੁਤ ਘੱਟ ਪਾਣੀ ਦੀ ਵਰਤੋਂ ਕਰਕੇ ਚੰਗਾ ਝਾੜ ਲਿਆ।
ਇਹਨਾਂ ਨੂੰ ਦੇਖ ਕੇ ਇਲਾਕੇ ਦੇ ਕਿਸਾਨ ਵੀ ਸੇਧ ਲੈ ਰਹੇ ਹਨ ਕਿ ਕਿਵੇਂ ਕਿਸਾਨ ਝੋਨੇ ਦੀ ਪਰਾਲੀ ਤੋਂ ਵੀ ਆਮਦਨ ਕਮਾ ਸਕਦੇ ਹਨ ਅਤੇ ਨਾਲ ਦੀ ਨਾਲ ਵਾਤਾਵਰਣ ਨੂੰ ਪਰਾਲੀ ਦੇ ਪ੍ਰਦੂਸ਼ਣ ਤੋਂ ਬਚਾ ਸਕਦੇ ਹਨ।

English





