ਖੇਤੀਬਾੜੀ ਵਿਭਾਗ ਦੀ ਸਿਫਾਰਿਸ਼ ਅਨੁਸਾਰ ਹੀ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨ ਕਿਸਾਨ
ਗੈਰ ਮਿਆਰੀ ਕੀਟਨਾਸ਼ਕਾਂ ਦੀ ਵਿਕਰੀ ‘ਤੇ ਇੰਨਸੈਕਟੀਸਾਈਡ ਐਕਟ ਅਨੁਸਾਰ ਹੋਵੇਗੀ ਕਾਰਵਾਈ
ਐਸ.ਏ.ਐਸ. ਨਗਰ, 09 ਜੁਲਾਈ 2021
ਮੁੱਖ ਖੇਤੀਬਾੜੀ ਅਫਸਰ, ਡਾ. ਰਾਜੇਸ਼ ਕੁਮਾਰ ਰਹੇਜਾ ਨੇ ਦੱਸਿਆ ਕਿ ਪਿਛਲੇ ਦਿਨੀਂ ਕੀੜੇ ਮਾਰ ਦਵਾਈ ਦੀ ਵੱਡੀ ਖੇਪ ਨਾਕਾ ਲਗਾ ਕੇ ਫੜੀ ਗਈ ਸੀ, ਜਿਸ ਦੀ ਐਫ.ਆਈ.ਆਰ. ਸਿਟੀ ਥਾਣਾ ਖਰੜ ਵਿੱਚ ਦਰਜ ਕਰਵਾਈ ਗਈ ਹੈ ਅਤੇ ਇਸ ਗ੍ਰੋਹ ਦੇ ਮੈਂਬਰਾਂ ਦਾ ਪਰਦਾਫਾਸ਼ ਕਰਨ ਲਈ ਪੰਜਾਬ ਪੁਲਿਸ ਕਾਰਵਾਈ ਕਰ ਰਹੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੀੜੇਮਾਰ ਦਵਾਈਆਂ ਆਦਿ ਸਿਰਫ ਲਾਇਸੈਂਸ ਸ਼ੁਦਾ ਡੀਲਰਾਂ ਤੋਂ ਹੀ ਖ਼ਰੀਦੀਆਂ ਜਾਣ ਤੇ ਕਿਸੇ ਵੀ ਹਾਲ ਵਿੱਚ ਆਨਲਾਇਨ ਖ੍ਰੀਦ ਸਸਤੀ ਦਵਾਈ ਦੇਖ ਕਿ ਨਾ ਕੀਤੀ ਜਾਵੇ।
ਪਿਛਲੇ ਦਿਨੀਂ ਵੱਡੀ ਖੇਪ ਵਿੱਚ ਫੜੀ ਦਵਾਈ ਦੇ ਲੈਬ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਸੀ ਕਿ ਉਨ੍ਹਾਂ ਵਿੱਚ ਜ਼ਹਿਰਾਂ ਮਾਤਰਾ ਜ਼ੀਰੋ ਫ਼ੀਸਦ ਸੀ। ਇਸ ਤਰ੍ਹਾਂ ਕਿਸਾਨਾਂ ਦੀ ਆਨਲਾਇਨ ਵਿਕਰੀ ਨਾਲ ਲੁੱਟ ਖਸੁੱਟ ਹੁੰਦੀ ਹੈ। ਇਸ ਲਈ ਕੀੜੇਮਾਰ ਜ਼ਹਿਰਾਂ ਜਾਂ ਖਾਦ, ਬੀਜ ਆਦਿ ਦੀ ਖ੍ਰੀਦ ਸਿਰਫ ਲਾਇਸੈਂਸ ਸ਼ੁਦਾ ਡੀਲਰਾਂ ਤੋਂ ਬਿਲ ਸਮੇਤ ਕੀਤੀ ਜਾਵੇ।
ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਬਾਸਮਤੀ ਦੀ ਵਧੀਆ ਕੁਆਲਟੀ ਪੈਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਬਾਸਮਤੀ ਦੀ ਫਸਲ ‘ਤੇ ਕਿਸਾਨ ਖੇਤੀਬਾੜੀ ਵਿਭਾਗ ਦੀ ਸਿਫਾਰਿਸ਼ ਅਨੁਸਾਰ ਹੀ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨ ਤਾਂ ਜੋ ਬਾਸਮਤੀ ਦੀ ਗੁਣਵਤਾ ਵਧੀਆ ਹੋ ਸਕੇ ਅਤੇ ਬਾਸਮਤੀ ਬਾਹਰਲੇ ਦੇਸ਼ਾਂ ਨੂੰ ਭੇਜਣ ਸਮੇਂ ਦਿੱਕਤ ਪੇਸ਼ ਨਾ ਆਵੇ।
ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਐਕਸਪੋਰਟ ਕੁਆਲਟੀ ਬਾਸਮਤੀ ਵਿੱਚ ਕੀਟਨਾਸ਼ ਰੈਜੀਡਿਊਲ ਮਾਤਰਾ ਨੂੰ ਕਾਬੂ ਵਿੱਚ ਰੱਖਣ ਦੇ ਮੱਦੇਨਜ਼ਰ ਕਿਸਾਨ ਬਾਸਮਤੀ ਦੀ ਫਸਲ ‘ਤੇ ਐਸੀਫੇਟ, ਟਰਾਇਜੋਫਾਸ, ਥਾਇਆਮੀਥੋਕਸਮ 25 ਡਬਲਯੂ. ਜੀ., ਕਾਰਬੈਂਡਾਜਿਮ 50 ਡਬਲਯੂ.ਪੀ. , ਟਰਾਈਸਾਈਕਲਾਜੋਲ 70 ਡਬਲਯੂ. ਪੀ , ਬੁਪਰੋਫੈਜਿਨ, ਕਾਰਬੋਫਿਊਰੋਨ, ਪ੍ਰੋਪੀਕੋਨਾਜੋਲ, ਥਾਇਓਫਨੇਟ ਮੀਥਾਇਲ ਦੀ ਵਰਤੋਂ ਨਾ ਕਰਨ।
ਉਨ੍ਹਾਂ ਨੇ ਕਿਸਾਨਾਂ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫਾਰਸ਼ ਸ਼ੁਦਾ ਕੀੜੇਮਾਰ ਦਵਾਈਆਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਉਨ੍ਹਾਂ ਵੱਲੋਂ ਜ਼ਿਲ੍ਹਾ ਦੇ ਸਮੂਹ ਕੀਟਨਾਸ਼ਕ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਕਿ ਉਹ ਸਿਰਫ ਸਿਫਾਰਸ਼ ਸ਼ੁਦਾ ਕੀਟਨਾਸਕਾਂ ਦੀ ਵਿਕਰੀ ਕਿਸਾਨਾਂ ਨੂੰ ਬਾਸਮਤੀ ਦੀ ਫਸਲ ਵਾਸਤੇ ਕਰਨ। ਇਸ ਸਬੰਧੀ ਜਿਲ੍ਹੇ ਦੇ ਸਮੂਹ ਖੇਤੀਬਾੜੀ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਮੇਂ ਸਮੇਂ ਤੇ ਕੀਟਨਾਸਕਾਂ ਵਿਕਰੇਤਾਵਾਂ ਦੀ ਚੈਕਿੰਗ ਕਰਦੇ ਰਹਿਣ ਕਿ ਉਹ ਕਿਸਾਨਾਂ ਨੂੰ ਸਿਰਫ ਸਿਫਾਰਸ਼ ਸ਼ੁਦਾ ਕੀਟਨਾਸਕਾਂ ਦੀ ਵਿਕਰੀ ਹੀ ਕਰਨ।
ਜੇਕਰ ਕਿਸੇ ਵੀ ਕੀਟਨਾਸ਼ਕ ਵਿਕਰੇਤਾਵਾਂ ਵੱਲੋਂ ਗੈਰ ਮਿਆਰੀ ਕੀਟਨਾਸ਼ਕਾਂ ਦੀ ਵਿਕਰੀ ਕੀਤੀ ਜਾਂਦੀ ਹੈ, ਉਨ੍ਹਾਂ ਵਿਰੁੱਧ ਇੰਨਸੈਕਟੀਸਾਈਡ ਐਕਟ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਸ ਸਬੰਧੀ ਵਿਭਾਗ ਵੱਲੋਂ ਕਿਸਾਨ ਸਿਖਲਾਈ ਕੈਂਪਾਂ, ਨੁੱਕੜ ਮੀਟਿੰਗਾਂ ਅਤੇ ਵਰਚੁਅਲ ਮੇਲਿਆਂ ਦੌਰਾਨ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

English






