ਜਿਲ੍ਹਾ ਸਿਹਤ ਵਿਭਾਗ ਫ਼ਾਜ਼ਿਲਕਾ ਵੱਲੋਂ ਵਿਸ਼ਵ ਖੂਨਦਾਨੀ ਦਿਵਸ ਤੇ ਸਿਵਲ ਹਸਪਤਾਲ ਅਬੋਹਰ ਵਿਖੇ ਕੀਤਾ ਜਾਗਰੂਕਤਾ ਅਤੇ ਸਨਮਾਨਿਤ ਸਮਾਗਮ।

क्षमा करें, यह समाचार आपके अनुरोध की भाषा में उपलब्ध नहीं है। कृपया यहाँ देखें।

ਫਾਜ਼ਿਲਕਾ, 14 ਜੂਨ 2025
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜ਼ਿਲਕਾ ਦੀ ਉਚੇਚੀ ਨਿਗਰਾਨੀ ਵਿੱਚ ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਦੀ ਪ੍ਰਧਾਨਗੀ ਵਿੱਚ ਅੱਜ ਵਿਸ਼ਵ ਖੂਨਦਾਨੀ ਦਿਵਸ ਤੇ “ਖੂਨ ਦਿਓ, ਉਮੀਦ ਦਿਓ: ਇਕੱਠੇ ਅਸੀਂ ਜਾਨਾਂ ਬਚਾਉਂਦੇ ਹਾਂ” ਥੀਮ ਹੇਠ ਸਿਵਲ ਹਸਪਤਾਲ ਅਬੋਹਰ ਵਿਖੇ ਜਾਗਰੂਕਤਾ ਅਤੇ ਸਨਮਾਨਿਤ ਸਮਾਗਮ ਕੀਤਾ ਗਿਆ। ਇਸ ਸਮੇਂ ਡਾਕਟਰ ਸਨਮਾਨ ਮਾਝੀ, ਡਾਕਟਰ ਗਗਨਦੀਪ ਸਿੰਘ, ਡਾਕਟਰ ਦੀਕਸ਼ੀ ਬੱਬਰ, ਮਾਸ ਮੀਡੀਆ ਵਿੰਗ ਤੋ ਵਿਨੋਦ ਖੁਰਾਣਾ, ਮਨਬੀਰ ਸਿੰਘ, ਦਿਵੇਸ਼ ਕੁਮਾਰ, ਟਹਿਲ ਸਿੰਘ, ਸਮਸ਼ੇਰ ਸਿੰਘ, ਕ੍ਰਿਸ਼ਨ ਕੁਮਾਰ, ਸਿਮਰਜੀਤ ਕੌਰ, ਸਾਗਰ ਵਰਮਾ, ਭਾਗੀਰਥ, ਨਰੇਸ਼ ਕੁਮਾਰ ਨੇ ਸਮੂਲੀਅਤ ਕੀਤੀ।
ਇਸ ਸਮੇਂ ਡਾਕਟਰ ਰੋਹਿਤ ਗੋਇਲ ਵੱਲੋਂ ਅਬੋਹਰ ਦੀਆਂ ਖੂਨਦਾਨ ਸੁਸਾਇਟੀਆਂ, ਸਵੈ ਸੇਵੀ ਸੰਸਥਾਵਾਂ ਅਤੇ ਸਟਾਰ ਡੋਨਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਡਾਕਟਰ ਰੋਹਿਤ ਗੋਇਲ ਨੇ ਦੱਸਿਆ ਕਿ ਹਰੇਕ ਸਾਲ 14 ਜੂਨ ਨੂੰ ਵਿਸ਼ਵ ਖੂਨਦਾਨੀ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਮਨਾਉਣ ਦਾ ਮਕਸਦ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕਰਨਾ, ਖੂਨਦਾਨ ਦੀ ਮਹੱਤਤਾ ਦੱਸਣਾ, ਖੂਨਦਾਨੀਆਂ ਅਤੇ ਖੂਨਦਾਨ ਕੈਂਪ ਲਗਾਉਣ ਵਾਲੀਆਂ ਸਵੈ ਸੇਵੀ ਸੰਸਥਾਵਾਂ ਨੂੰ ਸਨਮਾਨਿਤ ਕਰਨਾ ਅਤੇ ਖੂਨਦਾਨ ਕੈਂਪ ਲਗਾਉਣਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਨੇਕ ਕਾਰਜ ਵਿੱਚ ਆਪਣਾ ਹਿੱਸਾ ਪਾਉਣ ਲਈ ਆਪਣਾ ਖੂਨ ਦਾਨ ਜਰੂਰ ਕਰੋ। ਉਹਨਾਂ ਦੱਸਿਆ ਕਿ 18 ਤੋਂ 65 ਸਾਲ ਤੱਕ ਦਾ ਹਰੇਕ ਵਿਅਕਤੀ ਜਿਸ ਦਾ ਭਾਰ 50 ਕਿਲੋ ਤੋਂ ਜ਼ਿਆਦਾ ਅਤੇ ਹੀਮੋਗਲੋਬਿਨ 12  ਗ੍ਰਾਮ ਤੋਂ ਜ਼ਿਆਦਾ ਹੈ, ਖੂਨਦਾਨ ਕਰ ਸਕਦਾ ਹੈ। ਕੈਂਸਰ, ਦਿਲ ਦੀ ਬਿਮਾਰੀ, ਗੁਰਦੇ ਦੀ ਬਿਮਾਰੀ, ਮਿਰਗੀ, ਹੈਪਾਟਾਈਟਸ—ਬੀ, ਹੈਪਾਟਾਈਟਸ—ਸੀ ਅਤੇ ਏਡਜ਼ ਦੇ ਮਰੀਜ਼ ਖੂਨਦਾਨ ਨਹੀਂ ਕਰ ਸਕਦੇ।
ਡਾਕਟਰ ਦੀਕਸ਼ੀ ਬੱਬਰ ਬੀ.ਟੀ.ਓ. ਨੇ ਦੱਸਿਆ ਕਿ ਖੂਨਦਾਨ ਸੋਸਾਇਟੀਆਂ ਅਤੇ ਸਟਾਰ ਡੋਨਰ ਪਹਿਲਾਂ ਵੀ ਸਿਹਤ ਵਿਭਾਗ ਦੇ ਪਹਿਲੇ ਸੱਦੇ ਤੇ ਖੂਨਦਾਨ ਕਰਨ ਲਈ ਆ ਰਹੀਆਂ ਹਨ ਅਤੇ ਅੱਗੇ ਤੋਂ ਵੀ ਸਹਿਯੋਗ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਵੱਖ ਵੱਖ ਨਾਜ਼ੁਕ ਹਾਲਤਾਂ ਜਿਵੇਂ ਦੁਰਘਟਨਾ, ਬੱਚੇ ਦੀ ਜਨਮ, ਥੈਲੇਸੀਮੀਆ ਅਤੇ ਕੈਂਸਰ ਆਦਿ ਬਿਮਾਰੀਆਂ ਵਿੱਚ ਖੂਨ ਦੀ ਜਰੂਰਤ ਨੂੰ ਗੰਭੀਰਤਾ ਨਾਲ ਮਹਿਸੂਸ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਤੰਦਰੁਸਤ ਮਰਦ ਹਰੇਕ 3 ਮਹੀਨੇ ਅਤੇ ਔਰਤ 4 ਮਹੀਨੇ ਬਾਅਦ ਖੂਨ ਦਾਨ ਕਰ ਸਕਦਾ ਹੈ। ਉਹਨਾਂ ਕਿਹਾ ਕਿ ਕਦੇ ਵੀ ਖਾਲੀ ਪੇਟ ਖੂਨ ਦਾਨ ਨਹੀਂ ਕਰਨਾ ਚਾਹੀਦਾ ਹੈ ਅਤੇ ਖੂਨ ਦਾਨ ਕਰਨ ਤੋਂ ਬਾਅਦ ਕੋਈ ਵੀ ਰੀਫਰੈਸ਼ਮੈਂਟ ਲੈ ਲੈਣੀ ਚਾਹੀਦੀ ਹੈ। ਉਹਨਾਂ ਸਮੂਹ ਡੋਨਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਸਿਹਤ ਵਿਭਾਗ ਦਾ ਸਹਿਯੋਗ ਦੇਣ ਤੇ ਤਹਿ ਦਿਲ ਤੋਂ ਧੰਨਵਾਦ ਕੀਤਾ। ਇਸ ਸਮੇਂ ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫਸਰ ਮਨਬੀਰ ਸਿੰਘ ਡਿਪਟੀ ਮਾਸ ਮੀਡੀਆ ਅਫਸਰ, ਟਹਿਲ ਸਿੰਘ ਅਤੇ ਸਮਸ਼ੇਰ ਸਿੰਘ ਨੇ ਵੀ ਜਾਣਕਾਰੀ ਸਾਂਝੀ ਕੀਤੀ।